ਨਿਰਮਲ ਨਗਰ ’ਚ ਰਾਤ 9.15 ਵਜੇ ਗੰਨ ਪੁਆਇੰਟ ’ਤੇ 4.30 ਲੱਖ ਲੁੱਟੇ
Tuesday, Sep 11, 2018 - 06:51 AM (IST)

ਲੁਧਿਆਣਾ, (ਜ.ਬ.)- ਥਾਣਾ ਦੁੱਗਰੀ ਦੇ ਇਲਾਕੇ ਨਿਰਮਲ ਨਗਰ ਰਾਤ 9.15 ਵਜੇ ਕਾਲੇ ਰੰਗ ਦੀ ਬਿਨਾਂ ਨੰਬਰ ਪਲੇਟ ਦੇ ਮੋਟਰਸਾਈਕਲ ’ਤੇ ਆਏ ਤਿੰਨ ਲੁਟੇਰਿਆਂ ਨੇ ਇੰਡੀਅਨ ਟ੍ਰੇਡਰ ਦੇ ਮਾਲਕਾਂ ਤੋਂ ਗੰਨ ਪੁਆਇੰਟ ’ਤੇ 4.30 ਲੱਖ ਲੁੱਟ ਕੇ ਫਰਾਰ ਹੁੰਦੇ ਸਮੇਂ ਗੋਦਾਮ ਦੇ ਬਾਹਰ ਕਾਰ ’ਚ ਬੈਠੇ ਮਾਲਕ 'ਤੇ ਫਾਇਰਿੰਗ ਕਰ ਦਿੱਤੀ। ਪਤਾ ਲੱਗਦੇ ਹੀ ਏ. ਡੀ. ਸੀ. ਪੀ. ਸੁਰਿੰਦਰ ਲਾਂਬਾ, ਏ. ਸੀ. ਪੀ. ਕ੍ਰਾਈਮ ਸੁਰਿੰਦਰ ਮੋਹਨ ਸਮੇਤ ਭਾਰੀ ਪੁਲਸ ਘਟਨਾ ਸਥਾਨ ’ਤੇ ਪਹੁੰਚ ਕੇ ਜਾਂਚ ’ਚ ਲੱਗ ਗਈ।
ਜਾਣਕਾਰੀ ਦਿੰਦੇ ਜੈਪ੍ਰੀਤ ਸਿੰਘ ਨਿਵਾਸੀ ਦੁੱਗਰੀ ਨੇ ਦੱਸਿਆ ਕਿ ਉਹ ਕਿ ਇਕ ਪ੍ਰਮੁੱਖ ਬਿਸਕੁਟ ਕੰਪਨੀ ਦੇ ਡਿਸਟ੍ਰੀਬਿਊਟਰ ਹਨ ਅਤੇ ਨਿਰਮਲ ਨਗਰ ਦੀ ਗਲੀ ਨੰ. 2 ’ਚ ਉਨ੍ਹਾਂ ਦੇ ਗੋਦਾਮ ਹਨ। ਉਨ੍ਹਾਂ ਕੋਲ ਲਗਭਗ 50 ਵਰਕਰ ਕੰਮ ਕਰਦੇ ਹਨ। ਸੋਮਵਾਰ ਸ਼ਾਮ 9 ਵਜੇ ਦੇ ਕਰੀਬ ਸਾਰੇ ਵਰਕਰ ਛੁੱਟੀ ਕਰ ਕੇ ਚਲੇ ਗਏ। ਗੋਦਾਮ ਨਾਲ ਬਣੇ ਇਕ ਦਫਤਰ 'ਚ ਉਸ ਦਾ ਭਰਾ ਹਨੀ, ਆਪਣੇ ਦੋਸਤ ਸਿਮਰਨਜੀਤ ਸਿੰਘ ਨਾਲ ਬੈਠਾ ਸੀ। ਜਦਕਿ ਦੂਜੇ ਦਫਤਰ 'ਚ ਦੂਜਾ ਭਰਾ ਰੂਬਲਪ੍ਰੀਤ ਮੌਜੂਦ ਸੀ।
ਲਗਭਗ 9.15 ਵਜੇ ਇਕ ਲੁਟੇਰਾ ਹਨੀ ਕੋਲ ਗਿਆ ਅਤੇ ਉਸ ਨਾਲ ਗੱਲ ਕਰਨ ਲੱਗਾ। ਇਸ ਦੌਰਾਨ ਉਸ ਦੇ 2 ਹੋਰ ਸਾਥੀ ਵੀ ਦਫਤਰ ’ਚ ਆ ਗਏ, ਜਿਨ੍ਹਾਂ ਨੇ ਚਿਹਰੇ ’ਤੇ ਰੁਮਾਲ ਬੰਨ੍ਹੇ ਹੋਏ ਸਨ, ਤਿੰਨਾਂ ਨੇ ਉਨ੍ਹਾਂ ’ਤੇ ਰਿਵਾਲਵਰ ਤਾਣ ਦਿੱਤੀ ਅਤੇ ਸ਼ੋਰ ਮਚਾਉਣ ’ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਕੈਸ਼ ਦੇਣ ਨੂੰ ਕਿਹਾ। ਉਨ੍ਹਾਂ ਨੇ ਘਬਰਾਉਂਦੇ ਹੋਏ 4.30 ਲੱਖ ਦਾ ਕੈਸ਼ ਉਨ੍ਹਾਂ ਨੂੰ ਫੜਾ ਦਿੱਤਾ। ਜਿਸ ਤੋਂ ਬਾਅਦ ਉਥੇ ਕੋਲ ਪਏ 2 ਬੈਗਾਂ ’ਚ ਕੈਸ਼ ਅਤੇ ਉਨ੍ਹਾਂ ਦੇ 4 ਮੋਬਾਇਲ ਫੋਨ ਅਤੇ ਪਰਸ ਪਾ ਕੇ ਫਰਾਰ ਹੋ ਗਏ।
ਜਦੋਂ ਬਾਹਰ ਆਏ ਤਾਂ ਤੀਜਾ ਭਰਾ ਰੂਬਲਪ੍ਰੀਤ ਸਿੰਘ ਦਫਤਰ ਲਾਕ ਕਰ ਕੇ ਆਪਣੀ ਕਾਰ ’ਚ ਬੈਠ ਚੁੱਕਾ ਸੀ।
ਉਨ੍ਹਾਂ ਨੇ ਕਾਰ ’ਚੋਂ ਨਿਕਲਣ ਲਈ ਕਿਹਾ ਤੇ ਉਸ ’ਤੇ ਰਿਵਾਲਵਰ ਤਾਣ ਦਿੱਤੀ। ਘਬਰਾ ਕੇ ਉਸ ਨੇ ਕਾਰ ਪਿੱਛੇ ਵੱਲ ਭਜਾ ਲਈ, ਤਾਂ ਉਦੋਂ ਲੁਟੇਰਿਆਂ ਨੇ 3 ਫਾਇਰ ਕਰ ਦਿੱਤੇ, ਜਿਨ੍ਹਾਂ 'ਚੋਂ ਇਕ ਕਾਰ ਦੀ ਫੌਗ ਲਾਈਟ ’ਤੇ ਲੱਗਾ। ਜਿਸ ਤੋਂ ਬਾਅਦ ਤਿੰਨੋਂ ਲੁਟੇਰੇ ਫਰਾਰ ਹੋ ਗਏ।