ਗ੍ਰੰਥੀ ਨੇ ਜ਼ਹਿਰ ਖਾ ਕੇ ਆਤਮ-ਹੱਤਿਆ ਕੀਤੀ

05/21/2019 7:51:45 PM

ਮਾਛੀਵਾੜਾ ਸਾਹਿਬ(ਟੱਕਰ)— ਨੇੜ੍ਹਲੇ ਪਿੰਡ ਪ੍ਰਿਥੀਪੁਰ ਦੇ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਨੌਜਵਾਨ ਖਜਾਨ ਸਿੰਘ (25) ਵਾਸੀ ਮਾਛੀਆਂ ਕਲਾਂ ਨੇ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਤਮ-ਹੱਤਿਆ ਕਰ ਲਈ ਜਦਕਿ ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਨੇ ਦੋਸ਼ ਲਗਾਏ ਕਿ ਉਸਦੇ ਪੁੱਤਰ ਨੇ ਆਪਣੀ ਪਤਨੀ ਤੇ ਸਾਂਢੂ ਨਾਲ ਕਲੇਸ਼ ਚੱਲਦੇ ਹੋਣ ਕਾਰਨ ਜਾਨ ਦਿੱਤੀ।
ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਨੌਜਵਾਨ ਖਜਾਨ ਸਿੰਘ ਜਿਸ ਦਾ ਵਿਆਹ ਕਰੀਬ 4 ਸਾਲ ਪਹਿਲਾਂ ਪਿੰਡ ਸ਼ਤਾਬਗੜ੍ਹ ਨਿਵਾਸੀ ਜਸ਼ਨਦੀਪ ਕੌਰ ਨਾਲ ਹੋਇਆ ਜਿਨ੍ਹਾਂ ਦੇ 2 ਛੋਟੇ-ਛੋਟੇ ਬੱਚੇ ਵੀ ਹਨ। ਮ੍ਰਿਤਕ ਖਜਾਨ ਸਿੰਘ ਆਪਣੀ ਪਤਨੀ ਤੇ ਬੱਚਿਆਂ ਨਾਲ ਪਿੰਡ ਪ੍ਰਿਥੀਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਰਹਿੰਦਾ ਸੀ ਅਤੇ ਉਥੇ ਹੀ ਪਾਠੀ ਵਜੋਂ ਸੇਵਾ ਨਿਭਾ ਰਿਹਾ ਸੀ। ਬਿਆਨਕਰਤਾ ਅਨੁਸਾਰ ਮ੍ਰਿਤਕ ਖਜਾਨ ਸਿੰਘ ਦਾ ਛੋਟਾ ਲੜਕਾ ਬਿਮਾਰ ਸੀ ਜਿਸ ਦਾ ਮਾਛੀਵਾੜਾ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ। ਦੇਰ ਸ਼ਾਮ ਹਸਪਤਾਲ 'ਚੋਂ ਛੁੱਟੀ ਹੋਣ ਤੋਂ ਬਾਅਦ ਖਜਾਨ ਸਿੰਘ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਪਿੰਡ ਸ਼ਤਾਬਗੜ੍ਹ ਵਿਖੇ ਚਲਾ ਗਿਆ। ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਸਦੀ ਨੂੰਹ ਦਾ ਫੋਨ ਆਇਆ ਕਿ ਉਸਦਾ ਆਪਣੇ ਪਤੀ ਨਾਲ ਕਾਫ਼ੀ ਝਗੜਾ ਹੋ ਰਿਹਾ ਹੈ ਅਤੇ ਉਹ ਜਲਦ ਆ ਜਾਣ। ਸੁਰਜੀਤ ਸਿੰਘ ਨੇ ਦੱਸਿਆ ਕਿ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦਾ ਲੜਕਾ ਖਜਾਨ ਸਿੰਘ ਨੇੜ੍ਹਲੇ ਪਿੰਡ ਅਢਿਆਣਾ ਦੇ ਬੱਸ ਅੱਡੇ ਨੇੜ੍ਹੇ ਬੇਸੁਧ ਹਾਲਤ ਵਿਚ ਪਿਆ ਹੈ ਜਿਸ ਨੇ ਕੋਈ ਜ਼ਹਿਰੀਲੀ ਵਸਤੂ ਖਾ ਲਈ ਹੈ ਅਤੇ ਜਦੋਂ ਉਸ ਨੂੰ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ ਤਾਂ ਉਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਨੇ ਦੋਸ਼ ਲਗਾਇਆ ਕਿ ਉਸਦੇ ਪੁੱਤਰ ਨੇ ਆਪਣੀ ਪਤਨੀ ਤੇ ਸਾਂਢੂ ਤੋਂ ਦੁਖੀ ਹੋ ਕੇ ਆਤਮ-ਹੱਤਿਆ ਕੀਤੀ ਹੈ ਜਦਕਿ ਦੂਜੀ ਧਿਰ ਮ੍ਰਿਤਕ ਦੇ ਪਤਨੀ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਉਸਦੀ ਆਤਮ-ਹੱਤਿਆ ਵਿਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਅਤੇ ਦੋਸ਼ ਬੇਬੁਨਿਆਦ ਹਨ ਜਿਸ ਲਈ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰੇ। 
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਰਮਨਇੰਦਰਜੀਤ ਸਿੰਘ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਲਾਸ਼ ਨੂੰ ਕਬਜ਼ੇ 'ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ਦਰਜ਼ ਕੀਤੇ ਜਾ ਰਹੇ ਹਨ ਅਤੇ ਜਾਂਚ ਉਪਰੰਤ ਹੀ ਜੋ ਕਾਨੂੰਨੀ ਕਾਰਵਾਈ ਹੋਵੇਗੀ ਅਮਲ 'ਚ ਲਿਆਂਦੀ ਜਾਵੇਗੀ।
 


satpal klair

Content Editor

Related News