ਕਬਾੜ ਬਾਜ਼ਾਰ ’ਚ ਟਾਇਰਾਂ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ
Thursday, Aug 28, 2025 - 10:08 PM (IST)

ਮੋਗਾ (ਆਜ਼ਾਦ) - ਬਾਅਦ ਦੁਪਹਿਰ ਮੋਗਾ ਦੇ ਕਬਾੜ ਬਾਜ਼ਾਰ ਵਿਚ ਸਥਿਤ ਪੁਰਾਣੇ ਟਾਇਰਾਂ ਦੇ ਇਕ ਗੋਦਾਮ ਵਿਚ ਭਿਆਨਕ ਅੱਗ ਲੱਗਣ ਕਾਰਣ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਪਤਾ ਲੱਗਾ ਹੈ। ਅੱਗ ਲੱਗਣ ਦੀ ਘਟਨਾਂ ਦਾ ਪਤਾ ਲੱਗਣ ’ਤੇ ਭਾਰੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਅੱਗ ਬੁਝਾਉਣ ਦਾ ਯਤਨ ਕਰਦਿਆਂ ਫਾਇਰ ਬਿਗ੍ਰੇਡ ਮੋਗਾ ਨੂੰ ਸੂਚਿਤ ਕੀਤਾ, ਜਿਸ ’ਤੇ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਦੇ ਇਲਾਵਾ ਫਾਇਰ ਅਫਸਰ ਦਵਿੰਦਰ ਸਿੰਘ, ਜਗਤਰ ਸਿੰਘ, ਬੇਅੰਤ ਸਿੰਘ, ਗੁਰਪ੍ਰੀਤ ਸਿੰਘ, ਪਵਨਦੀਪ ਸਿੰਘ, ਇਕਬਾਲ ਸਿੰਘ, ਹਰਮਨਬੀਰ ਸਿੰਘ, ਨਵਨੀਤ ਕੁਮਾਰ ਦੇ ਇਲਾਵਾ ਭਾਰੀ ਗਿਣਤੀ ਵਿਚ ਫਾਇਰ ਕਰਮਚਾਰੀ ਮੌਕੇ ’ਤੇ ਪਾਣੀ ਦੀਆਂ ਭਰੀਆਂ ਗੱਡੀਆਂ ਲੈ ਕੇ ਪੁੱਜੇ ਅਤੇ ਬੜੀ ਮੁਸ਼ਕਿਲ ਨਾਲ ਛੱਤ ’ਤੇ ਚੜ੍ਹ ਕੇ 3 ਘੰਟੇ ਦੀ ਮੁਸ਼ੱਕਤ ਦੇ ਬਾਅਦ ਅੱਗ ’ਤੇ ਕਾਬੂ ਪਾਇਆ।
ਇਸ ਮੌਕੇ ਮੇਅਰ ਬਲਜੀਤ ਸਿੰਘ ਚਾਨੀ ਨੇ ਦੱਸਿਆ ਕਿ ਸਾਡੇ ਫਾਇਰ ਬਿਗ੍ਰੇਡ ਦੇ ਮੁਲਾਜ਼ਮਾਂ ਨੇ ਲੋਕਾਂ ਦੀ ਮਦਦ ਨਾਲ ਬੜੀ ਹਿੰਮਤ ਅਤੇ ਦਲੇਰੀ ਦਿਖਾ ਕੇ ਅੱਗ ਬੁਝਾਈ, ਜਿਸ ਕਾਰਣ ਆਸ-ਪਾਸ ਦੀਆਂ ਦੁਕਾਨਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਜਾਣਕਾਰੀ ਅਨੁਸਾਰ ਟਾਇਰਾਂ ਦੇ ਗੋਦਾਮ ਉਪਰ ਪਈ ਤਰਪਾਲ, ਬਿਜਲੀ ਸਪਾਰਕ ਦੀ ਲਪੇਟ ਵਿਚ ਆ ਗਈ, ਜਿਸ ਕਾਰਣ ਅੱਗ ਗੋਦਾਮ ਵਿਚ ਫੈਲ ਗਈ ਅਤੇ ਚਾਰੇ ਪਾਸੇ ਧੂੰਆਂ ਹੋ ਗਿਆ। ਫਾਇਰ ਮੁਲਾਜ਼ਮਾਂ ਨੇ ਕਿਸੇ ਤਰੀਕੇ ਨਾਲ ਤਰਪਾਲ ਨੂੰ ਪਾੜ ਕੇ ਪਾਣੀ ਦੀਆਂ ਬੁਛਾਰਾਂ ਸੁੱਟੀਆਂ।
ਇਸ ਮੌਕੇ ਪੁਲਸ ਮੁਲਾਜ਼ਮ ਵੀ ਮੌਜੂਦ ਸਨ, ਜਿਨ੍ਹਾਂ ਲੋਕਾਂ ਨੂੰ ਅੱਗ ਦੇ ਨੇੜੇ ਜਾਣ ਤੋਂ ਰੋਕਿਆ। ਇਸ ਮੌਕੇ ਗੱਲਬਾਤ ਕਰਦਿਆਂ ਮੇਅਰ ਬਲਜੀਤ ਸਿੰਘ ਚਾਨੀ ਨੇ ਆਖਿਆ ਕਿ ਸਾਰੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਵਿਚ ਅੱਗ ਬੁਝਾਉਣ ਲਈ ਅੱਗ ਬੁਝਾਊ ਯੰਤਰ ਜ਼ਰੂਰ ਰੱਖਣੇ ਚਾਹੀਦੇ ਹਨ ਤਾਂਕਿ ਅੱਗ ਨਾਲ ਕੋਈ ਨੁਕਸਾਨ ਨਾ ਹੋ ਸਕੇ।