ਮਿੱਟੀ ''ਚੋਂ ਸੋਨਾ ਉਗਾਉਣ ਵਾਲੇ ਕਿਸਾਨ ਆਪਣਾ ਹੱਕ ਲੈਣਾ ਜਾਣਦੇ ਹਨ

12/05/2020 1:26:41 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਕੇਂਦਰ ਸਰਕਾਰ ਵਲੋਂ ਘੜੀਆਂ ਜਾ ਰਹੀਆਂ ਮਾੜੀਆਂ ਨੀਤੀਆਂ ਅਤੇ ਪੇਸ਼ ਕੀਤੇ ਗਏ ਕਿਸਾਨ ਮਾਰੂ ਬਿੱਲਾਂ ਦੇ ਖ਼ਿਲਾਫ਼ ਸਾਰੇ ਦੇਸ਼ ਦੇ ਕਿਸਾਨ ਭਾਰੀ ਰੋਸ ਵਿਚ ਹਨ। ਇਸ ਵੇਲੇ ਦਿੱਲੀ ਨੇੜੇ ਵੱਖ-ਵੱਖ ਬਾਰਡਰਾਂ 'ਤੇ ਕਈ ਸੂਬਿਆਂ ਦੇ ਕਿਸਾਨ ਡਟੇ ਹੋਏ ਹਨ ਤੇ ਇਸ ਅੰਦੋਲਨ ਦੀ ਅਗਵਾਈ ਕਰ ਰਹੇ ਹਨ ਪੰਜਾਬ ਦੇ ਕਿਸਾਨ। ਵੱਡੀ ਗਿਣਤੀ 'ਚ ਕਿਸਾਨ ਇਸ ਸੰਘਰਸ਼ ਵਿਚ ਨਿਤਰ ਆਏ ਹਨ ਤੇ ਇਕ ਵਾਰ ਦਿੱਲੀ ਦੇ ਤਖ਼ਤ ਨੂੰ ਕਿਸਾਨਾਂ ਨੇ ਹਿਲਾ ਕੇ ਰੱਖ ਦਿੱਤਾ ਹੈ ਅਤੇ ਇਹ ਸਾਬਤ ਕਰ ਦਿੱਤਾ ਹੈ ਕਿ ਮਿੱਟੀ 'ਚੋਂ ਸੋਨਾ ਉਗਾਉਣ ਵਾਲੇ ਕਿਸਾਨ ਆਪਣਾ ਹੱਕ ਲੈਣਾ ਖ਼ੁਦ ਜਾਣਦੇ ਹਨ ਤੇ ਉਹ ਸਰਕਾਰਾਂ ਦੀਆਂ ਘੁਰਕੀਆਂ, ਪੁਲਸ ਦੀਆਂ ਡਾਗਾਂ, ਪਾਣੀ ਦੀਆਂ ਬੋਛਾੜਾਂ ਤੇ ਅੱਥਰੂ ਗੈਸਾਂ ਤੋਂ ਨਹੀਂ ਡਰਦੇ।

ਬਹਾਦਰਗੜ੍ਹ ਨੇੜੇ ਟਿਕਰੀ ਬਾਰਡਰ 'ਤੇ ਪਿਛਲੇ ਇਕ ਹਫਤੇ ਤੋਂ ਧਰਨਾ ਕਰ ਰਹੇ ਕਿਸਾਨਾਂ ਦਾ ਸਾਥ ਦੇ ਰਹੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੰਧੜ ਦੇ ਕਿਸਾਨ ਪ੍ਰਗਟ ਸਿੰਘ ਸਰਾਂ ਜੋ ਬੀ.ਕੇ.ਯੂ. ਸਿੱਧੂਪੁਰ ਗਰੁੱਪ ਦੇ ਇਕਾਈ ਪ੍ਰਧਾਨ ਹਨ, ਨੇ ਵੀਡੀਓ ਕਾਲ ਰਾਹੀਂ ਗੱਲਬਾਤ ਕਰਦਿਆਂ ਦੱਸਿਆ ਕਿ ਇੱਥੇ ਬੈਠੇ ਕਿਸਾਨਾਂ ਦੇ ਹੌਂਸਲੇ ਪੂਰੇ ਬੁਲੰਦ ਹਨ ਤੇ ਉਨ੍ਹਾਂ ਨੂੰ ਕਿਸੇ ਵੀ ਚੀਜ ਦੀ ਕੋਈ ਘਾਟ ਨਜ਼ਰ ਨਹੀ ਆ ਰਹੀ।ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਅਤੇ ਦਿੱਲੀ ਦੇ ਲੋਕ ਕਿਸਾਨਾਂ ਦੀ ਸੇਵਾ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਤੇ ਉਨ੍ਹਾਂ ਕੋਲ ਲੰਗਰ ਤੋਂ ਇਲਾਵਾ ਫਲ-ਫ਼ਰੂਟ, ਬਦਾਮ ਅਤੇ ਹੋਰ ਬਥੇਰਾ ਕੁਝ ਖਾਣ ਪੀਣ ਲਈ ਭੇਜ ਰਹੇ ਹਨ। ਦੁੱਧ ਤਾਂ ਦਿਨ 'ਚ ਤਿੰਨ-ਤਿੰਨ ਵਾਰ ਆ ਜਾਂਦਾ ਹੈ। ਦਿੱਲੀ ਧਰਨੇ ਵਿਚ ਹੀ ਬੈਠੇ ਪਿੰਡ ਮਾਨ ਸਿੰਘ ਵਾਲਾ ਦੇ ਨੌਜਵਾਨ ਗੁਰਵੰਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬੀਆਂ ਦੀ ਅਣਖ ਅਤੇ ਦਲੇਰਤਾ ਨੂੰ ਕੋਈ ਨਹੀ ਭੁੱਲਿਆ ਪਰ ਕੇਂਦਰ ਸਰਕਾਰ ਨੇ ਪੰਜਾਬੀਆਂ ਨਾਲ ਪੰਗਾ ਲੈ ਲਿਆ ਹੈ। ਜਿਸ ਦਾ ਖਾਮਿਆਜਾ ਉਨ੍ਹਾਂ ਨੂੰ ਭੁਗਤਣਾ ਪਵੇਗਾ। ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਲੈਣ ਸਮੇਂ ਆਪਣਾ ਵੱਡਾ ਯੋਗਦਾਨ ਪਾਇਆ ਸੀ ਤੇ ਭਾਰੀ ਕੁਰਬਾਨੀਆਂ ਦਿੱਤੀਆਂ ਸਨ ਤੇ ਹੁਣ ਕਿਸਾਨ ਪੂਰੇ ਦੇਸ਼ ਦੇ ਕਿਸਾਨਾਂ ਲਈ ਇਕ ਵੱਡਾ ਥੰਮ ਬਣ ਕੇ ਖੜੇ ਹਨ। 

ਪਿੰਡਾਂ ਵਿਚੋਂ ਕਿਸਾਨਾਂ ਦੀਆਂ ਟਰਾਲੀਆਂ ਭਰ ਕੇ ਜਾ ਰਹੀਆਂ ਹਨ ਦਿੱਲੀ
ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਅਤੇ ਦਿੱਲੀ ਧਰਨੇ 'ਚ ਬੈਠੇ ਕਿਸਾਨਾਂ ਦਾ ਸਾਥ ਦੇਣ ਲਈ ਇਸ ਖ਼ੇਤਰ ਦੇ ਪਿੰਡਾਂ 'ਚੋਂ ਕਿਸਾਨਾਂ ਦੀਆਂ ਟਰਾਲੀਆਂ ਭਰ-ਭਰ ਕੇ ਦਿੱਲੀ ਨੂੰ ਰਵਾਨਾ ਹੋ ਰਹੀਆਂ ਹਨ ਤੇ ਕਿਸਾਨ ਵਰਗ 'ਚ, ਖ਼ਾਸ ਕਰਕੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। 

ਦਿੱਲੀ ਧਰਨੇ 'ਤੇ ਗਏ ਤਿੰਨ ਵਿਅਕਤੀਆਂ ਦੀ ਹੋ ਚੁੱਕੀ ਹੈ ਮੌਤ
ਮੋਦੀ ਸਰਕਾਰ ਦੇ ਅੜੀਅਲ ਵਤੀਰੇ ਦੇ ਕਾਰਨ ਕਿਸਾਨਾਂ ਨੂੰ ਸੜਕਾਂ 'ਤੇ ਖੁੱਲ੍ਹੇ ਆਸਮਾਨ 'ਚ ਰਾਤਾਂ ਕੱਟਣੀਆਂ ਪੈ ਰਹੀਆਂ ਹਨ ਤੇ ਇਸ ਸੰਘਰਸ਼ 'ਚ ਹੁਣ ਤੱਕ ਪੰਜਾਬ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ 
ਚੁੱਕੀ ਹੈ। ਪਰ ਇਸ ਦੇ ਬਾਵਜੂਦ ਵੀ ਕਿਸਾਨ ਚੜ੍ਹਦੀ ਕਲਾ ਵਿਚ ਹਨ ਤੇ ਉਨ੍ਹਾਂ ਦੀ ਦਿੱਲੀ ਨੂੰ ਇਹੋ ਹੀ ਲਲਕਾਰ ਹੈ ਕਿ ਉਹ ਇਹ ਲੜਾਈ ਜਿੱਤ ਕੇ ਹੀ ਵਾਪਸ ਮੁੜਨਗੇ।

ਬਜੁਰਗ ਮਾਇਆ ਵੀ ਮੋਦੀ ਦੇ ਖਿਲਾਫ਼ ਦੇ ਰਹੀਆਂ ਹਨ ਧੂੰਆਂਧਾਰ ਭਾਸ਼ਣ
ਦਿੱਲੀ ਧਰਨੇ 'ਤੇ ਬੈਠੇ ਕਿਸਾਨਾਂ ਵਲੋਂ ਵੱਖ-ਵੱਖ ਥਾਵਾਂ 'ਤੇ ਸਟੇਜਾਂ ਲਾਈਆਂ ਜਾ ਰਹੀਆਂ ਹਨ ਤੇ ਇਸੇ ਦੌਰਾਨ ਜੋ ਵੇਖਣ ਨੂੰ ਮਿਲ ਰਿਹਾ ਹੈ, ਉਹ ਇਹ ਹੈ ਕਿ ਹੁਣ ਤਾਂ ਬਜੁਰਗ ਮਾਈਆਂ ਵੀ ਇਸ ਵੱਡੇ ਸੰਘਰਸ਼ ਵਿਚ ਸਾਥ ਦੇ ਰਹੀਆਂ ਹਨ ਅਤੇ ਮੋਦੀ ਦੇ ਖ਼ਿਲਾਫ਼ ਧੂੰਆਧਾਰ ਭਾਸ਼ਣ ਵੀ ਕਰ ਰਹੀਆਂ ਹਨ। 

ਕੇਂਦਰ ਸਰਕਾਰ ਕਿਸਾਨਾਂ ਨੂੰ ਹੋਰ ਤੰਗ-ਪ੍ਰੇਸ਼ਾਨ ਨਾ ਕਰੇ
ਇਸੇ ਦੌਰਾਨ ਸੇਵਾ ਮੁਕਤ ਅਧਿਆਪਕਾ ਰਾਜਪਾਲ ਕੌਰ, ਕਨਵਰ ਬਰਾੜ, ਸੁੱਖਾ ਬਰਾੜ, ਡਾ. ਜਸਵੀਰ ਜੱਸੀ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਤੇ ਡਾ. ਦਰਸ਼ਨ ਸਿੰਘ ਨੇ ਕਿਹਾ ਹੈ ਕਿ ਪਹਿਲਾਂ ਹੀ ਆਰਥਿਕ ਤੰਗੀਆਂ-ਤੁਰਸ਼ੀਆਂ ਦਾ ਸਾਹਮਣਾ ਕਰ ਰਹੇ ਤੇ ਖੁਦਕੁਸ਼ੀਆਂ ਦੇ ਦੌਰ 'ਚੋਂ ਲੰਘ ਰਹੀ ਕਿਸਾਨੀ ਨੂੰ ਕੇਂਦਰ ਸਰਕਾਰ ਹੋਰ ਤੰਗ-ਪ੍ਰੇਸ਼ਾਨ ਨਾ ਕਰੇ ਤੇ ਖੇਤੀ ਵਿਰੋਧੀ ਬਿੱਲ ਤੁਰੰਤ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਰੋਹ ਅੱਗੇ ਆਖਰ ਕੇਂਦਰ ਸਰਕਾਰ ਨੂੰ ਝੁਕਣਾ ਹੀ ਪਵੇਗਾ। 

ਕਿਸਾਨਾਂ ਦੀ ਬਦੌਲਤ ਹੀ ਦੇਸ਼ ਦਾ ਲੋਕਾਂ ਦਾ ਢਿੱਡ ਭਰਦਾ ਹੈ ਭਾਰਤੀ ਕਿਸਾਨ ਸੰਘ ਦੇ ਜਿਲਾ ਪ੍ਰਧਾਨ ਜਰਨੈਲ ਸਿੰਘ ਬੱਲਮਗੜ੍ਹ, ਤੇ ਜੱਸਲ ਸਿੰਘ ਰਹੂੜਿਆਂਵਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਜਲਦੀ ਮਸਲੇ ਦਾ ਹੱਲ ਕਰੇ।ਉਨ੍ਹਾਂ ਕਿਹਾ ਕਿ ਜੋ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਦਿੱਲੀਂ ਪੁੱਜੇ ਕਿਸਾਨ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਦੀ ਬਦੌਲਤ ਹੀ ਲੋਕਾਂ ਦਾ ਢਿੱਡ ਭਰਦਾ ਹੈ। ਉਨ੍ਹਾਂ ਕਿਹਾ ਕਿ ਠੰਡ ਦੇ ਮੌਸਮ 'ਚ ਕਿਸਾਨਾਂ ਦੇ ਨਾਲ-ਨਾਲ ਬਜੁਰਗ ਮਾਤਾਵਾਂ ਅਤੇ ਬੱਚੇ ਵੀ ਸੜਕਾਂ 'ਤੇ ਦਿਨ-ਰਾਤ ਬੈਠੇ ਹਨ। ਕੇਂਦਰ ਸਰਕਾਰ ਆਪਣਾ ਅੜੀਅਲ ਵਤੀਰਾ ਛੱਡੇ।


Shyna

Content Editor

Related News