ਸਿਵਿਕ ਕਾਰ ਦੀ ਟੱਕਰ ਨਾਲ ਸਵਿਫਟ  ਚਕਨਾਚੂਰ, 4 ਜ਼ਖ਼ਮੀ

01/13/2019 7:23:17 AM

ਮੋਹਾਲੀ, (ਕੁਲਦੀਪ)- ਸ਼ੁੱਕਰਵਾਰ ਦੇਰ ਰਾਤ ਬਨੂੰਡ਼-ਲਾਂਡਰਾਂ ਰੋਡ ’ਤੇ ਤੇਜ਼ ਰਫਤਾਰ ਹਾਂਡਾ ਸਿਵਿਕ ਕਾਰ  ਵਲੋਂ ਸਵਿਫਟ ਕਾਰ ਨੂੰ ਬੁਰੀ ਤਰ੍ਹਾਂ ਟੱਕਰ ਮਾਰਨ  ਨਾਲ ਸਵਿਫਟ ਕਾਰ ਵਿਚ ਸਵਾਰ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ  ਗਏ। ਜ਼ਖ਼ਮੀ ਨੌਜਵਾਨਾਂ ਦੇ ਦੋਸਤ ਅਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ ਅਮਰਿੰਦਰ ਸਿੰਘ ਤੇ ਹੋਰ ਤਿੰਨ ਨੌਜਵਾਨ ਸ਼ੁੱਕਰਵਾਰ ਦੀ ਦੇਰ ਰਾਤ ਬਨੂੰਡ਼ ਸਾਈਡ ਤੋਂ ਸਵਿਫਟ ਕਾਰ ਵਿਚ ਸਵਾਰ ਹੋ ਕੇ ਘਰ ਵਾਪਸ ਆ ਰਹੇ ਸਨ। ਉਨ੍ਹਾਂ ਦੇ ਪਿੱਛੇ ਦੂਜੇ ਦੋਸਤ ਇਕ ਹੋਰ ਕਾਰ ਵਿਚ ਆ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਪਿੰਡ ਰਾਏਪੁਰ ਕਲਾਂ ਦੇ ਨੇੜੇ ਪੁੱਜੀ ਤਾਂ ਮੋਹਾਲੀ ਸਾਈਡ ਤੋਂ 200 ਫੁੱਟ ਚੌਡ਼ੀ ਰੋਡ ’ਤੇ ਜਾ ਰਹੀ  ਤੇਜ਼ ਰਫਤਾਰ ਹਾਂਡਾ ਸਿਵਿਕ ਕਾਰ ਇਕਦਮ ਬਨੂੰਡ਼-ਲਾਂਡਰਾਂ ਰਸਤਾ ’ਤੇ ਜਾ ਚਡ਼੍ਹੀ। 
ਉਸ ਕਾਰ ਨੇ ਉਨ੍ਹਾਂ ਦੀ ਸਵਿਫਟ ਕਾਰ ਨੂੰ ਡਰਾਈਵਰ ਸਾਈਡ ਤੋਂ ਅਗਲੇ ਪਾਸੇ ਟੱਕਰ ਮਾਰ ਦਿੱਤੀ। ਉਨ੍ਹਾਂ ਦੀ ਸਵਿਫਟ ਕਾਰ ਤਿੰਨ ਵਾਰ ਸਡ਼ਕ ’ਤੇ ਪਲਟਣ  ਤੋਂ ਬਾਅਦ ਸਡ਼ਕ ਕੰਢੇ ਖਡ਼੍ਹੇ ਦਰੱਖਤ ਨਾਲ ਜਾ ਟਕਰਾਈ ਤੇ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸੇ ਵਿਚ ਅਮਰਿੰਦਰ ਸਿੰਘ  ਮੂਲ ਨਿਵਾਸੀ ਕਾਲੇਵਾਲੀ ਮੰਡੀ, ਹਰਦੀਪ ਸਿੰਘ ਨਿਵਾਸੀ ਕੂਮ ਕਲਾਂ (ਲੁਧਿਆਣਾ), ਜਸਪ੍ਰੀਤ ਸਿੰਘ ਨਿਵਾਸੀ ਲੌਂਗੋਵਾਲ ਤੇ ਰਣਜੋਧ ਸਿੰਘ ਨਿਵਾਸੀ ਮੰਡੀ ਡੱਬਵਾਲੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।  
 ਉਨ੍ਹਾਂ ਦੱਸਿਆ ਕਿ ਪਿੱਛੇ ਕਾਰ ਵਿਚ ਆ ਰਹੇ ਦੋਸਤਾਂ ਨੇ ਉਨ੍ਹਾਂ ਨੂੰ ਕਾਰ ’ਚੋਂ ਕੱਢਿਆ ਅਤੇ ਸੋਹਾਣਾ ਸਥਿਤ ਇਕ ਹਸਪਤਾਲ ਵਿਚ ਦਾਖਲ ਕਰਵਾਇਆ। ਅਮਨਜੀਤ ਸਿੰਘ ਨੇ ਦੱਸਿਆ ਕਿ ਹਾਂਡਾ ਸਿਟੀ ਕਾਰ ਚਾਲਕ ਆਪਣੀ ਕਾਰ ਦੇ ਸਾਰੇ ਕਾਗਜ਼ ਕੱਢ ਕੇ ਕਾਰ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ।  ਹਾਦਸੇ ਵਿਚ ਹਰਦੀਪ ਸਿੰਘ ਤੇ ਰਣਜੋਧ ਸਿੰਘ ਦੀ ਹਾਲਤ ਡਾਕਟਰਾਂ ਨੇ ਗੰਭੀਰ ਦੱਸੀ ਹੈ। ਇਸ ਸਬੰਧੀ ਸੋਹਾਣਾ ਥਾਣੇ ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਜ਼ਖਮੀਅਾਂ ਨੇ ਇਲਜ਼ਾਮ ਲਾਇਆ ਕਿ ਹਾਂਡਾ ਸਿਵਿਕ ਕਾਰ ’ਚ ਸਵਾਰ ਵਿਅਕਤੀ ਪੁਲਸ ਮੁਲਾਜ਼ਮ ਹਨ। 


Related News