ਸਰਫ਼ ਦੀ ਫੈਕਟਰੀ ਦੀ ਆੜ ''ਚ ਚੱਲ ਰਿਹਾ ਸੀ ਨਕਲੀ ਘਿਓ ਬਣਾਉਣ ਦਾ ਧੰਦਾ, 700 ਲੀਟਰ ਮਿਲਾਵਟੀ ਘਿਓ ਬਰਾਮਦ

Wednesday, Jan 03, 2024 - 08:34 PM (IST)

ਸਰਫ਼ ਦੀ ਫੈਕਟਰੀ ਦੀ ਆੜ ''ਚ ਚੱਲ ਰਿਹਾ ਸੀ ਨਕਲੀ ਘਿਓ ਬਣਾਉਣ ਦਾ ਧੰਦਾ, 700 ਲੀਟਰ ਮਿਲਾਵਟੀ ਘਿਓ ਬਰਾਮਦ

ਭਵਾਨੀਗੜ੍ਹ (ਵਿਕਾਸ ਮਿੱਤਲ)- ਫੂਡ ਸੇਫਟੀ ਵਿਭਾਗ ਸੰਗਰੂਰ ਦੀ ਟੀਮ ਨੇ ਬੁੱਧਵਾਰ ਨੂੰ ਇੱਥੇ ਨਾਭਾ ਰੋਡ 'ਤੇ ਸਥਿਤ ਇੱਕ ਸਰਫ਼ ਬਣਾਉਣ ਦੀ ਫੈਕਟਰੀ ਦੀ ਆੜ 'ਚ ਮਿਲਾਵਟੀ ਘਿਓ ਦੇ ਗੋਰਖਧੰਦੇ ਦਾ ਭਾਂਡਾ ਭੰਨਦਿਆਂ ਛਾਪਾਮਾਰੀ ਦੌਰਾਨ ਮੌਕੇ ਤੋਂ ਕਰੀਬ 700 ਲੀਟਰ ਮਿਲਾਵਟੀ ਘਿਓ ਬਰਾਮਦ ਕਰਦਿਆਂ ਫੈਕਟਰੀ ਨੂੰ ਸੀਲ ਕੀਤਾ।
 
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਛਾਪਾਮਾਰੀ ਕਰਦਿਆਂ ਨਕਲੀ ਘਿਓ ਤਿਆਰ ਕਰ ਕੇ ਥੋਕ ਰੂਪ ਵਿੱਚ ਬਾਜ਼ਾਰਾਂ 'ਚ ਸਪਲਾਈ ਕਰਨ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਟੀਮ ਨੂੰ ਮੌਕੇ ਤੋਂ ਕਰੀਬ 700 ਲੀਟਰ ਮਿਲਾਵਟੀ ਘਿਓ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਿਲਾਵਟੀ ਘਿਓ ਸਰਫ਼ ਦੀ ਫੈਕਟਰੀ ਦੇ ਪਿਛਲੇ ਪਾਸੇ ਬਣੇ ਇੱਕ ਕਮਰਾਨੁਮਾ ਠਿਕਾਣੇ ਵਿੱਚ ਵੱਡੇ ਪੱਧਰ 'ਤੇ ਤਿਆਰ ਕੀਤਾ ਜਾ ਰਿਹਾ ਸੀ। 

ਇਹ ਵੀ ਪੜ੍ਹੋ- ਸੱਟੇਬਾਜ਼ੀ ਦਾ ਧੰਦਾ ਹੋਇਆ ਬੰਦ ਤਾਂ ਅਮੀਰ ਹੋਣ ਲਈ ਡਰੱਗ ਸਮੱਗਲਿੰਗ ਕੀਤੀ ਸ਼ੁਰੂ, ਹੈਰੋਇਨ ਸਣੇ ਚੜ੍ਹਿਆ ਪੁਲਸ ਅੜਿੱਕੇ

ਟੀਮ ਨੂੰ ਮਿਲਾਵਟ ਦਾ ਦਿੱਤਾ 'ਲਾਈਵ ਡੈਮੋ'
ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਵਿਭਾਗ ਦੀ ਟੀਮ ਨੇ ਉੱਥੇ ਕੰਮ ਕਰ ਰਹੇ ਕਾਮਿਆਂ ਤੋਂ ਪੁੱਛਗਿੱਛ ਕੀਤੀ ਤਾਂ ਕਾਰੀਗਰਾਂ ਨੇ ਰਿਫਾਇੰਡ ਤੇ ਹੋਰ ਤੇਲ ਸਮੇਤ ਪੀਲੇ ਰੰਗ ਦੀ ਮਿਲਾਵਟ ਕਰਕੇ ਟੀਮ ਨੂੰ ਇੱਕ ਤਰ੍ਹਾਂ ਨਾਲ 'ਲਾਈਵ ਡੈਮੋ' ਦਿੱਤਾ। ਇਸ ਮੌਕੇ ਡਾ. ਬਲਜੀਤ ਸਿੰਘ ਨੇ ਕਿਹਾ ਕਿ ਇਹ ਸਭ ਮਨੁੱਖੀ ਸਿਹਤ ਲਈ ਘਾਤਕ ਹੈ ਤੇ ਇਸ ਤਰ੍ਹਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। 

ਉਧਰ ਘਿਓ ਦੀ ਫੈਕਟਰੀ ਦਾ ਮਾਲਕ ਮੌਕੇ 'ਤੇ ਮੌਜੂਦ ਨਹੀਂ ਸੀ ਤੇ ਵਿਭਾਗ ਦੀ ਟੀਮ ਵੱਲੋਂ ਉਸਨੂੰ ਵਾਰ-ਵਾਰ ਫੋਨ ਕਰਕੇ ਮੌਕੇ 'ਤੇ ਪੁੱਜਣ ਲਈ ਆਖਿਆ ਜਾਂਦਾ ਰਿਹਾ। ਬਾਅਦ ਵਿੱਚ ਵਿਭਾਗ ਦੀ ਟੀਮ ਨੇ ਮੌਕੇ 'ਤੇ ਬਰਾਮਦ ਹੋਏ ਘਿਓ ਦੀ ਸੈਂਪਲਿੰਗ ਕਰਦਿਆਂ ਫੈਕਟਰੀ ਨੂੰ ਰਿਪੋਰਟ ਆਉਣ ਤੱਕ ਸੀਲ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸੈਂਪਲਾਂ ਨੂੰ ਜਾਂਚ ਦੇ ਲਈ ਖਰੜ ਲੈਬੋਰੇਟਰੀ 'ਚ ਭੇਜਿਆ ਜਾਵੇਗਾ ਤੇ ਰਿਪੋਰਟ ਆਉਣ 'ਤੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ ਤੇ ਪੁਲਸ ਨੂੰ ਇਸ ਸਬੰਧੀ ਰਿਪੋਰਟ ਭੇਜੀ ਜਾਵੇਗੀ। 

ਇਹ ਵੀ ਪੜ੍ਹੋ- 80 ਸਾਲਾ ਬਜ਼ੁਰਗ ਨਾਲ ਹੋ ਗਈ ਜੱਗੋਂ ਤੇਰ੍ਹਵੀਂ, ਅਨੋਖੇ ਢੰਗ ਨਾਲ ਬਣਿਆ ਠੱਗੀ ਦਾ ਸ਼ਿਕਾਰ

ਇਸ ਮੌਕੇ ਵਿਭਾਗ ਦੀ ਟੀਮ ਵਿੱਚ ਫੂਡ ਸੇਫਟੀ ਇੰਸਪੈਕਟਰ ਚਰਨਜੀਤ ਸਿੰਘ ਵੀ ਮੌਜੂਦ ਸਨ। ਓਧਰ ਪੱਤਰਕਾਰਾਂ ਵੱਲੋਂ ਜਦੋਂ ਫੈਕਟਰੀ ਦੇ ਮਾਲਕ ਜਿੰਮੀ ਕੁਮਾਰ ਵਾਸੀ ਮਾਨਸਾ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਸਦਾ ਆਖਣਾ ਸੀ ਕਿ ਇਹ ਘਿਓ ਜੋਤਾਂ ਲਈ ਤਿਆਰ ਕੀਤਾ ਜਾਂਦਾ ਹੈ ਨਾਲ ਹੀ ਉਸਨੇ ਦਾਅਵਾ ਕੀਤਾ ਕਿ ਘਿਓ ਨੂੰ ਤਿਆਰ ਕਰਨ ਲਈ ਉਸਦੇ ਕੋਲ ਸਬੰਧਤ ਵਿਭਾਗ ਦਾ ਲਾਇਸੈਂਸ ਵੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News