ਪੰਜਾਬ ''ਚ ਕਣਕ ਦਾ ਸੀਜ਼ਨ ਸ਼ੁਰੂ, ਚੌਥੇ ਦਿਨ ਖੰਨਾ ਦੀ ਮੰਡੀ ''ਚ ਪੁੱਜੀ ਕਣਕ ਦੀ ਪਹਿਲੀ ਢੇਰੀ
Saturday, Apr 04, 2026 - 02:04 PM (IST)
ਖੰਨਾ (ਵਿਪਨ) : ਅੱਜ ਚੌਥੇ ਦਿਨ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਕਣਕ ਦੀ ਪਹਿਲੀ ਢੇਰੀ ਆਈ, ਜਦੋਂ ਕਿ ਕਣਕ ਦੀ ਖ਼ਰੀਦ ਇਕ ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਭੜੀ ਦਾ ਕਿਸਾਨ ਪਰਮਿੰਦਰ ਸਿੰਘ ਆਪਣੀ ਫ਼ਸਲ ਲੈ ਕੇ ਮੰਡੀ 'ਚ ਪੁੱਜਾ। ਕਰੀਬ ਤਿੰਨ ਏਕੜ ਦੀ ਵਾਢੀ ਕੀਤੀ ਗਈ ਹੈ ਅਤੇ ਫ਼ਸਲ ਮੰਡੀ 'ਚ ਲਿਆਂਦੀ ਗਈ। ਹੁਣ ਦੂਜੇ ਪਾਸੇ ਆੜ੍ਹਤੀਆਂ ਦੀ ਹੜਤਾਲ ਕਾਰਨ ਫ਼ਸਲ ਦੀ ਬੋਲੀ 'ਤੇ ਤਲਵਾਰ ਲਟਕ ਰਹੀ ਹੈ। ਜਦੋਂ ਤੱਕ ਹੜਤਾਲ ਨਹੀਂ ਖੁੱਲ੍ਹਦੀ, ਇਸਦੀ ਖ਼ਰੀਦ ਸੰਭਵ ਨਹੀਂ ਹੈ ਅਤੇ ਹੁਣ ਫ਼ਸਲ ਦੀ ਸੰਭਾਲ ਦੀ ਜ਼ਿੰਮੇਵਾਰੀ ਸਬੰਧਿਤ ਆੜ੍ਹਤੀ ਦੀ ਬਣ ਗਈ ਹੈ। ਇਸ ਨਾਲ ਆੜ੍ਹਤੀ ਅਤੇ ਕਿਸਾਨ ਦੋਵੇਂ ਪਰੇਸ਼ਾਨ ਹੋਣਗੇ।
ਮੰਡੀ 'ਚ ਫ਼ਸਲ ਲੈ ਕੇ ਆਏ ਕਿਸਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਅਗੇਤੀ ਫ਼ਸਲ ਹੈ, ਜਿਸਦੀ ਕੁਆਲਟੀ ਵੀ ਵਧੀਆ ਆਈ ਹੈ ਅਤੇ ਝਾੜ ਵੀ ਠੀਕ ਹੈ। ਇਸ 'ਤੇ ਮੌਸਮ ਦੀ ਕੋਈ ਮਾਰ ਦਿਖਾਈ ਨਹੀਂ ਦੇ ਰਹੀ। ਕਣਕ ਦੇ ਭਾਅ ਨੂੰ ਲੈ ਕੇ ਕਿਸਾਨ ਨੇ ਇਹ ਮੰਗ ਵੀ ਕੀਤੀ ਕਿ ਮਿਹਨਤ ਅਤੇ ਮਹਿੰਗਾਈ ਦੇ ਹਿਸਾਬ ਨਾਲ ਭਾਅ ਜ਼ਿਆਦਾ ਹੋਣਾ ਚਾਹੀਦਾ ਹੈ। ਆੜ੍ਹਤੀ ਰਾਜ ਕੁਮਾਰ ਰਾਜੂ ਨੇ ਕਿਹਾ ਕਿ ਹੁਣ ਮੰਡੀ 'ਚ ਫ਼ਸਲ ਆਉਣ ਮਗਰੋਂ ਆੜ੍ਹਤੀ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਉਹ ਫ਼ਸਲ ਦੀ ਸਫ਼ਾਈ ਕਰਾਉਣਗੇ। ਮਾਰਕੀਟ ਕਮੇਟੀ ਪ੍ਰਸ਼ਾਸਨ ਨੂੰ ਇਸਦੀ ਸੂਚਨਾ ਦੇ ਦਿੱਤੀ ਗਈ ਤੇ ਖਰੀਦ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਹੜਤਾਲ ਨੂੰ ਲੈ ਕੇ ਆੜ੍ਹਤੀ ਨੇ ਕਿਹਾ ਕਿ ਜੇਕਰ ਬੋਲੀ ਨਹੀਂ ਲੱਗਦੀ ਤਾਂ ਉਨ੍ਹਾਂ ਨੂੰ ਫ਼ਸਲ ਦੇ ਨੁਕਸਾਨ ਦਾ ਡਰ ਰਹੇਗਾ। ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਮਾਨ ਨੇ ਕਿਹਾ ਕਿ ਸਬੰਧਿਤ ਖਰੀਦ ਏਜੰਸੀ ਦੇ ਨੁਮਾਇੰਦੇ ਫ਼ਸਲ ਦੇ ਮਾਪਦੰਡ ਚੈੱਕ ਕਰਨਗੇ। 13 ਫ਼ੀਸਦੀ ਨਮੀ ਹੋਣੀ ਚਾਹੀਦੀ ਹੈ, ਜਿਸ ਮਗਰੋਂ ਬੋਲੀ ਲੱਗੇਗੀ। ਇਸ ਵਾਰ ਕਣਕ ਦਾ ਭਾਅ 2585 ਰੁਪਏ ਤੈਅ ਹੈ। ਇਸਦੇ ਨਾਲ ਹੀ ਸਕੱਤਰ ਨੇ ਕਿਸਾਨਾਂ ਨੂੰ ਇਹ ਅਪੀਲ ਵੀ ਕੀਤੀ ਕਿ ਸੁੱਕੀ ਫ਼ਸਲ ਹੀ ਮੰਡੀ 'ਚ ਲਿਆਂਦੀ ਜਾਵੇ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ।
