ਸਟ੍ਰਾਈਕਰ ਗੇਮ ਦੀ ਆੜ ''ਚ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼

Saturday, Mar 28, 2026 - 06:59 PM (IST)

ਸਟ੍ਰਾਈਕਰ ਗੇਮ ਦੀ ਆੜ ''ਚ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼

ਲੁਧਿਆਣਾ (ਰਾਜ): ਸ਼ਹਿਰ ਵਿਚ ਭੋਲੇ-ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਜਾਲ ਵਿਚ ਫਸਾ ਕੇ ਅਤੇ ਪੈਸੇ ਦੁੱਗਣੇ ਕਰਨ ਦਾ ਸਬਜ਼ਬਾਗ ਦਿਖਾ ਕੇ ਠੱਗੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਥਾਣਾ ਡਵੀਜ਼ਨ ਨੰਬਰ 1 ਦੀ ਪੁਲਸ ਨੇ ਘੰਟਾ ਘਰ ਚੌਕ ਨੇੜੇ ਲਾਟਰੀ ਮਾਰਕੀਟ ਕੋਲ ਛਾਪੇਮਾਰੀ ਕਰਕੇ ਇਕ ਮੁਲਜ਼ਮ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਉਸ ਦੇ ਤਿੰਨ ਸਾਥੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਜੋ ਕਿ 'ਸਟ੍ਰਾਈਕਰ ਗੇਮ' ਦੀ ਆੜ ਵਿਚ ਲੋਕਾਂ ਨਾਲ ਠੱਗੀ ਕਰ ਰਹੇ ਸਨ।

ਜਾਣਕਾਰੀ ਅਨੁਸਾਰ, ਸਬ-ਇੰਸਪੈਕਟਰ ਰਾਜਿੰਦਰ ਕੁਮਾਰ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਗਿਰਜਾ ਘਰ ਚੌਕ ਵਿਚ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਨੂੰ ਖਾਸ ਮੁਖਬਰ ਤੋਂ ਸੂਚਨਾ ਮਿਲੀ ਕਿ ਪ੍ਰੇਮ ਕੁਮਾਰ ਥਾਪਾ ਨਾਂ ਦਾ ਵਿਅਕਤੀ ਆਪਣੇ ਸਾਥੀਆਂ ਨਾਲ ਮਿਲ ਕੇ ਘੰਟਾ ਘਰ ਨੇੜੇ ਸੜਕ ਕਿਨਾਰੇ 'ਸਟ੍ਰਾਈਕਰ ਗੇਮ' ਦੀ ਆੜ ਵਿਚ ਲੋਕਾਂ ਨੂੰ ਠੱਗ ਰਿਹਾ ਹੈ। ਮੁਲਜ਼ਮ ਮਾਸੂਮ ਲੋਕਾਂ ਨੂੰ ਘੱਟ ਸਮੇਂ ਵਿਚ ਪੈਸੇ ਦੁੱਗਣੇ ਕਰਨ ਦਾ ਲਾਲਚ ਦਿੰਦੇ ਸਨ ਅਤੇ ਫਿਰ ਉਨ੍ਹਾਂ ਦੀ ਖੂਨ-ਪਸੀਨੇ ਦੀ ਕਮਾਈ 'ਤੇ ਹੱਥ ਸਾਫ਼ ਕਰ ਦਿੰਦੇ ਸਨ। ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਮੌਕੇ 'ਤੇ ਦਬਿਸ਼ ਦਿੱਤੀ ਅਤੇ ਘੇਰਾਬੰਦੀ ਕਰਕੇ ਮੁਲਜ਼ਮ ਪ੍ਰੇਮ ਕੁਮਾਰ ਥਾਪਾ ਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਪੁਲਸ ਨੇ ਮੁਲਜ਼ਮ ਦੇ ਕਬਜ਼ੇ 'ਚੋਂ 2000 ਰੁਪਏ ਦੀ ਨਕਦੀ, ਇਕ ਮੋਬਾਈਲ ਫ਼ੋਨ, ਇਕ ਤੌਲੀਆ ਅਤੇ ਵਾਰਦਾਤ ਵਿਚ ਵਰਤਿਆ ਜਾਣ ਵਾਲਾ ਸਟ੍ਰਾਈਕਰ ਬਰਾਮਦ ਕੀਤਾ ਹੈ। ਤਫ਼ਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਇਸ ਠੱਗੀ ਦੀ ਖੇਡ ਪਿੱਛੇ ਪ੍ਰੇਮ ਕੁਮਾਰ ਦੇ ਤਿੰਨ ਹੋਰ ਸਾਥੀ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਮੁੱਖ ਮੁਲਜ਼ਮ ਵਿਕਾਸ ਛਾਬੜਾ ਉਰਫ਼ ਮਹਿੰਦੀ, ਲਾਂਬਾ ਅਤੇ ਰਾਜਾ ਵਜੋਂ ਹੋਈ ਹੈ। ਇਹ ਤਿੰਨੋਂ ਮੁਲਜ਼ਮ ਪ੍ਰੇਮ ਕੁਮਾਰ ਨੂੰ ਸ਼ਹਿ ਦਿੰਦੇ ਸਨ ਅਤੇ ਪੂਰਾ ਸਿੰਡੀਕੇਟ ਮਿਲ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਠੱਗੀ ਦਾ ਜਾਲ ਵਿਛਾਈ ਬੈਠਾ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਫਰਾਰ ਚੱਲ ਰਹੇ ਵਿਕਾਸ ਮਹਿੰਦੀ, ਲਾਂਬਾ ਅਤੇ ਰਾਜਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਸਾਫ਼ ਕੀਤਾ ਹੈ ਕਿ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਗੈਰ-ਕਾਨੂੰਨੀ ਕੰਮ ਜਾਂ ਸੱਟੇਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


author

Anmol Tagra

Content Editor

Related News