ਜਲੰਧਰ ਦੇ ਇਸ ਮੇਨ ਚੌਂਕ ਵੱਲ ਆਉਣ ਵਾਲੇ ਦੇਣ ਧਿਆਨ! ਚੁੱਕਿਆ ਜਾ ਰਿਹੈ ਵੱਡਾ ਕਦਮ
Saturday, Jul 12, 2025 - 04:35 PM (IST)

ਜਲੰਧਰ (ਖੁਰਾਣਾ)–ਸ਼ਹਿਰ ਦੇ ਸੁੰਦਰੀਕਰਨ ਅਤੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਲਈ ਪੁਰਾਣੀ ਸਬਜ਼ੀ ਮੰਡੀ ਚੌਕ (ਨੇੜੇ ਪਟੇਲ ਚੌਕ) ਤੋਂ ਬਿਧੀਪੁਰ ਫਾਟਕ ਤਕ ਜੀ. ਟੀ. ਰੋਡ ’ਤੇ 8 ਕਿਲੋਮੀਟਰ ਲੰਬਾ ਗ੍ਰੀਨ ਕਾਰੀਡੋਰ ਬਣਾਇਆ ਜਾਵੇਗਾ। ਜਲੰਧਰ ਸਮਾਰਟ ਸਿਟੀ ਕੰਪਨੀ ਨੇ ਇਸ ਪ੍ਰਾਜੈਕਟ ਲਈ ਜੰਗਲਾਤ ਵਿਭਾਗ ਨੂੰ 5.55 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਹਨ। ਇਸ ਪ੍ਰਾਜੈਕਟ ਤਹਿਤ ਸੜਕ ਦੇ ਦੋਵੇਂ ਪਾਸੇ ਗ੍ਰੀਨ ਬੈਲਟ ਦਾ ਸੁੰਦਰੀਕਰਨ ਕੀਤਾ ਜਾਵੇਗਾ, ਜਿਸ ਵਿਚ ਬੂਟੇ ਲਾਉਣ, ਗਜੇਬੋ, ਚਿਲਡਰਨ ਪਲੇਅ ਏਰੀਆ, ਵਾਕਿੰਗ ਟ੍ਰੈਕ, ਬੈਂਚ, ਐੱਲ. ਈ. ਡੀ. ਲਾਈਟਾਂ ਅਤੇ ਸਾਈਨੇਜ ਲਾਏ ਜਾਣਗੇ। ਪ੍ਰਾਜੈਕਟ 12 ਮਹੀਨਿਆਂ ਵਿਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਜੰਗਲਾਤ ਵਿਭਾਗ ਜਲਦ ਇਸ ’ਤੇ ਕੰਮ ਸ਼ੁਰੂ ਕਰਵਾਉਣ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab:ਕੋਠੀ 'ਚ ਕੰਮ ਕਰਦੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਕਮਰੇ ਦੇ ਅੰਦਰਲਾ ਹਾਲ ਵੇਖ ਸਹਿਮੇ ਲੋਕ
ਮੇਅਰ ਵਿਨੀਤ ਧੀਰ ਜਿਨ੍ਹਾਂ ਪਿਛਲੇ 6 ਮਹੀਨਿਆਂ ਤੋਂ ਸ਼ਹਿਰ ਦੀ ਕਮਾਨ ਸੰਭਾਲੀ ਹੋਈ ਹੈ, ਨੇ ਇਸ ਪ੍ਰਾਜੈਕਟ ਨੂੰ ਅਮਲੀ ਰੂਪ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨਾਲ ਨਿਗਮ ਕਮਿਸ਼ਨਰ ਗੌਤਮ ਜੈਨ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਵੀ ਸ਼ਲਾਘਾਯੋਗ ਹਿੱਸੇਦਾਰੀ ਰਹੀ। ਹਾਲ ਹੀ ਵਿਚ ਪੰਜਾਬ ਸਰਕਾਰ ਨੇ ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਸੀ ਅਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਗ੍ਰੀਨ ਕਾਰੀਡੋਰ ਪ੍ਰਾਜੈਕਟ ਸ਼ਹਿਰ ਦੇ ਵਿਕਾਸ ਵਿਚ ਇਕ ਹੋਰ ਮੀਲ ਦਾ ਪੱਥਰ ਸਾਬਿਤ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਖੜ੍ਹੀ ਹੋਈ ਨਵੀਂ ਮੁਸੀਬਤ
ਬਹੁਤ ਖ਼ਸਤਾਹਾਲ ਸਥਿਤੀ ਵਿਚ ਹੈ ਸ਼ਹਿਰ ਦਾ ਇਹ ਮੇਨ ਐਂਟਰੀ ਪੁਆਇੰਟ
ਪਟੇਲ ਚੌਕ ਤੋਂ ਮਕਸੂਦਾਂ, ਸੂਰਾਨੁੱਸੀ ਰੋਡ ਹੁੰਦੇ ਹੋਏ ਬਿਧੀਪੁਰ ਫਾਟਕ ਤਕ ਫੈਲੀ ਇਸ ਗ੍ਰੀਨ ਬੈਲਟ ਦੀ ਸਥਿਤੀ ਸਾਲਾਂ ਤੋਂ ਬਹੁਤ ਖਰਾਬ ਹਾਲਤ ਵਿਚ ਹੈ। ਇਸ ਇਲਾਕੇ ਵਿਚ ਥਾਂ-ਥਾਂ ਨਾਜਾਇਜ਼ ਕਬਜ਼ੇ, ਫਰੂਟ ਮੰਡੀ, ਦੁਕਾਨਾਂ ਦਾ ਅਣਅਧਿਕਾਰਤ ਨਿਰਮਾਣ ਅਤੇ ਜੰਗਲ ਵਰਗੇ ਹਾਲਾਤ ਹਨ। ਖ਼ਾਸ ਕਰਕੇ ਐੱਚ. ਐੱਮ. ਵੀ. ਕਾਲਜ ਅਤੇ ਮਕਸੂਦਾਂ ਸਬਜ਼ੀ ਮੰਡੀ ਦੇ ਆਲੇ-ਦੁਆਲੇ ਦੀ ਗ੍ਰੀਨ ਬੈਲਟ ’ਤੇ ਕਬਜ਼ਿਆਂ ਅਤੇ ਗੰਦਗੀ ਦੀ ਸਮੱਸਿਆ ਗੰਭੀਰ ਹੈ। ਇਹ ਸੜਕ ਅੰਮ੍ਰਿਤਸਰ ਅਤੇ ਕਰਤਾਰਪੁਰ ਤੋਂ ਜਲੰਧਰ ਆਉਣ ਦਾ ਪ੍ਰਮੁੱਖ ਐਂਟਰੀ ਪੁਆਇੰਟ ਹੈ ਪਰ ਗ੍ਰੀਨ ਬੈਲਟ ਦੀ ਬਦਹਾਲੀ ਸ਼ਹਿਰ ਦੇ ਅਕਸ ਨੂੰ ਧੁੰਦਲਾ ਕਰਦੀ ਰਹੀ ਹੈ।
ਨਿਗਮ ਚੋਣਾਂ ਦੌਰਾਨ ਉੱਠਿਆ ਸੀ ਮੁੱਦਾ
ਇਸ ਸਾਲ ਦੇ ਸ਼ੁਰੂ ਵਿਚ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਡਿਪਟੀ ਕਮਿਸ਼ਨਰ ਅਤੇ ਨਿਗਮ ਕਮਿਸ਼ਨਰ ਨੇ ਇਸ ਇਲਾਕੇ ਦੀ ਬਦਹਾਲ ਸਥਿਤੀ ’ਤੇ ਧਿਆਨ ਦਿੱਤਾ। ਪਟੇਲ ਚੌਕ ਨੇੜੇ ਟਰਾਂਸਪੋਰਟ ਕੰਪਨੀਆਂ ਦੇ ਸਾਹਮਣੇ, ਐੱਚ. ਐੱਮ. ਵੀ. ਕਾਲਜ ਰੋਡ ਅਤੇ ਮਕਸੂਦਾਂ ਸਬਜ਼ੀ ਮੰਡੀ ਤੋਂ ਬਿਧੀਪੁਰ ਫਾਟਕ ਤਕ ਗ੍ਰੀਨ ਬੈਲਟ ਦੀ ਦੁਰਦਸ਼ਾ ਨੂੰ ਵੇਖਦੇ ਹੋਏ ਜ਼ਿਲ੍ਹਾ ਜੰਗਲਾਤ ਅਫ਼ਸਰ ਨਾਲ ਚਰਚਾ ਕੀਤੀ ਗਈ। ਇਸ ਤੋਂ ਬਾਅਦ ਇਸ ਗ੍ਰੀਨ ਕਾਰੀਡੋਰ ਪ੍ਰਾਜੈਕਟ ਦੀ ਨੀਂਹ ਰੱਖੀ ਗਈ।
ਇਹ ਵੀ ਪੜ੍ਹੋ: ...ਤਾਂ ਬੰਦ ਕਰ ਦਿੱਤਾ ਜਾਵੇਗਾ ਪੂਰਾ ਜਲੰਧਰ, ਫਗਵਾੜਾ ਗੇਟ ਤੋਂ ਸ਼ੁਰੂਆਤ, ਜਾਣੋ ਕੀ ਹੈ ਵਜ੍ਹਾ
ਇਸ ਪ੍ਰਾਜੈਕਟ ਦਾ ਸਭ ਤੋਂ ਵੱਡੀ ਟੀਚਾ ਗ੍ਰੀਨ ਬੈਲਟ ਤੋਂ ਨਾਜਾਇਜ਼ ਕਬਜ਼ੇ ਹਟਾਉਣਾ ਅਤੇ ਇਲਾਕੇ ਨੂੰ ਸੁੰਦਰ ਤੇ ਲਾਹੇਵੰਦ ਬਣਾਉਣਾ ਹੈ। ਸਥਾਨਕ ਉਦਯੋਗਿਕ ਇਕਾਈਆਂ ਨੂੰ ਵੀ ਜੰਗਲ ਵਰਗੇ ਹਾਲਾਤ ਅਤੇ ਗੰਦਗੀ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਕਬਜ਼ੇ ਹਟਾਉਣ ਦਾ ਕੰਮ ਕਦੋਂ ਸ਼ੁਰੂ ਹੋਵੇਗਾ ਅਤੇ ਇਹ ਪ੍ਰਾਜੈਕਟ ਤੈਅ ਸਮੇਂ ਵਿਚ ਪੂਰਾ ਹੋ ਕੇ ਸ਼ਹਿਰ ਦੀ ਸੂਰਤ ਕਿਵੇਂ ਬਦਲੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰਾਜੈਕਟ ਨਾ ਸਿਰਫ ਜਲੰਧਰ ਦੀ ਸੁੰਦਰਤਾ ਨੂੰ ਵਧਾਵੇਗਾ, ਸਗੋਂ ਸ਼ਹਿਰ ਵਾਸੀਆਂ ਨੂੰ ਸਵੱਛ ਅਤੇ ਹਰਿਆ-ਭਰਿਆ ਵਾਤਾਵਰਣ ਵੀ ਮੁਹੱਈਆ ਕਰੇਗਾ।
ਇਹ ਵੀ ਪੜ੍ਹੋ: Punjab: 24 ਜੁਲਾਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਝਲਣੀ ਪਵੇਗੀ ਵੱਡੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e