ਮੋਟਰਸਾਈਕਲ ਸਵਾਰਾਂ ਨੇ ਸੇਲਜ਼ ਗਰਲ ਦਾ ਝਪਟਿਆ ਮੋਬਾਇਲ
Friday, Nov 23, 2018 - 04:31 AM (IST)

ਲੁਧਿਆਣਾ,(ਮਹੇਸ਼)- ਸਲੇਮ ਟਾਬਰੀ ਦੇ ਨੇਤਾ ਜੀ ਨਗਰ ਇਲਾਕੇ ਵਿਚ ਬਾਈਕ ਸਵਾਰ ਦਿਨ ਦਿਹਾਡ਼ੇ ਇਕ ਸੇਲਜ਼ ਗਰਲ ਦਾ ਮੋਬਾਇਲ ਝਪਟ ਕੇ ਲੈ ਗਏ। ਮੋਬਾਇਲ ਦੇ ਕਵਰ ’ਚ 600 ਰੁਪਏ ਦੀ ਨਕਦੀ ਵੀ ਸੀ। ਪੀਡ਼ਤਾ ਨੇ ਇਸ ਦੀ ਸ਼ਿਕਾਇਤ ਇਲਾਕਾ ਪੁਲਸ ਦੇ ਕੋਲ ਕੀਤੀ ਹੈ। ਪਿਛਲੇ 4 ਦਿਨਾਂ ਵਿਚ ਸਲੇਮ ਟਾਬਰੀ ਇਲਾਕੇ ’ਚ ਲੁੱਟ ਦੀ ਇਹ ਦੀ ਤੀਜੀ ਵਾਰਦਾਤ ਹੈ, ਜਦੋਂਕਿ ਇਕ ਘਟਨਾ ਵਿਚ ਬਾਈਕ ਸਵਾਰ ਬਦਮਾਸ਼ਾਂ ਨੇ ਲੁੱਟ ਦਾ ਵਿਰੋਧ ਕਰਨ ’ਤੇ ਇਕ ਫੈਕਟਰੀ ਵਰਕਰ ਦੇ ਛੁਰਾ ਖੋਭ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪੁਲਸ ਇਸ ਕੇਸ ਨੂੰ ਸੁਲਝਾਉਣ ਲਈ ਅਜੇ ਹਨੇਰੇ ਵਿਚ ਹੀ ਤੀਰ ਚਲਾ ਰਹੀ ਸੀ ਕਿ ਬਾਈਕ ਸਵਾਰਾਂ ਨੇ ਇਕ ਹੋਰ ਵਾਰਦਾਤ ਨੂੰ ਅੰਜਾਮ ਦੇ ਕੇ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਘਟਨਾ ਅੱਜ ਦੁਪਹਿਰ ਕਰੀਬ 2 ਵਜੇ ਦੀ ਹੈ, ਜਦੋਂ ਇਕ ਪ੍ਰਾਈਵੇਟ ਕੰਪਨੀ ਦਾ ਡੋਰ-ਟੂ-ਡੋਰ ਸਾਮਾਨ ਵੇਚਣ ਵਾਲੀ ਸੇਲਜ਼ ਗਰਲ ਕਾਜਲ ਮੋਬਾਇਲ ’ਤੇ ਗੱਲ ਕਰਦੀ ਹੋਈ ਬਰਫ ਦੇ ਕਾਰਖਾਨੇ ਦੇ ਕੋਲ ਪੁੱਜੀ ਤਾਂ ਉਸੇ ਸਮੇਂ ਕਾਲੇ ਰੰਗ ਦੀ ਬਾਈਕ ’ਤੇ 2 ਬਦਮਾਸ਼ ਪਿੱਛਿਓਂ ਆਏ ਅਤੇ ਉਸ ਦਾ ਮੋਬਾਇਲ ਝਪਟ ਕੇ ਫਰਾਰ ਹੋ ਗਏ। ਕਾਜਲ ਨੇ ਦੱਸਿਆ ਕਿ ਅਪ੍ਰਤੱਖ ਰੂਪ ਨਾਲ ਵਾਪਰੀ ਘਟਨਾ ਨਾਲ ਉਹ ਇਸ ਤਰ੍ਹਾਂ ਘਬਰਾ ਗਈ ਕਿ ਕੁਝ ਸਮਝ ਹੀ ਨਹੀਂ ਸਕੀ। ਜਦੋਂ ਉਸ ਨੇ ਆਪਣੇ ਆਪ ਨੂੰ ਸੰਭਾਲਿਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਬਦਮਾਸ਼ ਉਸ ਦੀਆਂ ਅੱਖਾਂ ਤੋਂ ਓਹਲੇ ਹੋ ਗਏ। ਉਸ ਨੇ ਦੱਸਿਆ ਕਿ ਦੋਵੇਂ ਬਦਮਾਸ਼ ਮੋਨੇ ਸਨ। ਖਬਰ ਲਿਖੇ ਜਾਣ ਤੱਕ ਇਸ ਸਬੰਧੀ ਕੇਸ ਦਰਜ ਨਹੀਂ ਹੋਇਆ ਸੀ।
2 ਹਫਤੇ ਬਾਅਦ ਲੁੱਟ ਦਾ ਕੇਸ ਦਰਜ
ਹੋਟਲ ਕੀਜ਼ ਦੇ ਕੋਲ 2 ਹਫਤੇ ਪਹਿਲਾਂ ਬਸੰਤ ਸਿਟੀ ਇਲਾਕੇ ਦੇ ਇਕ ਨੌਜਵਾਨ ਦੇ ਨਾਲ ਹੋਈ ਲੁੱਟ-ਖੋਹ ਦੇ ਕੇਸ ਵਿਚ ਸਦਰ ਪੁਲਸ ਨੇ ਹੁਣ ਕਿਤੇ ਜਾ ਕੇ ਲੁੱਟ ਦਾ ਪਰਚਾ ਦਰਜ ਕੀਤਾ ਹੈ। ਇਹ ਕੇਸ 21 ਸਾਲਾ ਰਵੀ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਰਵੀ ਨੇ ਦੱਸਿਆ ਕਿ ਉਹ 9 ਨਵੰਬਰ ਦੀ ਸ਼ਾਮ ਨੂੰ ਕਰੀਬ 6 ਵਜੇ ਪਿੰਡ ਦਾਦ ਵੱਲ ਜਾ ਰਿਹਾ ਸੀ। ਜਦੋਂ ਉਹ ਉਕਤ ਹੋਟਲ ਦੇ ਕੋਲ ਪੁੱਜਾ ਤਾਂ ਪਿੱਛਿਓਂ ਹੀਰੋ ਹੋਂਡਾ ਮੋਟਰਸਾਈਕਲ ’ਤੇ 2 ਮੋਨੇ ਬਦਮਾਸ਼ ਆਏ, ਜਿਨ੍ਹਾਂ ਨੇ ਉਸ ਨੂੰ ਘੇਰ ਕੇ ਡਰਾ-ਧਮਕਾ ਕੇ ਉਸ ਦਾ ਮੋਬਾਇਲ ਲੁੱਟ ਲਿਆ ਅਤੇ ਫਰਾਰ ਹੋ ਗਏ। ਉਹ ਬਾਈਕ ਦਾ ਆਖਰੀ ਨੰਬਰ 0850 ਹੀ ਦੇਖ ਸਕਿਆ।