ਪਟਿਆਲਾ ’ਚ ਆਮ ਆਦਮੀ ਪਾਰਟੀ ਵੱਲੋਂ ਹਿੰਦੂ ਚਿਹਰੇ ਨੂੰ ਮੇਅਰ ਬਣਾਉਣ ਦੀ ਸੰਭਾਵਨਾ
Wednesday, Dec 25, 2024 - 04:56 AM (IST)
ਪਟਿਆਲਾ (ਰਾਜੇਸ਼ ਪੰਜੌਲਾ) - ਆਮ ਆਦਮੀ ਪਾਰਟੀ ਨੇ ਇਕ ਨਵਾਂ ਇਤਿਹਾਸ ਰਚਦੇ ਹੋਏ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੀ ਨਗਰ ਨਿਗਮ ’ਤੇ ਵੱਡੇ ਬਹੁਮਤ ਨਾਲ ਕਬਜ਼ਾ ਕਰ ਲਿਆ ਹੈ, ਜਿਥੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿਚ ਪਾਰਟੀ ਨੂੰ ਆਪਣਾ ਮੇਅਰ ਬਣਾਉਣ ਲਈ ਮੁਸ਼ੱਕਤ ਕਰਨੀ ਪੈ ਰਹੀ ਹੈ, ਉਥੇ ਹੀ ਪਟਿਆਲਾ ਵਿਚ ਪਾਰਟੀ ਕੋਲ ਬਹੁਤ ਵੱਡਾ ਜਨਆਦੇਸ਼ ਆਇਆ ਹੈ।
ਸੂਤਰਾਂ ਅਨੁਸਾਰ ਪਟਿਆਲਾ ਸ਼ਹਿਰ ਦੀ ਧਾਰਮਿਕ, ਸਮਾਜਿਕ ਬਣਤਰ ਅਤੇ ਪੁਰਾਣੇ ਇਤਿਹਾਸ ਨੂੰ ਦੇਖਦੇ ਹੋਏ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣਾਉਣ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਗਠਨ ਡਾ. ਸੰਦੀਪ ਪਾਠਕ, ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਪਟਿਆਲਾ ਦੇ ਪੁਰਾਣੇ ਵਲੰਟੀਅਰਾਂ ਅਤੇ ਨਵੇਂ ਚੁਣੇ ਗਏ ਕੌਂਸਲਰਾਂ ਨਾਲ ਮੁਲਾਕਾਤਾਂ ਵੀ ਕਰ ਲਈਆਂ ਹਨ।
ਸੂਤਰਾਂ ਅਨੁਸਾਰ ਪਟਿਆਲਾ ਦੇ ਪੁਰਾਣੇ ਇਤਿਹਾਸ ਅਤੇ ਸਮਾਜਿਕ ਅਤੇ ਧਾਰਮਿਕ ਬਣਤਰ ਨੂੰ ਦੇਖਦੇ ਹੋਏ ਪਾਰਟੀ ਸ਼ਹਿਰ ਦਾ ਮੇਅਰ ਕਿਸੇ ਹਿੰਦੂ ਚਿਹਰੇ ਨੂੰ ਬਣਾਉਣਾ ਚਾਹੁੰਦੀ ਹੈ, ਇਸ ਲਈ ਪਾਰਟੀ ਕੋਲ ਟਕਸਾਲੀ ਵਲੰਟੀਅਰ ਕੁੰਦਨ ਗੋਗੀਆ, ਜ਼ਿਲਾ ਸ਼ਹਿਰੀ ਪ੍ਰਧਾਨ ਤਜਿੰਦਰ ਮਹਿਤਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਏ ਪਟਿਆਲਾ ਦੇ ਵੱਡੇ ਸਮਾਜ ਸੇਵੀ ਪਰਿਵਾਰ ਨਾਲ ਸਬੰਧਤ ਹਰਪਾਲ ਜੁਨੇਜਾ ਮੇਅਰ ਲਈ ਮਜ਼ਬੂਤ ਉਮੀਦਵਾਰ ਹਨ।
ਹਰਪਾਲ ਜੁਨੇਜਾ ਅਕਾਲੀ ਦਲ ਦੀ ਟਿਕਟ ’ਤੇ ਪਟਿਆਲਾ ਸ਼ਹਿਰ ਤੋਂ ਵਿਧਾਇਕ ਦੀ ਚੋਣ ਵੀ ਲੜ ਚੁੱਕੇ ਹਨ। ਉਨ੍ਹਾਂ ਦੇ ਪਿਤਾ ਭਗਵਾਨ ਦਾਸ ਜੁਨੇਜਾ ਪਿਛਲੇ 40 ਸਾਲਾਂ ਤੋਂ ਪਟਿਆਲਾ ਸ਼ਹਿਰ ਵਿਚ ਸਮਾਜ ਸੇਵਾ ਦੇ ਵੱਡੇ ਕਾਰਜ ਕਰਦੇ ਆ ਰਹੇ ਹਨ। ਸੂਤਰਾਂ ਅਨੁਸਾਰ ਪਾਰਟੀ 2014 ਤੋਂ ਹੀ ਜੁਨੇਜਾ ਪਰਿਵਾਰ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਨਾ ਚਾਹੁੰਦੀ ਸੀ ਅਤੇ ਹੁਣ ਇਹ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ ਹੈ। ਅਜਿਹੇ ਵਿਚ ਸ਼ਹਿਰ ਵਿਚ ਚਰਚਾ ਹੈ ਕਿ ਹਰਪਾਲ ਜੁਨੇਜਾ ਮਜ਼ਬੂਤ ਉਮੀਦਵਾਰ ਹਨ।
ਜੇਕਰ ਪਾਰਟੀ ਨੇ ਇਹ ਫੈਸਲਾ ਕੀਤਾ ਕਿ ਟਕਸਾਲੀ ਵਲੰਟੀਅਰ ਨੂੰ ਹੀ ਮੇਅਰ ਦੀ ਕੁਰਸੀ ਦਿੱਤੀ ਜਾਵੇਗੀ ਤਾਂ ਉਸ ਵਿਚ ਕੁੰਦਨ ਗੋਗੀਆ ਅਤੇ ਤਜਿੰਦਰ ਮਹਿਤਾ ਪਾਰਟੀ ਦੀ ਮੁੱਖ ਚੁਆਇਸ ਬਣਨਗੇ। ਦੋਵੇਂ ਹੀ ਪਾਰਟੀ ਦੇ ਪੁਰਾਣੇ ਵਲੰਟੀਅਰ ਹਨ ਅਤੇ 2012 ਤੋਂ ਹੀ ਪਾਰਟੀ ਲਈ ਕੰਮ ਕਰ ਰਹੇ ਹਨ। ਤਜਿੰਦਰ ਮਹਿਤਾ ਪਿਛਲੇ ਕਈ ਸਾਲਾਂ ਤੋਂ ਪਟਿਆਲਾ ਦੇ ਜ਼ਿਲਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਨ ਅਤੇ ਅਨੁਸਾਸ਼ਨ ਵਿਚ ਰਹਿਣ ਵਾਲੇ ਵਲੰਟੀਅਰ ਹਨ।
ਕੁੰਦਨ ਗੋਗੀਆ 2022 ਵਿਚ ਪਟਿਆਲਾ ਸ਼ਹਿਰੀ ਹਲਕੇ ਤੋਂ ਪਾਰਟੀ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਸਨ ਪਰ ਉਨ੍ਹਾਂ ਦੀ ਬਜਾਏ ਪਟਿਆਲਾ ਦੇ ਪੁਰਾਣੇ ਰਾਜਸੀ ਪਰਿਵਾਰ ਨਾਲ ਸਬੰਧਤ ਸਾਬਕਾ ਮੇਅਰ ਅਜੀਤਪਾਲ ਕੋਹਲੀ ਨੂੰ ਪਾਰਟੀ ਨੇ ਟਿਕਟ ਦਿੱਤੀ ਸੀ ਅਤੇ ਉਹ ਵਿਧਾਇਕ ਚੁਣੇ ਗਏ ਸਨ। 2022 ਵਿਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਹਨੇਰੀ ਚੱਲ ਰਹੀ ਸੀ, ਇਸ ਲਈ ਉਸ ਸਮੇਂ ਜਿਸ ਨੂੰ ਵੀ ਟਿਕਟ ਮਿਲ ਜਾਂਦੀ, ਉਹ ਵਿਧਾਇਕ ਬਣ ਜਾਂਦਾ ਕਿਉਂਕਿ ਪੰਜਾਬ ਭਰ ਵਿਚ ਪਾਰਟੀ ਨੇ ਅਕਾਲੀ, ਕਾਂਗਰਸ ਤੇ ਭਾਜਪਾ ਦਾ ਸਫਾਇਆ ਕਰ ਦਿੱਤਾ ਸੀ।
ਇਸ ਦੇ ਨਾਲ ਹੀ ਜੇਕਰ ਪਾਰਟੀ ਨੇ ਕਿਸੇ ਸਿੱਖ ਚਿਹਰੇ ਨੂੰ ਮੇਅਰ ਬਣਾਉਣ ਬਾਰੇ ਸੋਚਿਆ ਅਤੇ ਜੇਕਰ ਮੇਅਰ ਬਣਾਉਣ ਵਿਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਚੱਲੀ ਤਾਂ ਉਨ੍ਹਾਂ ਦੇ ਸਭ ਤੋਂ ਕਰੀਬੀ ਗੁਰਜੀਤ ਸਿੰਘ ਸਾਹਨੀ ਮੇਅਰ ਬਣਨ ਵਿਚ ਸਫਲ ਹੋ ਜਾਣਗੇ। ਇਸ ਦੇ ਨਾਲ ਹੀ ਪਟਿਆਲਾ ਦਿਹਾਤੀ ਹਲਕੇ ਦੇ ਵਾਰਡ ਨੰ. 6 ਤੋਂ ਕੌਂਸਲਰ ਬਣੇ ਜਸਬੀਰ ਗਾਂਧੀ ਵੀ ਸਿੱਖ ਚਿਹਰੇ ਦੇ ਤੌਰ ’ਤੇ ਮੇਅਰ ਦੇ ਮਜ਼ਬੂਤ ਉਮੀਦਵਾਰ ਹਨ। ਉਹ ਪਾਰਟੀ ਦੇ ਸੰਸਥਾਪਕ ਵਲੰਟੀਅਰਾਂ ਵਿਚ ਸ਼ਾਮਲ ਹਨ।