ਮਾਮਲਾ 7 ਲੱਖ 50 ਹਜ਼ਾਰ ਰੁਪਏ ਦੀ ਲੁੱਟ ਦਾ, ਫਾਇਨਾਂਸਰਾਂ ਤੋਂ ਬਚਣ ਲਈ ਰਚੀ ਸੀ ਸਾਜ਼ਿਸ਼

Thursday, Dec 27, 2018 - 04:54 AM (IST)

ਮਾਮਲਾ 7 ਲੱਖ 50 ਹਜ਼ਾਰ ਰੁਪਏ ਦੀ ਲੁੱਟ ਦਾ, ਫਾਇਨਾਂਸਰਾਂ ਤੋਂ ਬਚਣ ਲਈ ਰਚੀ ਸੀ ਸਾਜ਼ਿਸ਼

ਪਟਿਆਲਾ, (ਬਲਜਿੰਦਰ,ਜੋਸਨ)- ਦੋ ਦਿਨ ਪਹਿਲਾਂ ਦੇਵੀਗਡ਼੍ਹ ਰੋਡ ’ਤੇ ਬੱਸ ਸਟੈਂਡ ਨੈਣਾ ਅਕੌਤ ਕੋਲ 7 ਲੱਖ 50 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਪਟਿਆਲਾ ਪੁਲਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਅਨੁਸਾਰ ਲੁਟੇਰਾ ਕੋਈ ਹੋਰ ਨਹੀਂ ਸਗੋਂ ਖੁਦ ਸ਼ਿਕਾਇਤਕਰਤਾ ਹੀ ਨਿਕਲਿਆ। ਉਸ ਨੇ ਫਾਇਨਾਂਸਰਾਂ ਤੋਂ ਬਚਣ ਲਈ ਇਹ ਸਾਜ਼ਿਸ਼ ਰਚੀ ਪਰ ਡੀ. ਐੈੱਸ. ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਅਤੇ ਐੈੱਸ. ਐੈੱਚ. ਓ. ਸਨੌਰ ਗੁਰਿੰਦਰ ਸਿੰਘ ਬੱਲ ਵੱਲੋਂ ਕੀਤੀ ਤਫਤੀਸ਼ ਵਿਚ ਸਾਰਾ ਸ਼ੀਸ਼ਾ ਸਾਫ ਹੋ ਗਿਆ। 
   ਜਾਣਕਾਰੀ ਦਿੰਦਿਆਂ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਨੂੰ ਹੀ ਇਸ ਕੇਸ ਵਿਚ ਕਥਿਤ ਦੋਸ਼ੀ ਬਣਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਇਸ ਸਾਜ਼ਿਸ਼ ਦੀਆਂ ਹੋਰ ਪਰਤਾਂ ਵੀ ਖੋਲ੍ਹੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 2 ਦਿਨ ਪਹਿਲਾਂ ਸੁਖਵਿੰਦਰ ਸਿੰਘ ਪੁੱਤਰ ਮੁਲਖਾ ਰਾਮ ਵਾਸੀ ਡੀ. ਐੈੱਮ. ਡਬਲਿਊ. ਕਾਲੋਨੀ ਪਟਿਆਲਾ ਨੇ ਥਾਣਾ ਸਨੌਰ ਦੀ ਪੁਲਸ ਨੂੰ ਸੂਚਨਾ ਦਿੱਤੀ ਕਿ ਉਹ ਆਪਣੀ ਕਾਰ ਵਿਚ ਆਪਣੀ ਪਤਨੀ ਬੇਅੰਤ ਕੌਰ ਤੇ ਗੁਆਂਢਣ ਲੀਲਾ ਦੇਵੀ ਸਮੇਤ ਗੁਰਦੁਆਰਾ ਇਸਰਾਣਾ ਸਾਹਿਬ ਜ਼ਿਲਾ ਪਾਣੀਪਤ ਵਿਖੇ ਮੱਥਾ ਟੇਕਣ ਗਏ ਸਨ। ਵਾਪਸ ਆਉਂਦੇ ਹੋਏ ਆਪਣੇ 2 ਰਿਸ਼ਤੇਦਾਰਾਂ ਤੋਂ 7 ਲੱਖ 50 ਹਜ਼ਾਰ ਰੁਪਏ ਦੀ ਰਕਮ ਲੈ ਕੇ ਪਟਿਆਲਾ ਨੂੰ ਆ ਰਹੇ ਸਨ।। ਰਾਤ 9.45 ’ਤੇ ਜਦੋਂ ਦੇਵੀਗਡ਼੍ਹ ਰੋਡ ਨੇਡ਼ੇ ਬੱਸ ਸਟੈਂਡ ਨੈਣਾ ਅਕੌਤ ਵਿਖੇ ਪਹੁੰਚੇ ਤਾਂ ਲੀਲਾ ਦੇਵੀ ਨੂੰ ਘਬਰਾਹਟ ਹੋਣ ਕਾਰਨ ਕਾਰ ਰੋਕ ਲਈ ਗਈ, ਜਿੱਥੇ ਦੇਵੀਗਡ਼੍ਹ ਸਾਈਡ ਤੋਂ ਅਚਾਨਕ ਲਾਲ ਬੱਤੀ ਵਾਲੀ ਗੱਡੀ ਆਈ। ਇਸ ਵਿਚ ਸਵਾਰ 2 ਖਾਕੀ ਵਰਦੀਧਾਰੀ ਨੌਜਵਾਨਾਂ ਨੇ ਚੈਕਿੰਗ ਦੇ ਬਹਾਨੇ ਉਸ ਦੀ ਪਤਨੀ ਤੋਂ ਪੈਸਿਆਂ ਵਾਲਾ ਪਰਸ ਝਪਟਮਾਰ ਕੇ ਖੋਹ ਲਿਆ ਅਤੇ ਉਥੋਂ ਫਰਾਰ ਹੋ ਗਏ। 
  ਪੁਲਸ ਨੇ ਇਸ ਮਾਮਲੇ ਵਿਚ 379-ਬੀ ਅਤੇ 34 ਆਈ. ਪੀ. ਸੀ. ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ। ਮਾਮਲੇ ਦੀ ਜਾਂਚ ਡੀ. ਐੈੱਸ. ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਨੂੰ ਸੌਂਪ ਦਿੱਤੀ ਗਈ। ਉਨ੍ਹਾਂ ਨੇ ਜਦੋਂ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਾਇਆ ਕਿ ਸੁਖਵਿੰਦਰ ਸਿੰਘ 20-25 ਲੱਖ ਰੁਪਏ ਦਾ ਕਰਜ਼ਾਈ ਹੈ, ਜਿਸ ਨੇ ਫਾਇਨਾਂਸਰਾਂ ਅਤੇ ਹੋਰ ਵਿਅਕਤੀਆਂ ਤੋਂ ਕਰਜ਼ਾ ਲਿਆ ਹੋਇਆ ਸੀ। ਉਸ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਇਹ ਸਾਜ਼ਿਸ਼ ਰਚੀ ਅਤੇ ਆਪਣੀ ਪਤਨੀ ਬੇਅੰਤ ਕੌਰ ਤੇ ਗੁਆਂਢਣ ਲੀਲਾ ਦੇਵੀ ਨੂੰ ਇਸ ਕਰ ਕੇ ਨਾਲ ਰੱਖਿਆ ਤਾਂ ਜੋ ਲੋਕ ਫਾਇਨਾਂਸਰ ਅਤੇ ਰਿਸ਼ਤੇਦਾਰ ਇਸ ਗੱਲ ਦਾ ਵਿਸ਼ਵਾਸ ਕਰ ਲੈਣ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਡੀ. ਐੈੱਮ. ਡਬਲਿਊ. ਵਿਚ ਕ੍ਰੇਨ ਡਰਾਈਵਰ ਹੈ। ਡੂੰਘਾਈ ਨਾਲ ਕੀਤੀ ਜਾਂਚ ਵਿਚ ਸਾਹਮਣੇ ਆ ਗਿਆ ਕਿ ਉਸ ਨੇ ਇਹ ਝੂਠ ਬੋਲ ਕੇ ਸਿਰਫ ਫਾਇਨਾਂਸਰਾਂ ਤੋਂ ਬਚਣ ਲਈ ਇਹ ਸਾਜ਼ਿਸ਼ ਰਚੀ ਸੀ। ਇਸ ਮੌਕੇ ਡੀ. ਐੈੱਸ. ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਅਤੇ ਥਾਣਾ ਸਨੌਰ ਦੇ ਐੈੱਸ. ਐੱਚ. ਓ. ਗੁਰਿੰਦਰ ਸਿੰਘ ਬੱਲ ਵੀ ਹਾਜ਼ਰ ਸਨ। 


Related News