ਮਾਮਲਾ ਫੇਸਬੁੱਕ ''ਤੇ ਫੋਟੋ ਪਾਉਣ ਦਾ, ਵਿਦਿਆਰਥਣ ਨੇ ਖੁਦ ਨੂੰ ਲਾਈ ਅੱਗ
Sunday, Feb 23, 2020 - 11:31 PM (IST)

ਘਨੌਰ, (ਅਲੀ)- ਪਿੰਡ ਮਗਰ ਵਾਸੀ ਇਕ ਲੜਕੀ ਦੀ ਫੇਸਬੁੱਕ 'ਤੇ ਤਸਵੀਰ ਲਗਾਉਣ ਤੋਂ ਪ੍ਰੇਸ਼ਾਨ ਲੜਕੀ ਨੇ ਤੇਲ ਛਿੜਕ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਜਾਣਕਾਰੀ ਮੁਤਾਬਕ ਕਿਹਰ ਸਿੰਘ ਨੇ ਦੱਸਿਆ ਕਿ ਉਸ ਦੀ ਭਤੀਜੀ ਦੀ ਤਸਵੀਰ ਫੇਸਬੁੱਕ ਡੀ. ਪੀ. 'ਤੇ ਲਾਉਣ ਤੋਂ ਬਾਅਦ ਪ੍ਰੇਸ਼ਾਨ ਰਹਿਣ ਲੱਗੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ।
ਪੀੜਤਾ ਦੇ ਤਾਇਆ ਕਿਹਰ ਸਿੰਘ ਅਨੁਸਾਰ ਉਸ ਦੀ ਭਤੀਜੀ ਇਕ ਨਿੱਜੀ ਸਕੂਲ 'ਚ 11ਵੀਂ ਜਮਾਤ 'ਚ ਪੜ੍ਹਦੇ ਸਮੇਂ ਪਿੰਡ ਬਘੌਰਾ ਦੇ ਹੀ ਸਹਿਪਾਠੀ ਦੇ ਸੰਪਰਕ 'ਚ ਆਈ। ਕੁਝ ਸਮੇਂ ਬਾਅਦ ਪਰਿਵਾਰ ਨੇ ਆਪਣੀ ਕੁੜੀ ਨੂੰ ਬਘੌਰਾ ਸਕੂਲ 'ਚੋਂ ਹਟਾ ਕੇ ਬਾਰ੍ਹਵੀਂ ਜਮਾਤ ਵਿਚ ਕਿਤੇ ਹੋਰ ਦਾਖਲਾ ਕਰਵਾ ਦਿੱਤਾ। ਕੁਝ ਦਿਨਾਂ ਪਹਿਲਾਂ ਪੀੜਤ ਵਿਦਿਆਰਥਣ ਨੇ ਫੇਸਬੁੱਕ ਡੀ. ਪੀ. 'ਤੇ ਉਸ ਦੀ ਉਕਤ ਵਿਦਿਆਰਥੀ ਨਾਲ ਲੱਗੀ ਹੋਈ ਫੋਟੋ ਦੇਖੀ। ਇਸ ਪਿੱਛੋਂ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗੀ ਪਈ। ਐਤਵਾਰ ਅਚਾਨਕ ਜਦੋਂ ਸਾਰਾ ਪਰਿਵਾਰ ਘਰੇ ਸੀ ਤੇ ਉਹ ਆਪਣੇ ਇਮਤਿਹਾਨ ਦੀ ਤਿਆਰੀ ਕਰ ਰਹੀ ਸੀ ਤਾਂ ਅਚਾਨਕ ਉਸ ਨੇ ਆਪਣੇ ਉੱਪਰ ਤੇਲ ਛਿੜਕ ਕੇ ਅੱਗ ਲਾ ਲਈ। ਮੁਢਲੀ ਡਾਕਟਰੀ ਸਹਾਇਤਾ ਲਈ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਉਹ 40-45 ਫੀਸਦੀ ਝੁਲਸ ਚੁੱਕੀ ਸੀ। ਪੀੜਤਾ ਨੂੰ ਤੁਰੰਤ ਉਚੇਰੀ ਡਾਕਟਰੀ ਸਹਾਇਤਾ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉਕਤ ਮਾਮਲੇ ਵਿਚ ਥਾਣਾ ਖੇੜੀ ਗੰਡਿਆਂ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇੰਸ. ਮਹਿਮਾ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਦਰਜ ਕਰ ਲਏ ਗਏ ਹਨ। ਕਥਿਤ ਦੋਸ਼ੀ ਬਘੌਰਾ ਵਾਸੀ ਕਮਲਜੀਤ 'ਤੇ ਪਰਚਾ ਦਰਜ ਕਰ ਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।