ਨਸ਼ੇੜੀ ਨੌਜਵਾਨਾਂ ਦਾ ਕਾਰਾ, ਮਹਿਲਾ ASI ਨਾਲ ਕੀਤਾ ਗਾਲੀ-ਗਲੋਚ, ਕਾਂਸਟੇਬਲ ਨੂੰ ਵੀ ਮਾਰੇ ਲੱਤਾਂ-ਘਸੁੰਨ

Thursday, Nov 09, 2023 - 06:16 PM (IST)

ਚੰਡੀਗੜ੍ਹ (ਸੁਸ਼ੀਲ) : ਆਈ. ਟੀ. ਪਾਰਕ ਥਾਣਾ ਪੁਲਸ ਵਲੋਂ ਲਾਏ ਨਾਕੇ ’ਤੇ ਚੈਕਿੰਗ ਦੌਰਾਨ ਸ਼ਰਾਬ ਦੇ ਨਸ਼ੇ ਵਿਚ ਕਾਰ ਸਵਾਰ ਤਿੰਨ ਨੌਜਵਾਨਾਂ ਨੇ ਕਾਂਸਟੇਬਲ ਨਾਲ ਕੁੱਟਮਾਰ ਕੀਤੀ ਅਤੇ ਨਾਕਾ ਇੰਚਾਰਜ ਏ. ਐੱਸ. ਆਈ. ਚਰਨਜੀਤ ਕੌਰ ਨੂੰ ਗਾਲ੍ਹਾਂ ਕੱਢੀਆਂ ਅਤੇ ਧੱਕਾ ਮਾਰ ਕੇ ਫ਼ਰਾਰ ਹੋ ਗਏ। ਕਾਂਸਟੇਬਲ ਸੰਦੀਪ ਨੇ ਗੱਡੀ ਦਾ ਨੰਬਰ ਨੋਟ ਕਰ ਲਿਆ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।

ਆਈ. ਟੀ. ਪਾਰਕ ਥਾਣਾ ਪੁਲਸ ਨੇ ਮੁੱਖ ਮੁਲਜ਼ਮ ਰੋਹਿਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਂਸਟੇਬਲ ਸੰਦੀਪ ਦੀ ਸ਼ਿਕਾਇਤ ’ਤੇ ਥਾਣਾ ਪੁਲਸ ਨੇ ਕਾਰ ਸਵਾਰ ਤਿੰਨ ਨੌਜਵਾਨਾਂ ਮੁਕੇਸ਼, ਰੋਹਿਤ ਅਤੇ ਕਮਲ ਖ਼ਿਲਾਫ਼ ਕੁੱਟਮਾਰ ਅਤੇ ਡਿਊਟੀ ਵਿਚ ਰੁਕਾਵਟ ਪਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਆਈ. ਟੀ. ਪਾਰਕ ਥਾਣਾ ਪੁਲਸ ਮੁਲਜ਼ਮ ਰੋਹਿਤ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਉਸ ਦੇ ਫ਼ਰਾਰ ਸਾਥੀਆਂ ਸਬੰਧੀ ਪੁੱਛਗਿੱਛ ਕਰੇਗੀ।

ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ, ਜਾਣੋ ਦਿਸ਼ਾ-ਨਿਰਦੇਸ਼

ਆਈ. ਟੀ. ਪਾਰਕ ਵਿਚ ਤਾਇਨਾਤ ਏ. ਐੱਸ. ਆਈ. ਚਰਨਜੀਤ ਕੌਰ ਦੀ ਅਗਵਾਈ ਵਿਚ ਪੁਲਸ ਟੀਮ ਨੇ ਮੰਗਲਵਾਰ ਰਾਤ 10 ਤੋਂ ਸਵੇਰੇ 5 ਵਜੇ ਤਕ ਸ਼ਾਸਤਰੀ ਨਗਰ ਸਥਿਤ ਮੱਛੀ ਮਾਰਕੀਟ ਦੇ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀ। ਨਾਕੇ ’ਤੇ ਬਾਪੂਧਾਮ ਤੋਂ ਲਾਲ ਰੰਗ ਦੀ ਗ੍ਰੈਂਡ ਆਈ-10 ਕਾਰ ਆਉਂਦੀ ਦਿਖਾਈ ਦਿੱਤੀ। ਕਾਰ ਵਿਚ ਤਿੰਨ ਨੌਜਵਾਨ ਸਵਾਰ ਸਨ। ਚਾਲਕ ਦੇ ਨਾਲ ਬੈਠੇ ਨੌਜਵਾਨ ਨੇ ਸੀਟ ਬੈਲਟ ਨਹੀਂ ਲਾਈ ਹੋਈ ਸੀ।

ਕਾਂਸਟੇਬਲ ਸੰਦੀਪ ਨੇ ਕਾਰ ਰੋਕੀ ਅਤੇ ਲਾਇਸੈਂਸ ਮੰਗਿਆ ਪਰ ਡਰਾਈਵਰ ਨੇ ਇਨਕਾਰ ਕਰ ਦਿੱਤਾ। ਤਿੰਨੇ ਨੌਜਵਾਨਾਂ ਦੇ ਮੂੰਹ ਵਿਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ। ਨੌਜਵਾਨਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇੰਚਾਰਜ ਏ. ਐੱਸ. ਆਈ. ਚਰਨਜੀਤ ਕੌਰ ਨੇ ਆ ਕੇ ਨੌਜਵਾਨਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਨੇ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਤਿੰਨਾਂ ਨੌਜਵਾਨਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਲੱਤਾਂ ਅਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਉਹ ਵੀਡੀਓ ਬਣਾ ਰਹੇ ਸਨ ਤਾਂ ਤਿੰਨਾਂ ਨੌਜਵਾਨਾਂ ਨੇ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਰੌਲਾ ਪਾਇਆ ਤਾਂ ਉਹ ਕਾਰ ਲੈ ਕੇ ਫ਼ਰਾਰ ਹੋ ਗਏ। ਕਾਂਸਟੇਬਲ ਸੰਦੀਪ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ- ਸਮਰਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਾਰ ਤੇ ਬਲੈਰੋ ਦੀ ਟੱਕਰ ’ਚ ਔਰਤ ਦੀ ਮੌਤ

ਨਿੱਜੀ ਇੰਸਟੀਚਿਊਟ ’ਚ ਹਨ ਤਾਇਨਾਤ

ਮੁਲਜ਼ਮ ਰੋਹਿਤ ਸੂਦ, ਜੋ ਸੈਕਟਰ-67 ਮੋਹਾਲੀ ਦਾ ਰਹਿਣ ਵਾਲਾ ਹੈ, ਸੈਕਟਰ-34 ਸਥਿਤ ਹੈਲਿਕਸ ਕੋਚਿੰਗ ਇੰਸਟੀਚਿਊਟ ਵਿਚ ਨਾਨ-ਮੈਡੀਕਲ ਵਿਭਾਗ ਦਾ ਮੁਖੀ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਦੂਸਰਾ ਮੁਲਜ਼ਮ ਰਮੇਸ਼ ਕੁਮਾਰ ਵਾਸੀ ਸੈਕਟਰ-66 ਵੀ ਹੈਲਿਕਸ ਕੋਚਿੰਗ ਇੰਸਟੀਚਿਊਟ ਵਿਚ ਐਗਜ਼ੀਕਿਊਟਿਵ ਰਿਲੇਸ਼ਨਸ਼ਿਪ ਮੈਨੇਜਰ ਵਜੋਂ ਕੰਮ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News