ਫਰਨੀਚਰ ਹਾਊਸ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

03/29/2023 2:19:13 AM

ਭਵਾਨੀਗੜ੍ਹ (ਵਿਕਾਸ ਮਿੱਤਲ)-ਇੱਥੇ ਮੰਗਲਵਾਰ ਸ਼ਾਮ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਪਿੰਡ ਬਾਲਦ ਕਲਾਂ ਨੇੜੇ ਸਥਿਤ ਇਕ ਫਰਨੀਚਰ ਹਾਊਸ ਦੇ ਨਾਲ ਲੱਗਦੇ ਗੋਦਾਮ ’ਚ ਅੱਗ ਲੱਗਣ ਦੀ ਭਿਆਨਕ ਘਟਨਾ ਵਾਪਰ ਗਈ। ਅੱਗਜ਼ਨੀ ਦੀ ਇਸ ਘਟਨਾ ਦੌਰਾਨ ਗੋਦਾਮ ਵਿਚ ਵੱਡੇ ਪੱਧਰ 'ਤੇ ਪਿਆ ਫਰਨੀਚਰ ਦਾ ਲੱਖਾਂ ਰੁਪਏ ਦਾ ਸਾਮਾਨ ਅੱਗ ਦੀ ਭੇਟ ਚੜ੍ਹ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਨੇੜਲੇ ਸ਼ਹਿਰ ਸਮਾਣਾ ਤੇ ਸੰਗਰੂਰ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਗੋਦਾਮ 'ਚ ਪਿਆ ਲਗਭਗ ਸਾਰਾ ਸਾਮਾਨ ਸੜ ਚੁੱਕਿਆ ਸੀ।

ਇਹ ਖ਼ਬਰ ਵੀ ਪੜ੍ਹੋ : ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਅਲਟੀਮੇਟਮ ’ਤੇ CM ਮਾਨ ਦੀ ਪ੍ਰਤੀਕਿਰਿਆ

PunjabKesari

ਘਟਨਾ ਸਬੰਧੀ ਸੱਗੂ ਫਰਨੀਚਰ ਹਾਊਸ ਦੇ ਮਾਲਕ ਪਰਮਜੀਤ ਸਿੰਘ ਵਾਸੀ ਹਰਦਿੱਤਪੁਰਾ ਤੇ ਉਸ ਦੇ ਚਚੇਰੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਉਨ੍ਹਾਂ ਦੇ ਫਰਨੀਚਰ ਦੇ ਸ਼ੋਅਰੂਮ ਦੇ ਬਿਲਕੁਲ ਨਾਲ ਬਣੇ ਗੋਦਾਮ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਉਨ੍ਹਾਂ ਸਮੇਤ ਆਸ-ਪਾਸ ਤੋਂ ਇਕੱਤਰ ਹੋਏ ਲੋਕਾਂ ਨੇ ਆਪਣੇ ਪੱਧਰ ’ਤੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਪਰ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਕਾਰਨ ਗੋਦਾਮ ਦੀ ਛੱਤ ਵੀ ਹੇਠਾਂ ਡਿੱਗ ਕੇ ਢਹਿ-ਢੇਰੀ ਹੋ ਗਈ। ਉਨ੍ਹਾਂ ਦੱਸਿਆ ਕਿ ਗੋਦਾਮ ਵਿਚ ਪਿਆ ਫਰਨੀਚਰ ਅਤੇ ਲੱਖਾਂ ਦਾ ਸਾਮਾਨ ਅੱਗ ਕਾਰਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਸ਼ੋਅਰੂਮ ਮਾਲਕਾਂ ਅਨੁਸਾਰ ਅੱਗਜ਼ਨੀ ਦੀ ਇਸ ਘਟਨਾ ’ਚ ਉਨ੍ਹਾਂ ਦਾ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

ਇਹ ਖ਼ਬਰ ਵੀ ਪੜ੍ਹੋ : ਅਲਟੀਮੇਟਮ ’ਤੇ CM ਮਾਨ ਦੇ ਟਵੀਟ ਮਗਰੋਂ ਜਥੇਦਾਰ ਹਰਪ੍ਰੀਤ ਸਿੰਘ ਨੇ ਦਿੱਤੀ ਪ੍ਰਤੀਕਿਰਿਆ

ਭਵਾਨੀਗੜ੍ਹ ’ਚ ਫਾਇਰ ਬ੍ਰਿਗੇਡ ਦੀ ਘਾਟ ਦਾ ਖਾਮਿਆਜ਼ ਭੁਗਤ ਰਹੇ ਇਲਾਕਾ ਵਾਸੀ

ਉਧਰ ਦੂਜੇ ਪਾਸੇ ਮੌਕੇ ’ਤੇ ਅੱਗ ਬੁਝਾਉਣ ਲਈ ਜੱਦੋ-ਜਹਿਦ ਕਰ ਰਹੇ ਲੋਕਾਂ ਨੂੰ ਇਹ ਵੀ ਡਰ ਸਤਾ ਰਿਹਾ ਸੀ ਕਿ ਭੜਕੀ ਅੱਗ ਨਾਲ ਲੱਗਦੇ ਖੇਤਾਂ ਤੱਕ ਨਾ ਪਹੁੰਚ ਜਾਵੇ, ਜਿਸ ਨਾਲ ਕਿਸਾਨਾਂ ਦੀ ਪੱਕੀ ਕਣਕ ਦੀ ਫਸਲ ਨੁਕਸਾਨ ਹੋ ਸਕਦਾ ਸੀ। ਨਾਲ ਹੀ ਲੋਕਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਰੋਸ ਜਤਾਉਂਦਿਆਂ ਆਖਿਆ ਕਿ ਜੇਕਰ ਭਵਾਨੀਗੜ੍ਹ ਸ਼ਹਿਰ ’ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਪ੍ਰਬੰਧ ਹੁੰਦਾ ਤਾਂ ਅੱਜ ਸ਼ੋਅਰੂਮ ਮਾਲਕਾਂ ਦਾ ਇੰਨੇ ਵੱਡੇ ਪੱਧਰ ’ਤੇ ਆਰਥਿਕ ਨੁਕਸਾਨ ਹੋਣੋਂ ਬਚ ਸਕਦਾ ਸੀ।


Manoj

Content Editor

Related News