ਦਿਨੋ-ਦਿਨ ਘਟਦਾ ਜਾ ਰਿਹੈ ਧਰਤੀ ਹੇਠਲੇ ਪਾਣੀ ਦਾ ਪੱਧਰ
Thursday, Nov 29, 2018 - 12:55 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ‘ਤੀਸਰਾ ਵਿਸ਼ਵ ਯੁੱਧ ਹੁਣ ਪਾਣੀ ਨੂੰ ਲੈ ਕੇ ਹੋਵੇਗਾ’ ਵਿਗਿਆਨੀਆਂ ਅਤੇ ਚਿੰਤਕਾਂ ਦੀ ਇਹ ਭਵਿੱਖਵਾਣੀ ਸੱਚ ਹੁੰਦੀ ਨਜ਼ਰ ਆਉਂਦੀ ਹੈ। ਧਰਤੀ ਉੱਪਰ ਪਾਣੀ ਦਾ ਸੰਕਟ ਅਤੇ ਘਾਟ ਵਧਦੀ ਜਾ ਰਹੀ ਹੈ ਤੇ ਜੋ ਪਾਣੀ ਦਰਿਆਵਾਂ ਨਦੀਆਂ ਨਾਲਿਆਂ ਵਿਚ ਵਹਿੰਦਾ ਹੈ ਉਹ ਦਿਨੋ-ਦਿਨ ਪ੍ਰਦੂੁਸ਼ਿਤ ਹੁੰਦਾ ਜਾ ਰਿਹਾ ਹੈ। ਇਹ ਵਿਚਾਰ ‘ਪਾਣੀ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫਰਜ਼’ ਬਾਰੇ ਚਰਚਾ ਸ਼ੁਰੂ ਕਰਦਿਆਂ ਮਦਰ ਟੀਚਰ ਸਕੂਲ ਦੇ ਚੇਅਰਮੈਨ ਕਪਿਲ ਮਿੱਤਲ ਨੇ ਵਿਅਕਤ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਮਾਂ ਰਹਿੰਦਿਆਂ ਪਾਣੀ ਦੇ ਡਿੱਗਦੇ ਪੱਧਰ, ਆਲਮੀ ਤਪਸ਼ ਕਾਰਨ ਧਰਤੀ ’ਤੇ ਵਧ ਰਹੀ ਗਰਮੀ ਅਤੇ ਹਵਾ-ਪਾਣੀ ਦੇ ਪ੍ਰਦੂਸ਼ਿਤ ਹੋਣ ਵੱਲ ਧਿਆਨ ਨਾ ਦਿੱਤਾ ਤਾਂ ਪਸ਼ੂ, ਪੰਛੀ ਹੀ ਨਹੀਂ ਮਨੁੱਖੀ ਜੀਵਨ ਵੀ ਖਤਰੇ ’ਚ ਪੈ ਜਾਵੇਗਾ।
ਸੰਤ ਸੀਚੇਵਾਲ ਵੱਲੋਂ ਦਿੱਤੀ ਸੇਧ ਨੂੰ ਅੱਗੇ ਤੋਰਨਾ ਚਾਹੀਦੈ : ਜੱਸਾ ਸਿੱਧੂ
ਸਮਾਜ ਸੇਵੀ ਜੱਸਾ ਸਿੱਧੂ ਨੇ ਕਿਹਾ ਕਿ ਇਕ ਪਾਸੇ ਪੰਜਾਬ ਵਿਚ ਪਾਣੀ ਦਾ ਪੱਧਰ ਦਿਨੋ-ਦਿਨ ਘਟਦਾ ਜਾ ਰਿਹਾ ਹੈ । ਸੰਤ ਬਲਵੀਰ ਸਿੰਘ ਸੀਚੇਵਾਲ ਵਾਲਿਆਂ ਨੇ ਪਵਿੱਤਰ ਕਾਲੀ ਵੇਈਂ ਨਦੀ ਨੂੰ ਸਾਫ਼ ਕਰ ਕੇ ਜੋ ਸਾਨੂੰ ਸੇਧ ਦਿੱਤੀ, ਉਸ ਨੂੰ ਅੱਗੇ ਤੋਰਨਾ ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ।
ਇਕ ਦਿਨ ਸਾਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈ ਜਾਵੇਗਾ : ਸਾਹੌਰੀਆ
ਕੁਲਦੀਪ ਸਾਹੌਰੀਆ ਨੇ ਕਿਹਾ ਕਿ ਪਾਣੀ ਦੀ ਬਰਬਾਦੀ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਉਹ ਲੋਕ ਜ਼ਿਆਦਾ ਜ਼ਿੰਮੇਵਾਰ ਹਨ ਜੋ ਘਰੇਲੂ ਵਰਤੋਂ ਸਮੇਂ ਪਾਣੀ ਦੀ ਬਹੁਤਾਂਤ ਵਿਚ ਬਰਬਾਦੀ ਕਰਦੇ ਹਨ। ਇਸ ਬਰਬਾਦੀ ਕਾਰਨ ਹੀ ਇਕ ਦਿਨ ਸਾਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈ ਜਾਵੇਗਾ।
ਪ੍ਰਦੂਸ਼ਣ ਕਾਰਨ ਪੰਛੀਆਂ ਦੀਅਾਂ ਬਹੁਤੀਆਂ ਪ੍ਰਜਾਤੀਆਂ ਖ਼ਤਮ ਹੋ ਗਈਆਂ ਹਨ : ਸਿੰਗਲਾ
ਸਬਜ਼ੀ ਮੰਡੀ ਐਸੋ. ਦੇ ਪ੍ਰਧਾਨ ਪ੍ਰਦੀਪ ਸਿੰਗਲਾ ਨੇ ਕਿਹਾ ਕਿ ਭਾਵੇਂ ਧਰਤੀ ਉੱਪਰ 70 ਫੀਸਦੀ ਤੋਂ ਵੱਧ ਸਮੁੰਦਰੀ ਪਾਣੀ ਹੈ ਪਰ ਜ਼ਮੀਨ ਉੱਪਰ ਇਸ ਦੀ ਮਾਤਰਾ 27 ਫੀਸਦੀ ਹੀ ਹੈ ਤੇ ਉਸ ਵਿਚ ਵੀ ਬਹੁਤਾ ਪਾਣੀ ਫੈਕਟਰੀਆਂ ਵੱਲੋਂ ਜ਼ਹਿਰੀਲੇ ਰਸਾਇਣਾਂ ਨੂੰ ਪਾਣੀ ਵਿਚ ਘੋਲ ਕੇ ਜ਼ਹਿਰੀਲਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਹੋ ਕਾਰਨ ਹੈ ਕਿ ਅੱਜ ਪੰਛੀਆਂ ਦੀਅਾਂ ਬਹੁਤੀਆਂ ਪ੍ਰਜਾਤੀਆਂ ਖ਼ਤਮ ਹੋ ਗਈਆਂ ਹਨ ਤੇ ਕੁਝ ਖ਼ਤਮ ਹੋਣ ਦੇ ਕਾਗਾਰ ’ਤੇ ਹਨ ਅਤੇ ਸਾਨੂੰ ਵੀ ਕੈਂਸਰ, ਦਮਾ ਆਦਿ ਦੀਆਂ ਅਣਚਾਹੀਆਂ ਬੀਮਾਰੀਆਂ ਘੇਰਨ ਲੱਗੀਆਂ ਹੋਈਆਂ ਹਨ।
... ਤਾਂ ਸ਼ੁੱਧ ਪਾਣੀ ਦੀ ਘਾਟ ਲਡ਼ਾਈ-ਝਗਡ਼ੇ ਅਤੇ ਜੰਗਾਂ, ਯੁੱਧਾਂ ਤੱਕ ਫੈਲ ਜਾਵੇਗੀ : ਗਰਗ
ਸਮਾਜ ਸੇਵੀ ਕੁਸੁਮ ਗਰਗ ਨੇ ਕਿਹਾ ਕਿ ਜੇਕਰ ਅਸੀਂ ਸਮਾਂ ਰਹਿੰਦਿਆਂ ਪਾਣੀ ਵਰਗੀ ਅਣਮੋਲ ਦਾਤ ਵੱਲ ਧਿਆਨ ਨਾ ਦਿੱਤਾ ਤਾਂ ਅਾਉਣ ਵਾਲੀ ਪੀੜ੍ਹੀ ਪਾਣੀ ਨੂੰ ਤਰਸੇਗੀ। ਉਨ੍ਹਾਂ ਕਿਸਾਨਾਂ ਨੂੰ ਵੱਧ ਪਾਣੀ ਦੀ ਖਪਤ ਵਾਲੀਆਂ ਫਸਲਾਂ ਦੇ ਰਵਾਇਤੀ ਚੱਕਰ ਵਿਚੋਂ ਨਿਕਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਇਸ ਵੱਲ ਧਿਆਨ ਨਾ ਦਿੱਤਾ ਤਾਂ ਸ਼ੁੱਧ ਪਾਣੀ ਦੀ ਘਾਟ ਲਡ਼ਾਈ-ਝਗਡ਼ੇ ਅਤੇ ਜੰਗਾਂ ਯੁੱਧਾਂ ਤੱਕ ਫੈਲ ਜਾਵੇਗੀ।
...ਤਾਂ ਆਉਣ ਵਾਲੀਆਂ ਪੀਡ਼੍ਹੀਆਂ ਦਾ ਭਵਿੱਖ ਖਤਰੇ ’ਚ : ਮਨੀਸ਼
ਸਮਾਜ ਸੇਵੀ ਮਨੀਸ਼ ਕੁਮਾਰ ਰਾਮਾ ਕ੍ਰਿਸ਼ਨਾ ਜਿਊਲਰਜ਼ ਨੇ ਕਿਹਾ ਕਿ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਆਪਣਾ ਫਰਜ਼ ਪਛਾਣ ਕੇ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਸਾਡਾ ਸਭਨਾਂ ਦਾ ਸਾਂਝਾ ਫਰਜ਼ ਹੈ। ਜੇਕਰ ਅਸੀਂ ਇਸ ਫਰਜ਼ ਦੀ ਪਛਾਣ ਨਾ ਕੀਤੀ ਤਾਂ ਆਉਣ ਵਾਲੀਆਂ ਪੀਡ਼੍ਹੀਆਂ ਦਾ ਭਵਿੱਖ ਕਿੰਨਾ ਖ਼ਤਰੇ ਵਿਚ ਪੈ ਜਾਵੇਗਾ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।