ਜੰਗਲਾਤ ਮਹਿਕਮਾ ਆਪਣੇ ਨਿੱਜੀ ਵਿਅਕਤੀਆਂ ਦੇ ਕਰਵਾ ਰਿਹੈ ਮਹਿਕਮੇ ਦੀ ਥਾਂ ’ਤੇ ਕਬਜ਼ੇ

Saturday, May 07, 2022 - 09:17 PM (IST)

ਫਾਜ਼ਿਲਕਾ (ਸੁਖਵਿੰਦਰ ਥਿੰਦ) : ਇਕ ਪਾਸੇ ਜਿਥੇ ਪੰਜਾਬ ਦੇ ਪੰਚਾਇਤ ਮੰਤਰੀ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਏ ਜਾ ਰਹੇ ਹਨ, ਦੂਜੇ ਪਾਸੇ ਜੰਗਲਾਤ ਮਹਿਕਮੇ ਦੇ ਅਧਿਕਾਰੀ ਅਤੇ ਕਰਮਚਾਰੀ ਖ਼ੁਦ ਹੀ ਸਰਕਾਰ ਦੀ ਥਾਂ ਉਪਰ ਕਬਜ਼ੇ ਕਰਵਾਉਣ ’ਚ ਮੋਹਰੀ ਸਾਬਤ ਹੋ ਰਹੇ ਹਨ। ਦੱਸ ਦੇਈਏ ਕਿ ਫਾਜ਼ਿਲਕਾ ਦੇ ਨਾਲ ਲੱਗਦੇ ਚੱਕਰਵਾਲੇ ਝੁੱਗੇ ਦੇ ਬਾਹਰ ਸੜਕ ਕਿਨਾਰੇ ਜੋ ਸਰਕਾਰ ਦੀ ਕੱਚੀ ਥਾਂ ਹੈ, ਉਸ ਉਪਰ ਕਿਸੇ ਵਿਅਕਤੀ ਵੱਲੋਂ ਲੰਬਾ ਜਾਲ ਵਿਛਾ ਕੇ ਸਰਕਾਰੀ ਸੜਕ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਗਿਆ ਹੈ ਅਤੇ ਸਰਕਾਰੀ ਦਰੱਖਤਾਂ ਦੇ ਥੱਲੇ ਫਸਲ ਦੀ ਬੀਜਾਈ ਵੀ ਵੇਖਣ ਨੂੰ ਮਿਲੀ। 

ਕੀ ਕਹਿਣਾ ਹੈ ਆਉਂਦੇ-ਜਾਂਦੇ ਰਾਹਗੀਰਾਂ ਦਾ
 ਇਸ ਸਬੰਧੀ ਜਦੋਂ ਆਉਂਦੇ-ਜਾਂਦੇ ਰਾਹਗੀਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੰਗਲਾਤ ਮਹਿਕਮੇ ਦੀ ਮਿਲੀਭੁਗਤ ਨਾਲ ਉਨ੍ਹਾਂ ਜੰਗਲਾਤ ਦੀ ਥਾਂ ’ਤੇ ਨਾਲ ਦੀ ਜ਼ਮੀਨ ਵਾਲਿਆਂ ਨੇ ਕਬਜ਼ਾ ਕਰਕੇ ਉੱਥੇ ਜਾਲੀਨੁਮਾ ਤਾਰ ਲਗਾ ਦਿੱਤੀ ਅਤੇ ਉਥੇ ਕਬਜ਼ਾ ਕਰਕੇ ਕਿਸੇ ਪਿੱਛੇ ਫਸਲ ਦੀ ਬੀਜਾਈ ਵੀ ਕਰਵਾਈ ਗਈ। ਇਸ ਸਬੰਧੀ ਉਨ੍ਹਾਂ ਪ੍ਰਸ਼ਾਸਨ ਨੂੰ ਕਈ ਵਾਰ ਅਪੀਲ ਕੀਤੀ ਸੀ ਪਰ ਜੰਗਲਾਤ ਮਹਿਕਮੇ ਦੀ ਮਿਲੀਭੁਗਤ ਨਾਲ ਕਿਸੇ ਕੋਈ ਸੁਣਵਾਈ ਨਾ ਹੋਈ।

ਸੜਕ ’ਤੇ ਜਾਲੀ ਲਗਾਉਣ ਕਾਰਨ ਹੋ ਰਹੇ ਨੇ ਹਾਦਸੇ
 ਲੋਕਾਂ ਨੇ ਦੱਸਿਆ ਕਿ ਸੜਕ ਕਿਨਾਰੇ ਜਾਲੀ ਲੱਗਣ ਕਾਰਨ ਕਈ ਵਾਰ ਰਾਤ ਨੂੰ ਛੋਟੇ ਹਾਦਸੇ ਵੀ ਹੋ ਚੁੱਕੇ ਹਨ ਅਤੇ ਜੰਗਲਾਤ ਮਹਿਕਮੇ ਵੱਲੋਂ ਇਸ ਸੜਕ ਨੂੰ ਖੋਲ੍ਹਣ ਦੀ ਬਜਾਏ ਇਸ ਉਪਰ ਕਬਜ਼ਾ ਕਰਵਾਇਆ ਹੋਇਆ ਹੈ। 

ਕੀ ਕਹਿਣੈ ਮਹਿਕਮੇ ਦੇ ਅਧਿਕਾਰੀ ਅਤੇ ਕਰਮਚਾਰੀਆਂ ਦਾ 
ਇਸ ਸਬੰਧੀ ਕਰਮਚਾਰੀ ਗੁਰਪ੍ਰੀਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਜਾਲੀ ਅਸੀਂ ਖ਼ੁਦ ਲਗਵਾਈ ਹੈ, ਜਦਕਿ ਲੋਕ ਇਸ ਥਾਂ ’ਤੇ ਪਹਿਲਾਂ ਕਬਜ਼ਾ ਕਰਦੇ ਹਨ ਤਾਂ ਅਸੀਂ ਖੇਤ ਦੇ ਮਾਲਕ ਨੂੰ ਕਹਿ ਕੇ ਇਥੇ ਜਾਲੀ ਲਗਵਾ ਦਿੱਤੀ। ਦੂਜੇ ਪਾਸੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਕ ਪਾਸੇ ਕਬਜ਼ਾ ਰੋਕਣ ਲਈ ਜੰਗਲਾਤ ਮਹਿਕਮਾ ਜਾਲੀ ਲਗਵਾ ਰਿਹਾ ਹੈ, ਦੂਜੇ ਪਾਸੇ ਕਿਸੇ ਹੋਰ ਨੂੰ ਸਬਜ਼ੀ ਦੀ ਬੀਜਾਈ ਲਈ ਆਪਣੇ ਹੱਥੀਂ ਉਸ ਥਾਂ ’ਤੇ ਕਬਜ਼ਾ ਕਰਵਾ ਰਿਹਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਜੰਗਲਾਤ ਮਹਿਕਮਾ ਆਪਣੇ ਹੱਥੀਂ ਆਪਣੇ ਨਿੱਜੀ ਵਿਅਕਤੀਆਂ ਨੂੰ ਜੰਗਲਾਤ ਮਹਿਕਮੇ ਦੀ ਥਾਂ ’ਤੇ ਕਬਜ਼ਾ ਕਰਵਾ ਰਿਹਾ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਉਸ ਥਾਂ ਉਪਰ ਬੂਟੇ ਵੀ ਲਗਾਉਣੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਇਨ੍ਹਾਂ ਉਪਰ ਕੋਈ ਕਾਰਵਾਈ ਕਰਦੀ ਹੈ ਜਾਂ ਫਿਰ ਬਿਆਨਾਂ ’ਚ ਹੀ ਆਪਣੇ ਭਾਸ਼ਣ ਦਿੰਦੇ ਹਨ।
 


Manoj

Content Editor

Related News