ਸੂਬੇ ’ਚ 27 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਨੇ ਫਡ਼ਿਆ ਜ਼ੋਰ
Monday, Jan 21, 2019 - 07:29 AM (IST)

ਬਠਿੰਡਾ, (ਵਰਮਾ)- ਸੂਬਾ ਭਰ ਵਿਚ ਪੰਜਾਬ ਸਰਕਾਰ ਵਲੋਂ ਅਣਦੇਖੀ ਕੀਤੇ ਗਏ ਮਿਲ-ਡੇ ਮੀਲ, ਜੰਗਲਾਤ ਵਰਕਰ, ਕੱਚੇ ਅਧਿਆਪਕ, ਮਿਡ-ਡੇ ਮੀਲ ਦਫਤਰ ਮੁਲਾਜ਼ਮ ਤੇ ਹੋਰ ਕਈ ਤਰ੍ਹਾਂ ਦੇ ਕੱਚੇ ਤੇ ਕੰਟਰੈਕਟ ਮੁਲਾਜ਼ਮਾਂ ਦੀਆਂ ਮੰਗਾਂ ਦੇ ਵਿਰੋਧ ਵਿਚ ਅੱਜ ਬਠਿੰਡਾ ਮਾਨ ਭੱਤਾ, ਕੱਚਾ ਅਤੇ ਠੇਕੇ ’ਤੇ ਆਧਾਰਿਤ ਮੁਲਾਜ਼ਮ ਮੋਰਚੇ ਵਲੋਂ ਸਰਕਟ ਹਾਊਸ ਸਾਹਮਣੇ ਵੱਡੇ ਪੱਧਰ ’ਤੇ ਰੋਸ ਰੈਲੀ ਕਰਨ ਤੋਂ ਬਾਅਦ ਸ਼ਹਿਰ ’ਚ ਮਾਰਚ ਕੀਤਾ ਗਿਆ। ਇਸ ਦੌਰਾਨ ਸਥਾਨਕ ਬੱਸ ਸਟੈਂਡ ਅੱਗੇ ਸਾਰੇ ਵਰਕਰਾਂ ਵਲੋਂ ਜਾਮ ਵੀ ਲਾਇਆ ਗਿਆ। ਅੱਜ ਦਾ ਇਹ ਪ੍ਰਦਰਸ਼ਨ ਮੁਲਾਜ਼ਮ ਆਗੂਆਂ ਲਾਵਿੰਦਰ ਕੌਰ, ਅਮਰਜੀਤ ਕੰਮੇਆਣਾ, ਬਲਵੀਰ ਸਿਵੀਆਂ, ਦੀਪਕ ਦੀ ਅਗਵਾਈ ’ਚ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ’ਚ ਆਸ਼ਾ ਵਰਕਰ, ਮਿਲ-ਡੇ ਮੀਲ, ਪਾਰਟ ਟਾਈਮ ਵਰਰਕਾਂ, ਜੰਗਲਾਤ ਵਰਕਰਾਂ, ਮਿਡ-ਡੇ ਮੀਲ ਦੇ ਦਫਤਰੀ ਮੁਲਾਜ਼ਮਾਂ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਕੱਚੇ ਅਤੇ ਠੇਕੇ ਤੇ ਕੰਮ ਕਰ ਰਹੇ ਵਰਕਰਾਂ ਨੇ ਹਿੱਸਾ ਲਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਪ੍ਰਦਰਸ਼ਨ ਦੌਰਾਨ ਆਗੂਆਂ ਕਰਮਜੀਤ ਕੌਰ, ਮੇਲਾ ਸਿੰਘ, ਕਰਮਜੀਤ ਜੱਝਲ, ਬਲਬੀਰ ਸਿੰਘ, ਚਰਨਜੀਤ ਕੌਰ, ਅਰਪਿੰਦਰ ਕੌਰ, ਰੂਪ ਸਿੰਘ ਆਦਿ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਮਾਨ ਭੱਤੇ ’ਤੇ ਕੰਮ ਕਰ ਰਹੀ ਆਸ਼ਾ ਵਰਕਰਾਂ, ਮਿਡ-ਡੇ ਮੀਲ ਅਤੇ ਪਾਰਟ ਟਾਈਮ ਸਫਾਈ ਵਰਕਰਾਂ, ਜੰਗਲਾਤ ਵਰਕਰਾਂ ਆਦਿ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਸ ਸਬੰਧੀ 27 ਹਜ਼ਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੇ 2016 ਨੋਟੀਫਿਕੇਸ਼ਨ ਅਨੁਸਾਰ ਪੰਜਾਬ ਦੇ ਸਾਰੇ ਠੇਕੇ ’ਤੇ ਕੰਮ ਕਰ ਰਹੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਵਾਲੇ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ, ਜਦਕਿ ਹੁਣ ਸਰਕਾਰ ਅਾਪਣੇ ਕੀਤੇ ਵਾਅਦੇ ਤੋਂ ਪਿੱਛੇ ਹਟ ਰਹੀ ਹੈ। ਵਰਕਰਾਂ ਨੇ ਕਿਹਾ ਕਿ 20 ਸਾਲ ਤੋਂ ਨੌਕਰੀ ਕਰ ਰਹੇ ਜੰਗਲਾਤ ਵਿਭਾਗ ਦੇ ਵਰਕਰਾਂ ਅਤੇ ਮਿਡ-ਡੇ ਮੀਲ ਸਮੇਤ ਸਾਰੇ ਵਿਭਾਗਾਂ ਦੇ ਹਜ਼ਾਰਾਂ ਵਰਕਰ ਅਜੇ ਤੱਕ ਕੱਚੇ ਹੀ ਹਨ, ਉਨ੍ਹਾਂ ਨੂੰ ਤਰੱਕੀ ਨਹੀਂ ਦਿੱਤੀ ਗਈ।
ਉਨ੍ਹਾਂ ਪੰਜਾਬ ਸਰਕਾਰ ਵਲੋਂ ਐੱਸ. ਐੱਸ. ਏ./ਰਮਸਾ ਅਧਿਆਪਕਾਂ ਦੀ 30 ਹਜ਼ਾਰ ਰੁਪਏ ਤਨਖਾਹ ਘਟਾ ਕੇ 15500 ਰੁਪਏ ’ਤੇ ਪੱਕੇ ਕਰਨੇ ਅਤੇ ਹਰਦੀਪ ਸਿੰਘ ਟੋਡਰਪੁਲ ਸਮੇਤ ਪੰਜ ਅਧਿਆਪਕ ਆਗੂਆਂ ਨੂੰ ਟਰਮੀਨੇਟ ਕਰਨ ਦੀ ਸਖ਼ਤ ਸ਼ਬਦਾ ਵਿਚ ਨਿੰਦਾ ਕੀਤੀ। ਰੈਲੀ ਵਿਚ ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਜਸਵਿੰਦਰ ਝਬੇਲਵਾਲੀ, ਪਵਨ ਕੁਮਾਰ, ਸਿਕੰਦਰ ਧਾਲੀਵਾਲ, ਜਗਪਾਲ ਬੰਗੀ, ਆਂਗਣਵਾਡ਼ੀ ਇੰਪਲਾਈਜ਼ ਫੈੱਡਰੇਸ਼ਨ ਆਫ ਇੰਡੀਆ ਤੋਂ ਹਰਗੋਬਿੰਦ ਕੌਰ ਨੇ ਇਸ ਰੈਲੀ ’ਚ ਹਮਾਇਤ ਕੀਤੀ ਅਤੇ ਪੰਜਾਬ ਸਰਕਾਰ ਤੋਂ ਮਿਡ-ਡੇ ਮੀਲ ਅਤੇ ਆਸ਼ਾ ਵਰਕਰਾਂ ਨੂੰ 18 ਹਜ਼ਾਰ ਰੁਪਏ, ਪਾਰਟ ਟਾਈਮ ਸਫਾਈ ਵਰਕਰਾਂ ਨੂੰ 8077 ਰੁਪਏ ਦੇਣ, ਆਸ਼ਾ ਫੈਸਿਲੀਟੇਟਰਾਂ, ਜੰਗਲਾਤ ਵਿਭਾਗ ਦੇ ਕਰਮੀਆਂ, ਮਿਡ-ਡੇ ਮੀਲ ਦੇ ਸਮੂਹ ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਤਿੰਨ ਸਾਲ ਦੀ ਸੇਵਾ ਕਾਲ ਪੂਰੀ ਕਰ ਚੁੱਕੇ ਹਰ ਵਿਭਾਗ ਦੇ ਕੱਚੇ ਵਰਕਰਾਂ ਪੂਰੀ ਤਨਖਾਹ ਦੇਣ ਦੀ ਮੰਗ ਕੀਤੀ। ਇਸ ਮੌਕੇ ਹਾਜ਼ਰ ਸਾਰੇ ਵਰਕਰਾਂ ਨੇ ਵੱਡੇ ਪੱਧਰ ’ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਇਸ ਤੋਂ ਬਾਅਦ ਸ਼ਹਿਰ ਵਿਚ ਇਕ ਮਾਰਚ ਵੀ ਕੱਢਿਆ ਗਿਆ। ਇਸ ਦੌਰਾਨ ਬਠਿੰਡਾ ਦੇ ਬੱਸ ਸਟੈਂਡ ਸਾਹਮਣੇ ਅੱਧੇ ਘੰਟੇ ਤੱਕ ਜਾਮ ਲੱਗਾ ਰਿਹਾ। ਇਸ ਤੋਂ ਇਲਾਵਾ ਰੈਲੀ ’ਚ ਕਿਸਾਨ ਆਗੂ ਅਮਰਜੀਤ ਸਿੰਘ, ਜਸਪਾਲ ਸੇਵੇਵਾਲਾ, ਮਨਪ੍ਰੀਤ ਘੋਨਿਆਵਾਲਾ, ਬਲਵਿੰਦਰ ਸਿੰਘ ਫਿਰੋਜ਼ਪੁਰ, ਸੰਤੋਸ਼ ਰਾਣੀ, ਵੀਰਪਾਲ ਕੌਰ, ਅਮਿਤਾ ਫਰੀਦਕੋਟ ਨੇ ਵੀ ਸੰਬੋਧਨ ਕੀਤਾ।