ਰੇਹਡ਼ੀ ਵਾਲੇ ਨੇ ਠੇਕੇਦਾਰ ਦੇ ਕਰਿੰਦੇ ’ਤੇ ਕੁੱਟ-ਮਾਰ ਦਾ ਲਾਇਆ ਦੋਸ਼
Wednesday, Sep 05, 2018 - 02:10 AM (IST)

ਮੋਗਾ, (ਅਾਜ਼ਾਦ)- ਸਬਜ਼ੀ ਮੰਡੀ ਮੋਗਾ ’ਚ ਕਾਫੀ ਸਮੇਂ ਤੋਂ ਰੇਹਡ਼ੀ ’ਤੇ ਸਬਜ਼ੀ ਅਤੇ ਫਲ-ਫਰੂਟ ਲਾ ਕੇ ਵਿਕਰੀ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਰਾਮਬੀਰ ਨੇ ਮਾਰਕੀਟ ਕਮੇਟੀ ਦੇ ਠੇਕੇਦਾਰ ਦੇ ਕਰਿੰਦੇ ’ਤੇ ਉਸ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਤੇ ਉਸ ਤੋਂ ਜ਼ਬਰਦਸਤੀ ਪੈਸੇ ਖੋਹਣ ਦਾ ਦੋਸ਼ ਲਾਇਆ ਹੈ। ਪ੍ਰਵਾਸੀ ਮਜ਼ਦੂਰ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਪ੍ਰਵਾਸੀ ਮਜ਼ਦੂਰ ਰਾਮਬੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 35 ਸਾਲਾਂ ਤੋਂ ਸਬਜ਼ੀ ਮੰਡੀ ਵਿਚ ਰੇਹਡ਼ੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਆ ਰਿਹਾ ਹੈ। ਕਮੇਟੀ ਵੱਲੋਂ ਸਬਜ਼ੀ ਮੰਡੀ ਵਿਚ ਸਬਜ਼ੀ ਦੀ ਰੇਹਡ਼ੀ ਲਾਉਣ ਵਾਲਿਆਂ ਨੂੰ ਜਗ੍ਹਾ ਦਿੱਤੀ ਹੋਈ ਹੈ ਅਤੇ ਉਹ ਪ੍ਰਤੀ ਰੇਹਡ਼ੀ 5 ਰੁਪਏ ਦੀ ਪਰਚੀ ਵੀ ਕਟਵਾਉਂਦਾ ਆ ਰਿਹਾ ਹੈ। ਹੁਣ ਮਾਰਕੀਟ ਕਮੇਟੀ ਨੇ ਉਸ ਜਗ੍ਹਾ ਨੂੰ ਠੇਕੇ ’ਤੇ ਦਿੱਤਾ ਹੈ। ਠੇਕੇਦਾਰ ਦਾ ਕਰਿੰਦਾ ਸਾਨੂੰ 100 ਜਾਂ 200 ਰੁਪਏ ਦੀ ਪਰਚੀ ਕਟਵਾਉਣ ਦੇ ਲਈ ਮਜਬੂਰ ਕਰਦਾ ਹੈ। ਬੀਤੇ ਦਿਨ ਜਦ ਠੇਕੇਦਾਰ ਦੇ ਕਰਿੰਦੇ ਨੇ ਮੈਨੂੰ 100 ਰੁਪਏ ਦੀ ਪਰਚੀ ਕਟਵਾਉਣ ਨੂੰ ਕਿਹਾ ਤਾਂ ਮੈਂ ਇਨਕਾਰ ਕਰ ਦਿੱਤਾ। ਜਦ ਮੈਂ ਵਿਰੋਧ ਕੀਤਾ ਤਾਂ ਉਸ ਨੇ ਮੇਰੀ ਕੁੱਟ-ਮਾਰ ਕੀਤੀ ਤੇ ਮੇਰੀ ਜੇਬ ’ਚੋਂ ਪੈਸੇ ਕੱਢ ਲਏ। ਪੀਡ਼ਤ ਨੇ ਕਿਹਾ ਕਿ ਅਜੇ ਤੱਕ ਕੋਈ ਵੀ ਪੁਲਸ ਮੁਲਾਜ਼ਮ ਮੇਰੇ ਬਿਆਨ ਦਰਜ ਕਰਨ ਲਈ ਨਹੀਂ ਆਇਆ।