''ਆਪ'' ਨੇ ਅਧਿਆਪਕਾਂ ਦੇ ਸੰਘਰਸ਼ ਦਾ ਕੀਤਾ ਸਮਰਥਨ
Friday, Nov 23, 2018 - 01:38 AM (IST)
ਚੰਡੀਗੜ੍ਹ,(ਰਮਨਜੀਤ)— ਆਮ ਆਦਮੀ ਪਾਰਟੀ ਨੇ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਵਿਖੇ ਧਰਨੇ 'ਤੇ ਬੈਠੇ ਅਧਿਆਪਕਾਂ ਵੱਲੋਂ 2 ਦਸੰਬਰ ਨੂੰ ਪਟਿਆਲਾ 'ਚ ਸੰਘਰਸ਼ ਕਰਨ ਦੇ ਸੱਦੇ ਦਾ ਸਮਰਥਨ ਕੀਤਾ ਹੈ। ਪਾਰਟੀ ਹੈੱਡਕੁਆਰਟਰ ਵੱਲੋਂ ਜਾਰੀ ਸਾਂਝੇ ਬਿਆਨ ਵਿਚ ਪੰਜਾਬ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਅਤੇ ਮੁੱਖ ਬੁਲਾਰਨ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਬੋਲੀ ਸਰਕਾਰ ਦੇ ਕੰਨਾਂ ਤੱਕ ਅਧਿਆਪਕਾਂ ਦੀ ਆਵਾਜ਼ ਪਹੁੰਚਾਉਣ ਲਈ ਅਧਿਆਪਕਾਂ ਦੇ ਸੰਘਰਸ਼ ਦਾ ਸਮਰਥਨ ਕਰਨਾ ਚਾਹੀਦਾ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਅਧਿਆਪਕ ਜਥੇਬੰਦੀਆਂ ਪਿਛਲੇ ਕਈ ਮਹੀਨਿਆਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਵਿਖੇ ਹੀ ਧਰਨੇ 'ਤੇ ਬੈਠੀਆਂ ਹਨ ਪਰ ਸਰਕਾਰ ਲਗਾਤਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ। ਅਧਿਆਪਕਾਂ ਦੀਆਂ ਮੰਗਾਂ ਮੰਨਣ ਦੀ ਥਾਂ ਕੈਪਟਨ ਸਰਕਾਰ ਉਨ੍ਹਾਂ ਨੂੰ ਧਮਕਾ ਰਹੀ ਹੈ, ਜੋ ਕਿ ਗਲਤ ਕਾਰਵਾਈ ਹੈ। ਅਧਿਆਪਕਾਂ ਨਾਲ ਸਰਕਾਰ ਦਾ ਇਹ ਸਲੂਕ ਨਿੰਦਣਯੋਗ ਹੈ।
