ਪੱਕੇ ਨਾ ਕਰਨ ਤੋਂ ਦੁਖੀ ਸਫ਼ਾਈ ਸੇਵਕਾਂ ਨੇ ਵਿਧਾਇਕ ਸੁਖਾਨੰਦ ਤੋਂ ਕੀਤੀ ਇਨਸਾਫ਼ ਦੀ ਮੰਗ

03/18/2022 6:30:16 PM

ਬਾਘਾ ਪੁਰਾਣਾ (ਅਜੇ) : ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕਾਂ ਨੇ ਪ੍ਰਧਾਨ ਮਾਤਾਦੀਨ ਦੀ ਅਗਵਾਈ 'ਚ ਹਲਕਾ ਬਾਘਾ ਪੁਰਾਣਾ ਦੇ ਨਵੇਂ ਬਣੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਮੰਗ ਪੱਤਰ ਦਿੱਤਾ ਤੇ ਕਿਹਾ ਕਿ ਉਹ ਵਾਰ-ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਪ੍ਰਧਾਨ ਨੂੰ ਯਾਦ ਪੱਤਰ ਦਿੰਦੇ ਰਹੇ ਹਨ ਪਰ ਅੱਜ ਤੱਕ ਉਨ੍ਹਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਲਟਕ ਰਹੀਆਂ ਹਨ। ਉਨ੍ਹਾਂ ਵਿਧਾਇਕ ਸੁਖਾਨੰਦ ਨੂੰ ਜਾਣੂ ਕਰਵਾਇਆ ਕਿ ਸ਼ਹਿਰ ਦੀ ਵੱਧ ਰਹੀ ਆਬਾਦੀ ਕਾਰਨ ਸਫ਼ਾਈ ਸੁਚਾਰੂ ਢੰਗ ਨਾਲ ਨਹੀਂ ਚੱਲ ਰਹੀ ਕਿਉਂਕਿ ਇਸ ਸਮੇਂ ਸਿਰਫ਼ 67 ਕਰਮਚਾਰੀ (ਕੱਚੇ-ਪੱਕੇ) ਹਨ, ਜਦਕਿ ਘੱਟੋ-ਘੱਟ 150 ਚਾਹੀਦੇ ਹਨ ਕਿਉਂਕਿ 15 ਵਾਰਡ ਹਨ ਅਤੇ ਕਰਮਚਾਰੀ ਥੋੜ੍ਹੇ ਹੋਣ ਕਾਰਨ ਸਫ਼ਾਈ ਪੂਰੀ ਤਰ੍ਹਾਂ ਨਹੀਂ ਹੋ ਰਹੀ।

ਇਹ ਵੀ ਪੜ੍ਹੋ : ਵਿਧਾਇਕ ਡਾ. ਨਿੱਝਰ ਨੇ ਛੁੱਟੀ ਵਾਲੇ ਦਿਨ ਨਿਗਮ ਅਧਿਕਾਰੀਆਂ ਦੀ ਬੁਲਾਈ ਮੀਟਿੰਗ

ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪੂਰੇ ਪੰਜਾਬ 'ਚ ਕੱਚੇ ਸਫ਼ਾਈ ਕਰਮਚਾਰੀ ਕੰਟਰੈਕਟ ’ਤੇ ਕੀਤੇ ਗਏ ਸਨ ਪਰ ਬਾਘਾ ਪੁਰਾਣਾ 'ਚ 33 ਸਫ਼ਾਈ ਸੇਵਕ ਕੱਚੇ ਕੰਮ ਕਰ ਰਹੇ ਸਨ, ਉਹ ਦਫ਼ਤਰ ਦੀ ਅਣਗਹਿਲੀ ਕਾਰਨ ਅਜੇ ਤੱਕ ਕੰਟਰੈਕਟ ’ਤੇ ਹੀ ਹਨ ਤੇ ਉਨ੍ਹਾਂ ਨੂੰ ਜੁਆਈਨਿੰਗ ਲੈਟਰ ਵੀ ਨਹੀਂ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਨੂੰ ਤਨਖਾਹ ਬਹੁਤ ਲੇਟ ਮਿਲਦੀ ਹੈ, ਜਿਸ ਨਾਲ ਸਫ਼ਾਈ ਸੇਵਕਾਂ ਦੀ ਹਾਲਤ ਭੁੱਖੇ ਮਰਨ ਤੱਕ ਆ ਜਾਂਦੀ ਹੈ। ਉਨ੍ਹਾਂ ਨਗਰ ਕੌਂਸਲ ਦਫ਼ਤਰ ਦੇ ਅਧਿਕਾਰੀਆਂ ’ਤੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੇ ਦੋਸ਼ ਲਾਉਣ ਦੇ ਨਾਲ-ਨਾਲ ਕਿਹਾ ਕਿ ਰਾਜਨੀਤਕ ਦਖਲ ਕਾਰਨ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ।

ਇਹ ਵੀ ਪੜ੍ਹੋ : ਕੀ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਰੋਕੇਗੀ 'ਆਪ' ਸਰਕਾਰ?

ਉਨ੍ਹਾਂ ਮੰਗ ਕੀਤੀ ਕਿ ਸਾਡੀਆਂ ਮੰਗਾਂ ਨੂੰ ਬਿਨਾਂ ਦੇਰੀ ਤੋਂ ਪੂਰਾ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇ। ਮੰਗ ਪੱਤਰ ਪ੍ਰਾਪਤ ਕਰਦਿਆਂ ਵਿਧਾਇਕ ਸੁਖਾਨੰਦ ਨੇ ਸਫ਼ਾਈ ਸੇਵਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਟ੍ਰੇਡ ਵਿੰਗ ਦੇ ਪ੍ਰਧਾਨ ਰਿੰਪੀ ਮਿੱਤਲ, ਗੁਰਪ੍ਰੀਤ ਮਨਚੰਦਾ, ਦੀਪਕ ਸ਼ਰਮਾ ਆਦਿ ਹਾਜ਼ਰ ਸਨ।


Harnek Seechewal

Content Editor

Related News