ਇਲਾਜ ਕਰਨ ਦੀ ਆੜ ’ਚ ਅਖੌਤੀ ਬਾਬਿਆਂ ਵੱਲੋਂ ਅੰਧਵਿਸ਼ਵਾਸ ’ਚ ਫਸੇ ਲੋਕਾਂ ਦਾ ਕੀਤਾ ਜਾ ਰਿਹਾ ਸ਼ੋਸ਼ਣ!
Friday, Jan 03, 2025 - 06:13 AM (IST)
ਸੁਲਤਾਨਪੁਰ ਲੋਧੀ (ਧੀਰ) - ਸਾਡੇ ਸਮਾਜ ਵਿਚ ਦਿਨੋ-ਦਿਨ ਮਹਿੰਗੇ ਹੋ ਰਹੇ ਡਾਕਟਰੀ ਇਲਾਜ ਅਤੇ ਸਰਕਾਰ ਵੱਲੋਂ ਪੱਛੜੇ ਵਰਗ ਨਾਲ ਕੀਤੀ ਜਾ ਰਹੀ ਕਾਣੀ ਵੰਡ ਹੋਣ ਕਰ ਕੇ ਗਰੀਬ ਹਸਪਤਾਲਾਂ ਵਿਚ ਮਹਿੰਗਾ ਇਲਾਜ ਨਹੀਂ ਕਰਵਾ ਸਕਦਾ, ਜਿਸ ਕਰ ਕੇ ਘਰੇਲੂ ਗਰੀਬੀ ਤੇ ਬੀਮਾਰੀਆਂ ਨਾਲ ਜਕੜੇ ਹੋਏ ਗਰੀਬ ਲੋਕਾਂ ਦੀ ਇਸ ਮਜਬੂਰੀ ਦਾ ਫਾਇਦਾ ਉਠਾਉਂਦੇ ਹਨ ਧਾਗੇ-ਤਵੀਤਾਂ ਤੇ ਪੁੱਛਾਂ ਦੇਣ ਵਾਲੇ ਅਖੌਤੀ ਬੂਲਲੇ ਤੇ ਪਾਖੰਡੀ ਬਾਬੇ। ਜੋ ਲੋੜਵੰਦਾਂ ਦੀ ਜਿਸਮਾਨੀ ਤੇ ਪੈਸੇ ਦੀ ਸ਼ਰੇਆਮ ਲੁੱਟ ਕਰ ਕੇ ਐਸ਼ਪ੍ਰਸਤੀ ਦੀ ਜ਼ਿੰਦਗੀ ਬਸਰ ਕਰਦੇ ਹਨ।
ਅੱਜਕਲ ਸਾਡੇ ਸਮਾਜ ਵਿਚ ਇਨ੍ਹਾਂ ਅਖੌਤੀ ਬਾਬਿਆਂ ਤੇ ਸਿਰ ਘੁੰਮਾਉਣ ਵਾਲੀਆਂ ਮਾਈਆਂ ਦਾ ਇਕ ਹੜ੍ਹ ਜਿਹਾ ਆਇਆਂ ਹੋਇਆ ਹੈ। ਇਨ੍ਹਾਂ ਦੇ ਡੇਰਿਆਂ ’ਤੇ ਜਿੱਥੇ ਸ਼ਰੇਆਮ ਸਵੇਰੇ-ਸ਼ਾਮ ਹਨ ਚੌਕੀਆਂ ਲੱਗਦੀਆਂ ਹਨ ਤੇ ਇਨ੍ਹਾਂ ਤਾਂਤਰਿਕਾਂ ਦੇ ਪਰਿਵਾਰ ਵਾਲੇ ਅਤੇ ਇਨ੍ਹਾਂ ਦੇ ਪਿਆਲੇ ਦੇ ਯਾਰ (ਚੇਲੇ ਬਾਲਕੇ) ਹੀ ਇਲਾਕੇ ਵਿਚ ਜਾ ਕੇ ਖਾਸ ਕਰ ਕੇ ਪੇਂਡੂ ਔਰਤਾਂ ਕੋਲ ਦਾ ਇਨ੍ਹਾਂ ਬਾਬਿਆਂ ਦੀ ਖੂਬ ਚਰਚਾ ਕਰਦੇ ਅਤੇ ਸਿਫਤੀ ਦੇ ਪੁੱਲ ਬੰਨ੍ਹਦੇ ਅੰਬਰੋਂ ਤਾਰੇ ਤੋੜ ਲਿਆਉਣ ਤੇ ਤਲੀ ’ਤੇ ਸਰੋਂ ਜਮਾਉਣ ਦੀਆਂ ਗੱਲਾਂ ਕਰਦੇ ਹੋਏ।
ਇਨ੍ਹਾਂ ਤਾਂਤਰਿਕਾਂ ਕੋਲ ਜਾ ਕੇ ਆਪਣੇ ਕੱਟੇ ਗਏ ਰੋਕਾਂ ਦੀ ਪੁਸ਼ਟੀ ਕਰਦੇ ਇਨ੍ਹਾਂ ਬਾਬਿਆਂ ਨੂੰ ਕੋਈ ਕ੍ਰਿਸ਼ਮਾਈ ਅਵਤਾਰ ਤੱਕ ਦਾ ਦਰਜਾ ਦਿੰਦੇ ਹੋਏ ਲੋਕਾਂ ਨੂੰ ਇਨ੍ਹਾਂ ਦੀ ਸ਼ਰਨ ਆਉਣ ਲਈ ਉਤਸੁਕ ਕਰਦੇ ਹਨ। ਦੇਖੋ ਦੇਖੀ ਲੋਕਾਂ ਦੀਆਂ ਵਹੀਰਾਂ ਇਨ੍ਹਾਂ ਦੇ ਡੇਰਿਆਂ ਵੱਲ ਵੱਧਣੀਆਂ ਸ਼ੁਰੂ ਹੋ ਚੁੱਕੀਆਂ ਹਨ, ਜਿਥੇ ਇਹ ਤਾਂਤਰਿਕ ਬਾਬੇ ਆਪਣੇ ਕਿਸੇ ਪੀਰ ਨੂੰ ਧਿਆਉਂਦੇ ਹਨ।
ਆਪਣੇ ਸਾਹਮਣੇ ਬੈਠੇ ਮਰੀਜ਼ ਦੀ ਹਾਲਤ ਤੇ ਰਹਿਣ ਸਹਿਣ ਤੋਂ ਅੰਦਾਜ਼ਾ ਲਾ ਕੇ ਮਨਘੜ੍ਹਤ ਜਿਹੇ ਸਵਾਲ ਕਰਦੇ ਹੋਰ ਹੀ ਭੂਤਾ, ਪਰੇਤਾ ਤੇ ਉਪਰੀ ਕਸਰ ਹੋਣ ਦਾ ਬਹਾਨਾ ਬਣਾਉਂਦੇ ਹੋਏ ਲੋਕਾਂ ਦੀ ਸ਼ਰੀਕੇਬਾਜ਼ੀਆਂ ਵੱਲੋਂ ਖਵਾਏ ਹੋਏ ਤਵੀਤਾਂ ਦਾ ਵੇਰਵਾ ਦਿੰਦੇ ਹੋਏ। ਅਨਭੋਲ ਲੋਕਾਂ ਦੇ ਦਿਲਾਂ ’ਚ ਆਪਣੇ ਸਕਿਆਂ-ਸਬੰਧੀਆਂ ਦੇ ਵਿਰੁੱਧ ਹੀ ਨਫਰਤ ਦਾ ਬੀਜ ਬੀਜਦੇ ਹਨ।
ਕੁਝ ਦੇਹ ਵਪਾਰ ਕਰਨ ਵਾਲੀਆਂ ਔਰਤਾਂ ਵੀ ਬਾਬਿਆਂ ਦੇ ਗੋਰਖਧੰਦੇ ਨਾਲ ਜੁੜੀਆਂ
ਹੁਣ ਤੋਂ ਕੁਝ ਸਮਾਂ ਪਹਿਲਾਂ ਜਿਨ੍ਹਾਂ ਵਿਹਲੜਾਂ ਨੂੰ ਕੋਈ ਮਜਬੂਰੀ ਲਈ ਦਿਹਾੜੀ ’ਤੇ ਲਿਜਾ ਕੇ ਨਹੀਂ ਸੀ ਰਾਜ਼ੀ ਤੇ ਦਰ-ਦਰ ’ਤੇ ਨਸ਼ਿਆਂ ਨਾਲ ਰੱਜ਼ੇ ਪਾਗਲਪੁਣੇ ਦੀਆਂ ਹਰਕਤਾਂ ਕਰਦੇ-ਫਿਰਦੇ ਸਨ। ਜਦੋਂ ਤੋਂ ਇਸ ਢਕੋਂਸਲੇਬਾਜ਼ੀ ਦੇ ਕਾਰੋਬਾਰ ਨਾਲ ਜੁੜੇ ਹਨ। ਦੇਖਦੇ ਹੀ ਦੇਖਦੇ ਚੰਗੀਆਂ ਜਾਇਦਾਦਾਂ, ਨਵੀਆਂ ਕਾਰਾਂ, ਕੋਠੀਆਂ ਦਾ ਮਾਲਕ ਬਣ ਗਏ ਹਨ। ਖਾਸ ਕਰ ਕੇ ਇਸ ਧੰਦੇ ਨਾਲ ਜ਼ਿਆਦਾ ਸਬੰਧ ਪੱਛੜੇ ਵਰਗ ਦੇ ਲੋਕਾਂ ਦਾ ਹੀ ਹੈ ਅਤੇ ਕੁਝ ਦੇਹ ਵਪਾਰ ਕਰਨ ਵਾਲੀਆਂ ਔਰਤਾਂ ਵੀ ਬਾਬਿਆਂ ਦੇ ਗੋਰਖ ਧੰਦੇ ਨਾਲ ਜੁੜੀਆਂ ਹੋਈਆਂ ਹਨ।
ਜੋ ਅਖੌਤੀ ਸਾਧਾਂ ਤੇ ਉਨ੍ਹਾਂ ਦੇ ਚੰਗੇ ਗਾਹਕਾਂ ਦਾ ਮਨਪ੍ਰਚਾਵਾ ਵੀ ਕਰਦੀਆਂ ਹਨ ਤੇ ਕਈ ਵਾਰ ਆਪਣੇ ਪਿੰਡਾਂ ਦੀਆਂ ਭੋਲੀਆਂ-ਭਾਲੀਆਂ ਅਣਜਾਨ ਲੜਕੀਆਂ ਨੂੰ ਵੀ ਆਪਣੇ ਚੁੰਗਲ ਵਿਚ ਫਸਾ ਕੇ ਇਨ੍ਹਾਂ ਅਖੌਤੀਆਂ ਦੇ ਧੱਕੇ ਚੜ੍ਹ ਜਾਂਦੀਆਂ ਹਨ। ਸ਼ਬਾਬ ਤੇ ਸ਼ਰਾਬ ਵਿਚ ਡੁੱਬੀਆਂ ਰੰਗੀਨ ਰਾਤਾਂ ਬਿਤਾਉਣ ਵਾਲੀਆਂ ਇਹ ਔਰਤਾਂ ਆਪਣੇ ਘਰ ਜਾਂ ਪਿੰਡ ਦੇ ਲੋਕਾਂ ਅਕਸਰ ਕਿਸੇ ਬਾਬੇ ਦਾ ਚੌਕੀ ਭਰ ਕੇ ਆਈਆਂ ਗੋਲਮੋਲ ਬਹਾਨਾ ਬਣਾ ਦਿੰਦੀਆਂ ਹਨ।
ਪੜ੍ਹੇ-ਲਿਖੇ ਅਤੇ ਸਰਕਾਰੀ ਅਧਿਕਾਰੀ ਵੀ ਬਾਬਿਆਂ ਦੀ ਚੁੰਗਲ ’ਚ ਫਸੇ
ਅਖੌਤੀ ਬਾਬਿਆਂ ਡੇਰਿਆਂ ’ਤੇ ਆਉਂਦੀ ਆਮ ਦੁਖੀ ਜਨਤਾ ਦੀ ਭੀੜ ਨੂੰ ਦੇਖ-ਦੇਖ ਕਈ ਪੜ੍ਹੇ-ਲਿਖੇ ਬੇਰੋਜ਼ਗਾਰ, ਕਈ ਸਰਕਾਰੀ ਉੱਚ ਅਧਿਕਾਰੀ ਅਤੇ ਕਈ ਚੰਗੇ ਘਰਾਂ ਦੇ ਲੋਕ ਵੀ ਬੇਔਲਾਦ ਬੱਚਾ ਹੋਣ ਦੀ ਆਸ ਨਾਲ ਜਾਂ ਆਪਣਾ ਚੰਗਾ ਕਾਰੋਬਾਰ ਚੱਲਦਾ ਕਰਨ ਲਈ ਜਾਂ ਫਿਰ ਕਿਸੇ ਵਿਰੋਧੀ ਦਾ ਭੱਠਾ ਬਿਠਾਉਣ ਦੇ ਮਨਸੂਬੇ ਦਿਲਾਂ ਵਿਚ ਲਈ ਇਨ੍ਹਾਂ ਅਖੌਤੀ ਸਾਧਾਂ ਦੇ ਡੇਰਿਆਂ ’ਤੇ ਚੌਕੀਆਂ ਭਰਨ ਜਾਂਦੇ ਹਨ। ਕੁਝ ਸਿਆਸੀ ਲੋਕ ਵੀ ਇਨ੍ਹਾਂ ਡੇਰਿਆਂ ਦੀ ਭੀੜ ਨੂੰ ਕੈਸ਼ ਕਰਨ ਲਈ ਇਨ੍ਹਾਂ ਪਾਖੰਡੀ ਅਖੌਤੀ ਬਾਬਿਆਂ ਤੋਂ ਵੋਟ ਬੈਂਕ ਦਾ ਲਾਹਾ ਲੈਣ ਲਈ ਚੌਂਕੀਆਂ ਭਰਦੇ ਵੇਖੇ ਜਾ ਸਕਦੇ ਹਨ।