ਭਾਜਪਾ ਆਗੂ ਦੇ ਘਰ ਰਹਿੰਦੇ ਕਿਰਾਏਦਾਰ ਦਾ ਕਾਰਾ, ਇੰਝ ਮੰਗੀ ਇਕ ਕਰੋੜ ਦੀ ਫਿਰੌਤੀ

10/20/2022 11:13:00 AM

ਤਲਵੰਡੀ ਸਾਬੋ (ਮੁਨੀਸ਼) : ਤਲਵੰਡੀ ਸਾਬੋ ਦੇ ਇਕ ਭਾਜਪਾ ਆਗੂ ਨੂੰ ਧਮਕੀ ਭਰਿਆ ਪੱਤਰ ਭੇਜ ਕੇ ਇਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਪੁਲਸ ਨੇ ਉਕਤ ਮਾਮਲੇ ’ਚ 2 ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਸੱਤਪਾਲ ਪੁੱਤਰ ਇੰਦਰ ਰਾਮ ਵਾਸੀ ਤਲਵੰਡੀ ਸਾਬੋ, ਜੋ ਭਾਜਪਾ ਦਾ ਸਰਗਰਮ ਆਗੂ ਮੰਨਿਆ ਜਾਂਦਾ ਹੈ ਨੇ ਕਿਹਾ ਕਿ ਬੀਤੇ ਦਿਨ ਜਦੋਂ ਉਹ ਘਰ ਸੀ ਤਾਂ ਉਸਦੀ ਕੁੜੀ ਨੇ ਇਕ ਕਾਪੀ ਲਿਆ ਕੇ ਉਸਨੂੰ ਫੜਾਈ। ਜਦੋਂ ਉਸ ਨੇ ਕਾਪੀ ਖੋਲ੍ਹੀ ਤਾਂ ਉਸਦੇ ਇਕ ਵਰਕੇ 'ਤੇ ਹਿੰਦੀ ਵਿਚ ਉਸਨੂੰ ਗੋਲ਼ੀ ਮਾਰਨ ਦੀ ਧਮਕੀ ਦਿੰਦਿਆਂ 22 ਅਕਤੂਬਰ ਤਕ ਇਕ ਕਰੋੜ ਰੁਪਏ ਦੇਣ ਦੀ ਮੰਗ ਕਰਦਿਆਂ ਇਕ ਪੱਤਰ ਲਿਖਿਆ ਹੋਈ ਹੈ।

ਇਹ ਵੀ ਪੜ੍ਹੋ- ਜ਼ੀਰਾ ਸ਼ਰਾਬ ਫੈਕਟਰੀ ਦੇ ਵਿਰੋਧ ’ਚ ਲੱਗੇ ਧਰਨੇ ਦਾ ਨਬੇੜਾ ਨਾ ਕਰਨ ’ਤੇ ਹਾਈਕੋਰਟ ਦੀ ਸਰਕਾਰ ਨੂੰ ਫਟਕਾਰ

ਜਦੋਂ ਉਕਤ ਪੱਤਰ ਦੀ ਭਾਜਪਾ ਆਗੂ ਵੱਲੋਂ ਪੜਤਾਲ ਕੀਤੀ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਉਕਤ ਧਮਕੀ ਭਰਿਆ ਪੱਤਰ ਉਸ ਕੋਲੋਂ ਪੈਸੇ ਵਸੂਲਨ ਦੀ ਨੀਯਤ ਨਾਲ ਉਸਦੇ ਘਰ ਦੇ ਹੀ ਉੱਪਰਲੇ ਹਿੱਸੇ ’ਚ ਰਹਿੰਦੇ ਕਿਰਾਏਦਾਰਾਂ ਨੇ ਲਿਖਿਆ ਹੈ। ਉੱਧਰ ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਤਲਵੰਡੀ ਸਾਬੋ ਮੁਖੀ ਗੁਰਵਿੰਦਰ ਸਿੰਘ ਨੇ ਉਕਤ ਵਿਅਕਤੀ ਦੇ ਘਰ ਦਾ ਦੌਰਾ ਕਰਦਿਆਂ ਉਕਤ ਪੱਤਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ, ਜਦਕਿ ਦੇਰ ਸ਼ਾਮ ਤਲਵੰਡੀ ਸਾਬੋ ਪੁਲਸ ਨੇ ਸੱਤਪਾਲ ਦੇ ਬਿਆਨਾਂ 'ਤੇ ਸੁਖਰਾਜ ਸਿੰਘ ਵਾਸੀ ਲਹਿਰੀ ਅਤੇ ਅਗਨਲਾਲ ਪੁੱਤਰ ਰਾਜੇਂਦਰ ਵਾਸੀ ਰਾਜਾ ਖੇੜਾ ਜ਼ਿਲਾ ਧੌਲਪੁਰ (ਰਾਜਸਥਾਨ) ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਥਿਤ ਧਮਕੀ ਦੇਣ ਵਾਲਿਆਂ ਦੀ ਫੜਨ ਬਾਰੇ ਅਜੇ ਪੁਲਸ ਦੇ ਕਿਸੇ ਅਧਿਕਾਰੀ ਨੇ ਕੋਈ ਖ਼ੁਲਾਸਾ ਨਹੀਂ ਕੀਤਾ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News