ਪਿੰਡ ਤਾਮਕੋਟ ਨੇ ਪਾਈ ਨਵੀਂ ਪਿਰਤ, ਗਊਸ਼ਾਲਾ ਲਈ ਭੇਜ ਰਹੇ ਹਨ ਚਾਰਾ

02/25/2018 4:35:15 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਤਾਮਕੋਟ ਨੇ ਨਵੀਂ ਪਿਰਤ ਪਾਈ ਹੈ। ਪਿੰਡ ਵਾਸੀ ਸਰਕਾਰ ਵਲੋਂ ਪਿੰਡ ਰੱਤਾ ਟਿੱਬਾ ਵਿਚ ਬੇਸਹਾਰਾ ਜਾਨਵਰਾਂ ਦੀ ਸੰਭਾਲ ਲਈ ਬਣਾਈ ਗਊਸ਼ਾਲਾ ਲਈ ਹਰਾ ਚਾਰਾ ਭੇਜ ਰਹੇ ਹਨ। ਅਜਿਹਾ ਕਰਕੇ ਇਸ ਪਿੰਡ ਨੇ ਹੋਰ ਪਿੰਡਾਂ ਲਈ ਵੀ ਮਿਸਾਲ ਕਾਇਮ ਕੀਤੀ ਹੈ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਪਿੰਡ ਤਾਮਕੋਟ ਦੇ ਸਮੂਹ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਪਿੰਡ ਵਾਸੀਆਂ ਦੀ ਇਹ ਪਹਿਲ ਬਹੁਤ ਹੀ ਸਾਰਥਕ ਹੈ। ਉਨ੍ਹਾਂ ਹੋਰ ਪਿੰਡਾਂ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਗਊਸ਼ਾਲਾ ਲਈ ਹਰਾ ਚਾਰਾ ਅਤੇ ਤੂੜੀ ਭੇਜਣ ਤਾਂ ਜੋ ਵੱਧ ਤੋਂ ਵੱਧ ਬੇਸਹਾਰਾ ਜਾਨਵਰਾਂ ਨੂੰ ਇਸ ਗਊਸ਼ਾਲਾ ਵਿਚ ਰੱਖਿਆ ਜਾ ਸਕੇ ਅਤੇ ਇੰਨ੍ਹਾਂ ਬੇਸਹਾਰਾ ਜਾਨਵਰਾਂ ਕਾਰਨ ਹੁੰਦੇ ਹਾਦਸਿਆਂ ਜਾਂ ਫਸਲਾਂ ਦੇ ਹੁੰਦੇ ਨੁਕਸਾਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਜ਼ਿਲੇ ਦੇ ਦਾਨੀ ਸੱਜਣਾਂ ਨੂੰ ਇਸ ਚੰਗੇ ਕਾਰਜ ਵਿਚ ਸਹਿਯੋਗ ਦੀ ਅਪੀਲ ਕੀਤੀ ਹੈ। 
ਪਿੰਡ ਤਾਮਕੋਟ ਦੇ ਕਿਸਾਨ ਗੁਰਬਾਜ਼ ਸਿੰਘ ਬਰਾੜ ਨੇ 2 ਕਨਾਲ, ਰਾਜੂ ਸਿੰਘ ਨੇ 2 ਕਨਾਲ ਅਤੇ ਬਾਬੂ ਸਿੰਘ ਨੇ ਡੇਢ ਕਨਾਲ ਹਰੀ ਜਵੀ ਗਊਸ਼ਾਲਾ ਨੂੰ ਭੇਜੀ ਹੈ ਜਦਕਿ ਹੋਰ ਕਿਸਾਨਾਂ ਨੇ ਵੀ ਸਾਂਝੇ ਤੌਰ 'ਤੇ ਪਿੰਡ ਤੋਂ ਹਰੇ ਚਾਰੇ ਦੀਆਂ ਕਈ ਟਰਾਲੀਆਂ ਇੱਕਠੀਆਂ ਕਰਕੇ ਭੇਜੀਆਂ ਹਨ। ਇਸ ਪਿੰਡ ਦੇ ਲੋਕ ਹਰ ਰੋਜ਼ ਇਕ ਟਰਾਲੀ ਹਰੇ ਚਾਰੇ ਦੀ ਰੱਤਾ ਟਿੱਬਾ ਦੀ ਗਊਸ਼ਾਲਾ ਨੂੰ ਭੇਜ ਰਹੇ ਹਨ। ਇਸ ਵਿਚ ਪਿੰਡ ਦੇ ਪਤਵੰਤਿਆਂ ਬਲਜਿੰਦਰ ਸਿੰਘ, ਸਾਬਕਾ ਸਰਪੰਚ ਸੁਖਮੰਦਰ ਸਿੰਘ, ਗੁਰਚਰਨ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ, ਗੁਰਸੇਵਕ ਸਿੰਘ, ਬੋਹੜ ਸਿੰਘ, ਬਲਵਿੰਦਰ ਸਿੰਘ, ਕਰਨਵੀਰ ਸਿੰਘ, ਨਾਇਬ ਸਿੰਘ, ਸਾਬਕਾ ਪੰਚ ਬਲਦੇਵ ਸਿੰਘ ਸਮੇਤ ਸਮੂਹ ਪਿੰਡ ਵਾਸੀ ਸਹਿਯੋਗ ਕਰ ਰਹੇ ਹਨ।


Related News