ਭਤੀਜੇ ਹੀ ਘਰ ’ਚੋਂ ਮੱਝਾਂ ਅਤੇ ਗੈਸ ਸਿਲੰਡਰ ਲੈ ਕੇ ਫਰਾਰ

05/24/2019 1:06:08 AM

ਮੋਗਾ, (ਆਜ਼ਾਦ)- ਥਾਣਾ ਸਦਰ ਮੋਗਾ ਅਧੀਨ ਪੈਂਦੇ ਪਿੰਡ ਡਰੋਲੀ ਭਾਈ ਨਿਵਾਸੀ ਗੁਰਜੰਟ ਸਿੰਘ ਦੇ ਘਰ ’ਚੋਂ ਉਸਦੇ ਦੋ ਸਕੇ ਭਤੀਜੇ ਹੀ ਮੱਝਾਂ ਅਤੇ ਦੋ ਗੈਸ ਸਿਲੰਡਰ ਚੋਰੀ ਕਰਕੇ ਫਰਾਰ ਹੋ ਗਏ, ਪਰ ਗਲੀ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੇ ਚੋਰੀ ਦੇ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ। ਇਸ ਸਬੰਧ ਵਿਚ ਗੁਰਜੰਟ ਸਿੰਘ ਪੁੱਤਰ ਭਾਗ ਸਿੰਘ ਨੇ ਥਾਣਾ ਸਦਰ ਪੁਲਸ ਨੂੰ ਸੂਚਿਤ ਕੀਤਾ, ਜਿਸ ’ਤੇ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜੇ ਅਤੇ ਚੋਰੀ ਦੇ ਮਾਮਲੇ ਦੀ ਜਾਂਚ ਦੇ ਇਲਾਵਾ ਆਸ-ਪਾਸ ਦਾ ਨਿਰੀਖਣ ਕਰਕੇ ਗਲੀ ਵਿਚ ਜੁਗਰਾਜ ਸਿੰਘ ਦੇ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਤਾਂ ਪਤਾ ਲੱਗਾ ਕਿ ਉਕਤ ਚੋਰੀ ਗੁਰਜੰਟ ਸਿੰਘ ਦੇ ਭਤੀਜੇ ਸੁਖਜਿੰਦਰ ਸਿੰਘ ਅਤੇ ਰਣਜੋਧ ਸਿੰਘ ਨੇ ਕੀਤੀ ਹੈ, ਜੋ ਫੁਟੇਜ ਵਿਚ ਮੱਝਾਂ ਲੈ ਕੇ ਜਾਂਦੇ ਦਿਖਾਈ ਦਿੱਤੇ। ਗੁਰਜੰਟ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਦੇ ਬੇਟੇ ਅੰਮ੍ਰਿਤਪਾਲ ਸਿੰਘ ਦੀ ਇਕ ਲਡ਼ਕੀ , ਦੋਵਾਂ ਦੀ ਕੋਰਟ ਮੈਰਿਜ ਕਰਵਾਉਣੀ ਸੀ, ਜਿਸ ’ਤੇ ਉਹ 21 ਮਈ ਨੂੰ ਘਰ ੋਂ ਚਲੇ ਗਏ, ਤਾਂਕਿ ਜ਼ਿਲਾ ਕਚਹਿਰੀ ਵਿਚੋਂ ਸਾਰੇ ਦਸਤਾਵੇਜ਼ ਤਿਆਰ ਕਰਵਾ ਸਕੇ ਅਤੇ ਘਰ ਦੀ ਰੱਖਵਾਲੀ ਲਈ ਗੁਆਂਢ ਵਿਚ ਰਹਿੰਦੀ ਇਕ ਔਰਤ ਨੂੰ ਜ਼ਿੰਮੇਵਾਰੀ ਸੰਭਾਲ ਦਿੱਤੀ। ਉਕਤ ਮਹਿਲਾ ਨੇ ਉਨ੍ਹਾਂ ਨੂੰ ਫੋਨ ’ਤੇ ਸੂਚਿਤ ਕੀਤਾ ਕਿ ਉਨ੍ਹਾਂ ਦੇ ਘਰ ਦੇ ਗੇਟ ਦਾ ਜਿੰਦਰਾ ਟੁੱਟਿਆ ਹੈ ਅਤੇ ਘਰ ਵਿਚੋਂ ਦੋ ਮੱਝਾਂ ਅਤੇ ਦੋ ਗੈਸ ਸਿਲੰਡਰ ਗਾਇਬ ਹਨ, ਜਿਸ ’ਤੇ ਅਸੀਂ ਘਰ ਪੁੱਜੇ ਅਤੇ ਘਰ ਦੇ ਸਾਮਾਨ ਦੀ ਜਾਂਚ ਕੀਤੀ ਅਤੇ ਪੁਲਸ ਨੂੰ ਸੂਚਿਤ ਕੀਤਾ। ਉਸਨੇ ਕਿਹਾ ਕਿ ਮੇਰੇ ਦੋਨੋਂ ਭਤੀਜੇ ਮੇਰੇ ਬੇਟੇ ਦੇ ਵਿਆਹ ਦਾ ਵਿਰੋਧ ਕਰਦੇ ਆ ਰਹੇ ਹਨ ਅਤੇ ਪਹਿਲਾਂ ਵੀ ਉਸ ਨਾਲ ਕਈ ਵਾਰ ਵਿਵਾਦ ਹੋ ਚੁੱਕਾ ਹੈ। ਇਸ ਕਾਰਨ ਉਨ੍ਹਾਂ ਸਾਡੇ ਘਰ ਵਿਚ ਨਾ ਹੋਣ ਦਾ ਫਾਇਦਾ ਚੁੱਕਦੇ ਹੋਏ ਉਕਤ ਚੋਰੀ ਕੀਤੀ ਹੈ। ਦੋਨੋਂ ਮੱਝਾਂ ਅਤੇ ਚੋਰੀ ਹੋਏ ਗੈਸ ਸਿਲੰਡਰ ਦੀ ਕੀਮਤ ਡੇਢ ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਜੰਟ ਸਿੰਘ ਪੁੱਤਰ ਭਾਗ ਸਿੰਘ ਦੇ ਬਿਆਨਾਂ ’ਤੇ ਉਸਦੇ ਦੋਨੋਂ ਭਤੀਜੇ ਸੁਖਜਿੰਦਰ ਸਿੰਘ ਅਤੇ ਰਣਜੋਧ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਚੋਰੀ ਦੇ ਬਾਅਦ ਦੋਵੇਂ ਮੱਝਾਂ ਨੂੰ ਮਹਿੰਦਰਾ ਪਿਕਅੱਪ ਗੱਡੀ ਵਿਚ ਲੈ ਕੇ ਗਏ ਸਨ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ, ਪਰ ਉਨ੍ਹਾਂ ਦੇ ਘਰ ਨੂੰ ਜਿੰਦਰਾ ਲੱਗਾ ਹੋਇਆ ਸੀ। ਪੁਲਸ ਉਕਤ ਦੋਵਾਂ ਦੀ ਤਲਾਸ਼ ਕਰ ਰਹੀ ਹੈ, ਜਿਨ੍ਹਾਂ ਦੇ ਜਲਦ ਕਾਬੂ ਆ ਜਾਣ ਦੀ ਸੰਭਾਵਨਾ ਹੈ। ਸਹਾਇਕ ਥਾਣੇਦਾਰ ਗੁਰਜੰਟ ਸਿੰਘ ਨੇ ਇਹ ਵੀ ਦੱਸਿਆ ਕਿ ਘਰ ਦੇ ਅੰਦਰ ਇਕ ਪਾਲਤੂ ਕੁੱਤੀ ਮਰੀ ਪਈ ਸੀ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਨੂੰ ਮਾਰਿਆ ਗਿਆ ਹੈ ਜਾਂ ਕੁਦਰਤੀ ਮੌਤ ਹੋਈ ਹੈ।


Bharat Thapa

Content Editor

Related News