ਅਧਿਆਪਕ ਦਿਵਸ ਆਂਗਣਵਾੜੀ ਵਰਕਰਾਂ ਨੇ ਲਾਇਆ ਧਰਨਾ

09/06/2019 11:31:08 AM

ਗਿੱਦੜਬਾਹਾ (ਤਰਸੇਮ ਢੁੱਡੀ, ਚਾਵਲਾ) - ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਬਲਾਕ ਗਿੱਦੜਬਾਹਾ ਅਤੇ ਲੰਬੀ ਦੀਆਂ ਆਂਗਣਵਾੜੀ ਵਰਕਰਾਂ ਨੇ ਸਥਾਨਕ ਬਲਾਕ ਪ੍ਰਾਇਮਰੀ ਅਫ਼ਸਰ ਦੇ ਦਫ਼ਤਰ ਅੱਗੇ ਧਰਨਾ ਲਾ ਕੇ ਅਧਿਆਪਕ ਦਿਵਸ ਨੂੰ ਰੋਸ ਵਜੋਂ ਮਨਾਇਆ। ਇਸ ਮੌਕੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਅੰਮ੍ਰਿਤਪਾਲ ਕੌਰ ਚਹਿਲ ਨੇ ਦੱਸਿਆ ਕਿ ਅਧਿਆਪਕ ਦਿਵਸ ਨੂੰ ਰੋਸ ਦਿਵਸ ਵਜੋਂ ਮਨਾਉਂਦੇ ਹੋਏ ਸਾਰੇ ਪੰਜਾਬ 'ਚ ਬੀ. ਪੀ. ਈ. ਓ. ਦਫ਼ਤਰਾਂ ਅੱਗੇ ਰੋਸ ਪ੍ਰਗਟ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ 3 ਤੋਂ 6 ਸਾਲ ਦੇ ਬੱਚੇ ਮੁੜ ਆਂਗਣਵਾੜੀ ਸੈਂਟਰਾਂ 'ਚ ਲਿਆਂਦੇ ਜਾਣ, ਪ੍ਰੀ-ਪ੍ਰਾਇਮਰੀ ਕਲਾਸਾਂ ਆਂਗਣਵਾੜੀ ਸੈਂਟਰਾਂ 'ਚ ਚਲਾਉਣ ਸਮੇਤ ਹੋਰ ਹੱਕੀ ਮੰਗਾਂ ਲਈ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ 'ਚ ਪਾਏ ਜਾ ਰਹੇ ਰੋਸ ਨੂੰ ਪ੍ਰਗਟ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਆਂਗਣਵਾੜੀ ਵਰਕਰਾਂ ਨਾਲ ਸਰਾਸਰ ਧੱਕਾ ਹੋ ਰਿਹਾ ਹੈ ਅਤੇ ਸਾਡੀ ਨੌਕਰੀ ਨੂੰ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜਾਂ ਤਾਂ 3 ਤੋਂ 6 ਸਾਲ ਦੇ ਬੱਚੇ ਆਂਗਣਵਾੜੀ ਸੈਂਟਰਾਂ 'ਚ ਭੇਜੇ ਜਾਣ ਜਾਂ ਫਿਰ ਆਂਗਣਵਾੜੀ ਵਰਕਰਾਂ ਨੂੰ ਅਧਿਆਪਕ ਦਾ ਦਰਜਾ ਦੇ ਕੇ ਸਕੂਲਾਂ 'ਚ ਭੇਜਿਆ ਜਾਵੇ। ਉਪਰੰਤ ਸਮੂਹ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਇਕੱਠੇ ਹੋ ਕੇ ਕੇਂਦਰੀ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਦੇ ਨਾਂ ਮੰਗ-ਪੱਤਰ ਵੀ ਸੌਂਪਿਆ।


rajwinder kaur

Content Editor

Related News