ਪੁਲਸ ਵਲੋਂ ਦਿੱਲੀ ਏਅਰਪੋਰਟ ਤੋਂ ਦਬੋਚੇ ਐੱਨ. ਆਰ. ਆਈ. ਪਤੀ ਨੂੰ ਅਦਾਲਤ ਨੇ ਭੇਜਿਆ ਦੋ ਦਿਨਾ ਰਿਮਾਂਡ ’ਤੇ

Thursday, Dec 27, 2018 - 05:39 AM (IST)

ਪੁਲਸ ਵਲੋਂ ਦਿੱਲੀ ਏਅਰਪੋਰਟ ਤੋਂ ਦਬੋਚੇ ਐੱਨ. ਆਰ. ਆਈ. ਪਤੀ ਨੂੰ ਅਦਾਲਤ ਨੇ ਭੇਜਿਆ ਦੋ ਦਿਨਾ ਰਿਮਾਂਡ ’ਤੇ

ਲੁਧਿਆਣਾ, (ਸਲੂਜਾ)- ਇਕ ਐੱਨ. ਆਰ. ਆਈ. ਪਤੀ ਆਪਣੀ ਪਤਨੀ ਨੂੰ ਅੱਜ ਤੋਂ ਸਿਰਫ 2 ਸਾਲ ਪਹਿਲਾਂ ਇਸ ਲਈ ਛੱਡ ਕੇ ਵਿਦੇਸ਼ ਭੱਜ ਗਿਆ, ਕਿਉਂਕਿ ਉਸ ਨੇ ਜਰਮਨ ਸੈਟਲ ਹੋਣ ਲਈ ਉਸ ਦੀ 8 ਲੱਖ ਰੁਪਏ ਦੀ ਮੰਗ ਪੂਰੀ ਨਹੀਂ ਕੀਤੀ ਸੀ ਪਰ ਕਥਿਤ ਦੋਸ਼ੀ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀਂ ਸਕਿਆ। ਬਹਿਰੀਨ ਤੋਂ ਜਿਉਂ ਸਿੰਦਰ ਸਿੰਘ ਇੰਦਰਾ ਗਾਂਧੀ ਦਿੱਲੀ ਏਅਰਪੋਰਟ ’ਤੇ ਉਤਰਿਆ ਤਾਂ ਪੁਲਸ ਨੇ ਧਰ ਦਬੋਚਿਆ। 
ਲੁਧਿਆਣਾ ਪੁਲਸ ਵਲੋਂ ਐੱਲ. ਓ. ਸੀ. ਜਾਰੀ ਹੋਣ  ਕਾਰਨ ਦਿੱਲੀ ਪੁਲਸ ਨੇ ਉਸੇ ਸਮੇਂ ਇਸ ਦੀ ਸੂਚਨਾ ਲੁਧਿਆਣਾ ਪੁਲਸ ਨੂੰ ਦਿੱਤੀ ਤਾਂ ਮਹਿਲਾ ਪੁਲਸ ਸਟੇਸ਼ਨ ਲੁਧਿਆਣਾ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਸੁਖਦੇਵ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਏਅਰਪੋਰਟ ਤੋਂ ਇਸ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ਅੱਜ ਪੁਲਸ ਨੇ ਲੁਧਿਆਣਾ ਦੇ ਮਾਣਯੋਗ ਜੁਡੀਸ਼ੀਅਲ ਮੈਜਿਸਟਰੇਟ ਜਸਬੀਰ ਸਿੰਘ ਦੀ ਕੋਰਟ ਵਿਚ ਕਥਿਤ ਦੋਸ਼ੀ ਸਿੰਦਰ ਸਿੰਘ ਨੂੰ ਪੇਸ਼ ਕੀਤਾ ਤਾਂ ਕੋਰਟ ਨੇ 2 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜਣ ਦੇ ਨਿਰਦੇਸ਼ ਜਾਰੀ ਕਰ ਦਿੱਤੇ।
  ਬੇਦਖਲ ਕਰਨ ਦਾ ਡਰਾਮਾ ਰਚਿਆ
 ਜਾਣਕਾਰੀ ਅਨੁਸਾਰ ਪਰਿਵਾਰ ਨੇ ਵਿਵਾਦ ਪੈਦਾ ਹੋਣ ਤੋਂ ਬਾਅਦ ਪੁਲਸ ਅਤੇ ਕੋਰਟ ਨੂੰ ਗੁੰਮਰਾਹ ਕਰਨ ਦੇ ਮਕਸਦ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨੇ ਤਾਂ ਸਿੰਦਰ ਸਿੰਘ ਨੂੰ ਬੇਦਖਲ ਕਰ ਦਿੱਤਾ ਹੈ। ਉਸ ਦੇ ਨਾਲ ਉਨ੍ਹਾਂ ਕੋਈ ਲੈਣਾ-ਦੇਣਾ ਨਹੀਂ ਹੈ ਪਰ ਅੱਜ ਜਦ ਪੁਲਸ ਨੇ ਕਥਿਤ ਦੋਸ਼ੀ ਦੇ ਰੂਪ ਵਿਚ ਉਸ ਨੂੰ ਕੋਰਟ ਵਿਚ ਪੇਸ਼ ਕੀਤਾ ਤਾਂ ਉਸ ਦੇ ਨਾਲ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਮੌਜੂਦ ਸਨ। ਸ਼ਿਕਾਇਤਕਰਤਾ ਨੇ ਸਿੰਦਰ ਸਿੰਘ ਦੇ ਪਰਿਵਾਰ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਬੇਦਖਲੀ ਦਾ ਸਿਰਫ ਡਰਾਮਾ ਰਚਿਆ ਤਾਂ ਜੋ ਕਾਨੂੰਨੀ ਕਾਰਵਾਈ ਤੋਂ ਬਚ ਸਕਣ। 
ਵਿਦੇਸ਼ ਮੰਤਰੀ ਨੇ ਕਰਵਾਇਆ ਡਿਪੋਰਟ 
 ਪਲਵਿੰਦਰ ਕੌਰ ਨੇ ਦੱਸਿਆ ਕਿ ਮੈਂ ਪੈਸਿਆਂ ਦੇ ਲਾਲਚ ਵਿਚ ਸਾਥ ਛੱਡ ਕੇ ਵਿਦੇਸ਼ ਭੱਜੇ ਪਤੀ ਨੂੰ ਡਿਪੋਰਟ ਕਰਵਾਉਣ ਲਈ ਦੇਸ਼ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸਾਡੀ ਪੂਰੀ ਦਾਸਤਾਨ ਸੁਣਨ  ਤੋਂ ਬਾਅਦ ਇਹ ਭਰੋਸਾ ਦਿਵਾਇਆ ਕਿ ਮੈਨੂੰ ਯਕੀਨਨ ਤੌਰ ’ਤੇ ਇਨਸਾਫ ਮਿਲੇਗਾ। ਵਿਦੇਸ਼ ਮੰਤਰੀ ਦੇ ਨਿਰਦੇਸ਼ਾਂ ’ਤੇ ਹੀ ਸਿੰਦਰ ਸਿੰਘ ਵਿਦੇਸ਼ ਤੋਂ ਡਿਪੋਰਟ ਹੋ ਕੇ ਭਾਰਤ ਪੁੱਜਾ। 

ਐੱਫ. ਆਈ. ਆਰ. ’ਚ 4 ਨਾਮਜ਼ਦ
ਵੂਮੈਨ ਪੁਲਸ ਸਟੇਸ਼ਨ ਲੁਧਿਆਣਾ ਵਿਚ ਸ਼ਿਕਾਇਤਕਰਤਾ ਪਲਵਿੰਦਰ ਕੌਰ ਵਾਸੀ ਹਰਿਗੋਬਿੰਦਪੁਰਾ, ਨਜ਼ਦੀਕ ਸਮਰਾਲਾ ਚੌਕ ਲੁਧਿਆਣਾ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਐੱਫ. ਆਈ. ਆਰ. ’ਚ ਸਿੰਦਰ ਸਿੰਘ, ਕਸ਼ਮੀਰ ਸਿੰਘ ਸਹੁਰੇ ਅਤੇ ਮਨਜੀਤ ਕੌਰ ਸੱਸ ਨੂੰ ਕਥਿਤ ਦੋਸ਼ੀਆਂ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਹੈ। ਜਦਕਿ ਹੁਣ ਤੱਕ ਦੀ ਜਾਂਚ ਵਿਚ ਸਿੰਦਰ ਸਿੰਘ ਦੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਗਿਆ।

ਆਈ. ਟੀ. ਐਕਟ ਅਧੀਨ ਵੀ ਮਾਮਲਾ ਹੋਵੇ ਦਰਜ  
 ਪਲਵਿੰਦਰ ਕੌਰ ਨੇ ਪੁਲਸ ਪ੍ਰਸ਼ਾਸਨ ਦੇ ਸਾਹਮਣੇ ਇਹ ਵੀ ਮੰਗ  ਕੀਤੀ  ਕਿ ਸਿੰਦਰ ਸਿੰਘ ਦੇ ਖਿਲਾਫ ਆਈ. ਟੀ. ਐਕਟ ਅਧੀਨ ਵੀ ਮਾਮਲਾ ਦਰਜ ਕੀਤਾ ਜਾਵੇ। ਕਿਉਂਕਿ ਉਸਨੇ ਸੋਸ਼ਲ ਮੀਡੀਆ ’ਤੇ ਮੇਰੀ ਫਰਜ਼ੀ ਫੋਟੋ ਪਾ ਕੇ ਮੈਨੂੰ ਸਮਾਜ ਵਿਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿੰਦਰ ਸਿੰਘ ਵਲੋਂ ਲਗਾਤਾਰ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪਲਵਿੰਦਰ ਕੌਰ ਨੇ ਕਿਹਾ ਕਿ ਜਦ ਤੱਕ ਸਿੰਦਰ ਨੂੰ ਸਜ਼ਾ ਨਹੀਂ ਮਿਲ ਜਾਂਦੀ ਤਦ ਤੱਕ ਮੈਂ ਚੈਨ ਨਾਲ ਨਹੀਂ ਬੈਠਾਂਗੀ। 
ਸਾਲੀ ਦੇ ਵਿਆਹ ’ਚ ਮਿਲਣੀ ਤਦ ਕਰਾਂਗਾ, ਜਦ ਮੈਨੂੰ ਦਿਓਗੇ 8 ਲੱਖ  
 ਪਲਵਿੰਦਰ ਕੌਰ ਨੇ ਦੱਸਿਆ ਕਿ 27 ਅਪ੍ਰੈਲ 2016 ’ਚ ਉਸਦਾ ਵਿਆਹ ਸਿੰਦਰ ਸਿੰਘ ਵਾਸੀ ਪਿੰਡ ਸੌਕਡ਼ਾ, ਤਹਿਸੀਲ ਨੀਲੋ ਖੇਡ਼ੀ ਜ਼ਿਲਾ ਕਰਨਾਲ, ਹਰਿਆਣਾ ਨਾਲ ਹੋਇਆ। ਵਿਆਹ ਤੋਂ ਕੁਝ ਸਮੇਂ ਬਾਅਦ  ਹੀ ਇਸ ਗੱਲ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਕਿ ਅਸੀਂ ਆਪਣਾ ਕੋਈ ਬੱਚਾ ਪੈਦਾ ਨਹੀਂ ਕਰਾਂਗੇ, ਸਗੋਂ ਆਪਣੇ ਭਰਾ ਦੇ ਬੇਟੇ ਨੂੰ ਆਪਣੇ ਬੱਚੇ ਦੀ ਤਰ੍ਹਾਂ ਪਾਲਾਂਗੇ। ਤੇਰੇ ਮਾਂ-ਬਾਪ ਨੇ ਕਿਹਡ਼ਾ ਕੁਝ ਦਿੱਤਾ ਹੈ। ਨਾ ਹੀ ਮਨ-ਪਸੰਦ ਦਾ ਕੋਈ ਦਾਜ ਦਿੱਤਾ ਹੈ। ਪਲਵਿੰਦਰ ਨੇ ਦੱਸਿਆ ਕਿ ਜੋ ਵਿਆਹ ਦੇ ਸਮੇਂ  ਮੇਰੇ ਮਾਪਿਅਾਂ ਨੇ ਸੋਨੇ ਦੇ ਗਹਿਣੇ ਪਾਏ  ਸਨ, ਉਹ ਇਹ ਕਹਿ ਕੇ ਉਸ ਤੋਂ ਲੈ ਲਏ ਗਏ ਕਿ ਜ਼ਰੂਰਤ ਦੇ ਸਮੇਂ ਪਾਉਣ ਨੂੰ ਦਿੱਤੇ ਜਾਣਗੇ ਪਰ ਫਿਰ ਮੈਨੂੰ ਕਦੇ ਦਿਖਾਏ ਤੱਕ ਨਹੀਂ। 
ਸੱਸ, ਸਹੁਰੇ ਸਮੇਤ ਪਰਿਵਾਰਕ ਮੈਂਬਰਾਂ ਨੇ ਮੈਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸਿੰਦਰ ਸਿੰਘ ਨੇ ਤਾਂ ਉਸ ਸਮੇਂ ਹੱਦ ਹੀ ਕਰ ਦਿੱਤੀ ਜਦ ਮੇਰੀ ਭੈਣ ਦਾ ਵਿਆਹ ਸੀ ਤਾਂ ਉਸ ਨੇ ਇਹ ਕਹਿ ਕੇ ਮਿਲਣੀ ਦੀ ਰਸਮ ’ਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ ਕਿ ਜਦ ਤੱਕ ਤੁਸੀਂ ਮੈਨੂੰ 8 ਲੱਖ ਰੁਪਏ ਨਹੀਂ ਦਿਉਗੇ ਤਦ ਤੱਕ ਮੈਂ ਮਿਲਣੀ ਨਹੀਂ ਕਰਾਂਗਾ। ਰਕਮ ਨਾ ਮਿਲਣ ’ਤੇ ਸਿੰਦਰ ਸਿੰਘ ਉਥੋਂ ਬਿਨਾਂ ਕਿਸੇ ਨੂੰ ਦੱਸੇ ਗਾਇਬ ਹੋ ਗਿਆ। ਪੀਡ਼ਤ ਨੇ ਜਾਣਕਾਰੀ ਦਿੱਤੀ ਕਿ ਮੇਰੇ ਪਰਿਵਾਰ ਵਾਲਿਆਂ ਨੇ ਨੀਦਰਲੈਂਡ ਦੀ ਫਾਈਲ ਅਪਲਾਈ ਕਰਨ ਲਈ ਸਿੰਦਰ ਸਿੰਘ ਨੂੰ 3 ਲੱਖ ਰੁਪਏ ਦਿੱਤੇ। ਜਦ ਇਹ ਫਾਈਲ ਰਿਫਊਜ਼ ਹੋ ਗਈ ਤਾਂ ਉਸ  ਤੋਂ ਬਾਅਦ ਮੇਰੇ ਪਤੀ ਨੇ  ਮੇਰੇ ਪਰਿਵਾਰ ਵਾਲਿਆਂ ਤੋਂ 8 ਲੱਖ ਰੁਪਏ ਮੰਗਣੇ ਸ਼ੁਰੂ ਕਰ ਦਿੱਤੇ।


Related News