ਚੋਰਾਂ ਦਾ ਕਾਰਨਾਮਾ, ਮੰਦਰ 'ਚੋਂ ਮੂਰਤੀਆਂ ਚੋਰੀ ਕਰਦੇ ਸੀ.ਸੀ.ਟੀ.ਵੀ. 'ਚ ਕੈਦ (ਵੀਡੀਓ)
Tuesday, Jan 28, 2020 - 11:28 AM (IST)
ਨਾਭਾ (ਰਾਹੁਲ): ਦਿਨੋਂ-ਦਿਨ ਚੋਰੀਆਂ ਦੀਆਂ ਵਾਰਦਾਤਾਂ 'ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਤਸਵੀਰਾਂ ਨਾਭਾ ਦੇ ਭਾਦਸੋਂ ਇਲਾਕੇ ਦੀਆਂ ਹਨ, ਜਿਥੇ ਹਰੀਹਰ ਪ੍ਰਾਚੀਨ ਮੰਦਰ 'ਚੋਂ ਦਿਨੇ-ਦੁਪਹਿਰੇ ਚੋਰ ਮੂਰਤੀਆਂ ਤੋਂ ਮੁਕਟ ਚੋਰੀ ਕਰਕੇ ਲੈ ਗਏ। ਚੋਰਾਂ ਦੀ ਇਹ ਕਰਤੂਤ ਮੰਦਰ 'ਚ ਚੱਲੇ ਕੈਮਰੇ 'ਚ ਕੈਦ ਹੋ ਗਈ। ਤਸਵੀਰਾਂ 'ਚ ਵੇਖ ਸਕਦੇ ਹੋ ਕਿ 15-16 ਸਾਲ ਦਾ ਇਕ ਲੜਕਾ, ਇਕ ਔਰਤ ਨਾਲ ਮੰਦਰ 'ਚ ਦਾਖਲ ਹੁੰਦਾ ਹੈ। ਦੋਵੇਂ ਮੱਥਾ ਟੇਕਦੇ ਹਨ ਤੇ ਕੁਝ ਪਲ ਬੈਠਣ ਮਗਰੋਂ ਅੰਦਰ ਹਨੂੰਮਾਨ ਜੀ ਤੇ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਕੋਲ ਜਾ ਖਲੋਂਦੇ ਹਨ। ਮੌਕਾ ਦੇਖ ਕੇ ਔਰਤ ਆਪਣੀ ਟੋਪੀ ਨਾ ਕੈਮਰੇ ਨੂੰ ਢੱਕ ਦਿੰਦੀ ਹੈ ਤੇ ਹਨੂੰਮਾਨ ਜੀ ਦੀ ਮੂਰਤੀ ਤੋਂ ਚਾਂਦੀ ਦਾ ਮੁਕਟ ਲਾਹ ਲੈਂਦੀ ਹੈ। ਇਸੇ ਤਰ੍ਹਾਂ ਗਣੇਸ਼ ਜੀ ਦੀ ਮੂਰਤੀ ਤੋਂ ਵੀ ਮੁਕਟ ਉਤਾਰਦੀ ਹੈ ਜਦਕਿ ਮਾਂ ਪਾਰਵਤੀ ਦਾ ਮੁਕਟ ਲਾਹੁਣ 'ਚ ਸਫਲ ਨਹੀਂ ਹੋ ਪਾਉਂਦੀ। ਇਸ ਤੋਂ ਬਾਅਦ ਦੋਵੇਂ ਬਾਹਰ ਮੋਟਰਸਾਈਕਲ 'ਤੇ ਖੜ੍ਹੇ ਆਪਣੇ ਸਾਥੀ ਨਾਲ ਫਰਾਰ ਹੋ ਜਾਂਦੇ ਹਨ। ਚੋਰੀ ਦਾ ਪਤਾ ਉਦੋਂ ਲੱਗਾ, ਜਦੋਂ ਬਾਹਰ ਪ੍ਰੋਗਰਾਮ 'ਤੇ ਗਿਆ ਪੰਡਿਤ ਵਾਪਸ ਮੰਦਰ ਆਇਆ ਤੇ ਮੁਕਟ ਗਾਇਬ ਵੇਖ ਕੇ ਮੰਦਰ ਕਮੇਟੀ ਦੇ ਪ੍ਰਧਾਨ ਨੂੰ ਸੂਚਨਾ ਦਿੱਤੀ।
ਅੱਜ ਦੇ ਸਮੇਂ 'ਚ ਇਨਸਾਨ ਇਸ ਕਦਰ ਖੁਦਗਰਜ਼ ਹੋ ਗਿਆ ਹੈ ਕਿ ਰੱਬ ਦੇ ਘਰ ਨੂੰ ਵੀ ਹੱਥ ਸਾਫ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਖੈਰ ਪੁਲਸ ਵਲੋਂ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।