ਫੀਡ ਫੈਕਟਰੀ ਸੰਚਾਲਕ ਤੋਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਖੋਹੀ ਗੱਡੀ

05/22/2019 12:15:21 AM

ਮੋਗਾ, (ਆਜ਼ਾਦ)- ਬਾਘਾਪੁਰਾਣਾ ਪੁਲਸ ਨੇ ਚੰਨੂੰਵਾਲਾ ਰੋਡ ’ਤੇ ਬੁੱਧ ਸਿੰਘ ਵਾਲਾ ਨੇਡ਼ੇ ਸਥਿਤ ਮਿੱਤਲ ਫੀਡ ਫੈਕਟਰੀ ਦੇ ਸੰਚਾਲਕ ਹਿਮਾਂਸ਼ੂ ਮਿੱਤਲ ਅਤੇ ਉਸ ਦੇ ਭਰਾ ਅਭੀ ਮਿੱਤਲ ਤੋਂ ਪਿਸਤੌਲ ਦੀ ਨੋਕ ’ਤੇ ਅੱਜ ਨਕਾਬਪੋਸ਼ ਲੁਟੇਰਿਆਂ ਵੱਲੋਂ ਦਿਨ-ਦਿਹਾਡ਼ੇ ਖੋਹੀ ਗਈ ਇਨੋਵਾ ਗੱਡੀ ਨੂੰ ਕੁਝ ਹੀ ਘੰਟਿਆਂ ’ਚ ਬਰਾਮਦ ਕਰ ਲਿਆ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ, ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ।

ਪਿੱਛਾ ਕਰ ਰਹੀ ਪੁਲਸ ’ਤੇ ਲੁਟੇਰਿਆਂ ਕੀਤੀ ਫਾਇਰਿੰਗ

ਮਾਮਲੇ ਸਬੰਧੀ ਡੀ.ਐੱਸ.ਪੀ. ਜਸਪਾਲ ਸਿੰਘ ਧਾਮੀ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਅਮਰਜੀਤ ਸਿੰਘ ਬਾਜਵਾ ਦੇ ਨਿਰਦੇਸ਼ਾਂ ’ਤੇ ਪੁਲਸ ਨੇ ਆਸ-ਪਾਸ ਦੇ ਖੇਤਰਾਂ ਵਿਚ ਨਾਕਾਬੰਦੀ ਕਰ ਕੇ ਵੱਖ-ਵੱਖ ਟੀਮਾਂ ਗਠਿਤ ਕੀਤੀਆਂ। ਉਨ੍ਹਾਂ ਦੱਸਿਆ ਕਿ ਜਦ ਥਾਣਾ ਮੁਖੀ ਇੰਸਪੈਕਟਰ ਮੁਖਤਿਆਰ ਸਿੰਘ ਪੁਲਸ ਕਰਮਚਾਰੀਆਂ ਸਮੇਤ ਲੁਟੇਰਿਆਂ ਦਾ ਪਿੱਛਾ ਕਰਦੇ ਹੋਏ ਪਿੰਡ ਭਲੂਰ ਕੋਲ ਪੁੱਜੇ ਤਾਂ ਲੁਟੇਰਿਆਂ ਨੇ ਪੁਲਸ ’ਤੇ ਫਾਇਰਿੰਗ ਕੀਤੀ ਪਰ ਪੁਲਸ ਨੇ ਉਕਤ ਦੋਨੋਂ ਲੁਟੇਰਿਆਂ ਹਰਵਿੰਦਰ ਸਿੰਘ ਉਰਫ ਹੈਪੀ ਨਿਵਾਸੀ ਪਿੰਡ ਭਲੂਰ, ਜੋ ਬਾਘਾਪੁਰਾਣਾ ਪੁਲਸ ਨੂੰ ਕਿਸੇ ਮਾਮਲੇ ਵਿਚ ਸ਼ਾਮਲ ਸੀ, ਦੇ ਇਲਾਵਾ ਉਸ ਦੇ ਸਾਥੀ ਰੋਸ਼ਨ ਸਿੰਘ ਨਿਵਾਸੀ ਪਿੰਡ ਵਾਡ਼ਾ ਭਾਈਕਾ ਨੂੰ ਜਾ ਦਬੋਚਿਆ ਅਤੇ ਉਨ੍ਹਾਂ ਤੋਂ ਖੋਹੀ ਗਈ ਇਨੋਵਾ ਗੱਡੀ ਅਤੇ 32 ਬੋਰ ਪਿਸਤੌਲ, ਚਾਰ ਜ਼ਿੰਦਾ ਕਾਰਤੂਸ ਅਤੇ ਇਕ ਚੱਲਿਆ ਹੋਇਆ ਕਾਰਤੂਸ ਬਰਾਮਦ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਸਵਾ 12 ਵਜੇ ਦੇ ਕਰੀਬ ਚੰਨੂੰਵਾਲਾ ਰੋਡ ’ਤੇ ਬੁੱਧ ਸਿੰਘ ਵਾਲਾ ਨੇਡ਼ੇ ਸਥਿਤ ਮਿੱਤਲ ਫੀਡ ਫੈਕਟਰੀ ਦੇ ਸੰਚਾਲਕ ਹਿਮਾਂਸ਼ੂ ਮਿੱਤਲ ਆਪਣੇ ਤਾਇਆ ਦੇ ਲਡ਼ਕੇ ਅਭੀ ਮਿੱਤਲ, ਜੋ ਸ਼ੈਲਰ ਅਤੇ ਫਾਈਨਾਂਸ ਦਾ ਕੰਮ ਕਰਦਾ ਹੈ, ਨਾਲ ਆਪਣੀ ਇਨੋਵਾ ਗੱਡੀ ’ਚ ਚੰਨੂੰਵਾਲਾ ਨਹਿਰ ਵਿਚ ਪੂਜਾ ਸਮੱਗਰੀ ਦਾ ਸਾਮਾਨ ਜਲ ਪ੍ਰਵਾਹ ਕਰਨ ਲਈ ਗਏ ਸਨ, ਜਦੋਂ ਹੀ ਉਹ ਉਥੇ ਪੁੱਜੇ ਤਾਂ ਮੋਟਰਸਾਈਕਲ ਸਵਾਰ ਉਕਤ ਦੋਨੋਂ ਨਕਾਬਪੋਸ਼ ਲੁਟੇਰੇ ਉਥੇ ਆ ਧਮਕੇ ਅਤੇ ਉਨ੍ਹਾਂ ਗੋਲੀ ਮਾਰਨ ਦੀ ਧਮਕੀ ਦੇ ਕੇ ਗੱਡੀ ਦੀਆਂ ਚਾਬੀਆਂ ਅਤੇ ਉਨ੍ਹਾਂ ਦੇ ਮੋਬਾਇਲ ਫੋਨ ਵੀ ਖੋਹ ਕੇ ਗੱਡੀ ਨੂੰ ਪਿੰਡ ਕੋਟਲਾ ਮੇਹਰ ਸਿੰਘ ਵਾਲਾ-ਵੈਰੋਕੇ ਦੀ ਵੱਲ ਹੁੰਦੇ ਹੋਏ ਪਿੰਡ ਭਲੂਰ ਵੱਲ ਨਿਕਲ ਗਏ, ਜਿਸ ’ਤੇ ਉਨ੍ਹਾਂ ਬਾਘਾਪੁਰਾਣਾ ਪੁਲਸ ਨੂੰ ਸੂਚਿਤ ਕੀਤਾ।

ਫਰੀਦਕੋਟ ਤੋਂ ਖੋਹਿਆ ਸੀ ਮੋਟਰਸਾਈਕਲ

ਦੋਨੋਂ ਕਥਿਤ ਲੁਟੇਰਿਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਘਟਨਾ ਸਮੇਂ ਵਰਤਿਆ ਗਿਆ ਮੋਟਰਸਾਈਕਲ ਉਨ੍ਹਾਂ ਕੁਝ ਮਹੀਨੇ ਪਹਿਲਾਂ ਫਰੀਦਕੋਟ ਤੋਂ ਖੋਹਿਆ ਸੀ, ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ਦੀ ਅਗਲੇਰੀ ਜਾਂਚ ਥਾਣਾ ਬਾਘਾਪੁਰਾਣਾ ਦੇ ਇੰਚਾਰਜ ਇੰਸਪੈਕਟਰ ਮੁਖਤਿਆਰ ਸਿੰਘ ਕਰ ਰਹੇ ਹਨ। ਦੋਨੋਂ ਕਥਿਤ ਦੋਸ਼ੀਆਂ ਖਿਲਾਫ ਥਾਣਾ ਬਾਘਾਪੁਰਾਣਾ ਵਿਚ ਹਿਮਾਂਸ਼ੂ ਮਿੱਤਲ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਦੇ ਬਾਅਦ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਚ ਪੇਸ਼ ਕੀਤਾ ਜਾਵੇਗਾ।


Bharat Thapa

Content Editor

Related News