1.20 ਕੁਇੰਟਲ ਚੂਰਾ ਪੋਸਤ ਸਮੇਤ ਸਮੱਗਲਰ ਗ੍ਰਿਫਤਾਰ

09/23/2019 2:13:42 AM

ਲੁਧਿਆਣਾ (ਮਹੇਸ਼)-ਸਦਰ ਪੁਲਸ ਨੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਦੇ ਦੋਸ਼ 'ਚ ਜੇਲ 'ਚੋਂ ਇਕ ਸਜ਼ਾ ਕੱਟ ਕੇ ਆਏ ਸਮੱਗਲਰ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 1.20 ਕੁਇੰਟਲ ਚੂਰਾ ਪੋਸਤ ਬਰਾਮਦ ਕੀਤਾ ਹੈ, ਜੋ ਕਿ ਟਰੱਕ ਦੇ ਜ਼ਰੀਏ ਰਾਜਸਥਾਨ ਤੋਂ ਸਮੱਗਲਿੰਗ ਕਰ ਕੇ ਪੰਜਾਬ 'ਚ ਲਿਆਂਦਾ ਗਿਆ। ਫੜੇ ਗਏ ਦੋਸ਼ੀ ਦੀ ਪਛਾਣ ਬਲਜਿੰਦਰ ਸਿੰਘ (57) ਵਜੋਂ ਹੋਈ ਹੈ, ਜੋ ਕਿ ਮੂਲਰੂਪ 'ਚ ਜਗਰਾਓਂ ਦੇ ਪਿੰਡ ਹਠੂਰ ਦਾ ਰਹਿਣ ਵਾਲਾ ਹੈ ਅਤੇ ਡੇਢ ਮਹੀਨਾ ਪਹਿਲਾਂ 12 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਭੁਗਤ ਕੇ ਜੇਲ 'ਚੋਂ ਬਾਹਰ ਆਇਆ ਸੀ। ਇਸ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

ਅਸਿਸਟੈਂਟ ਪੁਲਸ ਕਮਿਸ਼ਨਰ ਜਸ਼ਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਨੂੰ 20 ਅਕਤੂਬਰ ਦੀ ਰਾਤ ਨੂੰ ਖੂਫੀਆ ਜਾਣਕਾਰੀ ਮਿਲੀ ਸੀ ਕਿ ਸੂਆ ਰੋਡ ਦੇ ਓਸੋ ਗਾਰਡਨ ਦੇ ਨੇੜੇ ਇਕ ਘਰ 'ਚ ਨਸ਼ੇ ਦੀ ਵੱਡੀ ਖੇਪ ਉਤਰੀ ਹੈ। ਤੁਰੰਤ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਅਤੇ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਬਰਾੜ ਅਤੇ ਏ. ਐੱਸ. ਆਈ. ਪਰਮਜੀਤ ਸਿੰਘ ਦੀ ਟੀਮ ਨੇ ਛਾਪਾਮਾਰੀ ਕੀਤੀ। ਜਿਥੋਂ 20-20 ਕਿਲੋ ਚੂਰਾ ਪੋਸਤ ਨਾਲ ਭਰੀਆਂ ਹੋਈਆਂ 6 ਬੋਰੀਆਂ ਜ਼ਬਤ ਕੀਤੀਆਂ ਗਈਆਂ ਹਨ। ਦੋਸ਼ੀ ਬਲਜਿੰਦਰ ਨੂੰ ਮੌਕੇ 'ਤੇ ਦਬੋਚ ਲਿਆ ਗਿਆ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਲਜਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਮਕਾਨ ਕਿਰਾਏ 'ਤੇ ਲਿਆ ਸੀ। ਜਿਸ ਦਾ ਮਾਲਕ ਅਰਵੇਲ ਸਿੰੰਘ ਹੈ, ਜੋ ਕਿ ਆਸਟਰੇਲੀਆ ਗਿਆ ਹੋਇਆ ਹੈ। ਜਿਸ ਦੇ ਮੁੜਨ 'ਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਸਜ਼ਾ ਦੌਰਾਨ ਜੇਲ 'ਚ ਹੋਈ ਸੀ ਨਸ਼ਾ ਸਮੱਗਲਰਾਂ ਨਾਲ ਮੁਲਾਕਾਤ
ਬਰਾੜ ਨੇ ਦੱਸਿਆ ਕਿ ਬਲਜਿੰਦਰ ਨੂੰ 6 ਅਗਸਤ 1994 ਨੂੰ 65 ਕਿਲੋ ਅਫੀਮ ਸਮੇਤ ਸਦਰ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਜਿਸ 'ਚ ਅਦਾਲਤ ਨੇ ਸਜ਼ਾ ਵਜੋਂ 12 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਲਾਇਆ ਸੀ। ਇਹ ਸਜ਼ਾ ਉਸ ਨੇ ਲੁਧਿਆਣਾ ਦੀ ਸੈਂਟਰਲ ਜੇਲ 'ਚ ਕੱਟੀ। ਇਸ ਦੌਰਾਨ ਉਸ ਦੀ ਮੁਲਾਕਾਤ ਰਾਜਸਥਾਨ ਦੇ ਗੰਗਾਨਗਰ ਦੇ ਕੁਝ ਸਮੱਗਲਰਾਂ ਨਾਲ ਹੋਈ। ਜੇਲ 'ਚ ਹੀ ਇਨ੍ਹਾਂ ਨੇ ਨਸ਼ਾ ਸਪਲਾਈ ਕਰਨ ਦੀ ਯੋਜਨਾ ਬਣਾਈ ਸੀ। ਸਜ਼ਾ ਪੂਰੀ ਕਰਨ ਤੋਂ ਬਾਅਦ ਜੇਲ ਤੋਂ ਛੁੱਟੇ ਬਲਜਿੰਦਰ ਸਿੰਘ ਨੇ ਫੋਨ 'ਤੇ ਸਮੱਗਲਰਾਂ ਨਾਲ ਸੰਪਰਕ ਕੀਤਾ ਅਤੇ ਚੂਰਾ ਪੋਸਤ ਮੰਗਵਾਇਆ। ਜਿਸ ਨੂੰ ਟਰੱਕ 'ਚ ਹੋਰ ਸਾਮਾਨ 'ਚ ਲੁਕੋ ਕੇ ਲੁਧਿਆਣਾ ਲਿਆਂਦਾ ਗਿਆ ਸੀ।

ਦੋਸ਼ੀ ਖਿਲਾਫ ਦਰਜ ਮਾਮਲੇ
ਜਸ਼ਨਦੀਪ ਨੇ ਦੱਸਿਆ ਕਿ ਦੋਸ਼ੀ ਖਿਲਾਫ ਲੁਧਿਆਣਾ 'ਚ ਨਸ਼ਾ ਸਮੱਗਲਿੰਗ ਦਾ ਇਕ, ਜਗਰਾਓਂ 'ਚ 2, ਬਠਿੰਡਾ 'ਚ ਇਕ ਅਤੇ ਪੰਜਾਬ ਗੁਡ ਕੰਡਕਟ ਦੀ ਧਾਰਾ ਤਹਿਤ ਇਕ ਮੋਗਾ ਅਤੇ ਅਤੇ ਇਕ ਹਠੂਰ 'ਚ ਕੇਸ ਦਰਜ ਹੈ। 10 ਸਤੰਬਰ 1989 ਨੂੰ ਪਹਿਲਾਂ ਜਗਰਾਓਂ ਪੁਲਸ ਨੇ ਉਸ ਨੂੰ 2 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ। ਦੂਜੀ ਵਾਰ ਲੁਧਿਆਣਾ 'ਚ 65 ਕਿਲੋ ਅਫੀਮ ਸਮੇਤ ਫੜਿਆ ਗਿਆ। ਇਸ ਤੋਂ ਬਾਅਦ ਜ਼ਮਾਨਤ 'ਤੇ ਛੁੱਟਣ ਤੋਂ ਬਾਅਦ 1995 'ਚ ਜਗਰਾਓਂ ਪੁਲਸ ਨੇ ਇਸ ਨੂੰ ਫਿਰ 20 ਕਿਲੋ ਅਫੀਮ ਸਮੇਤ ਫੜਿਆ। 2014 'ਚ ਇਸ ਦੇ ਖਿਲਾਫ ਮੋਗਾ 'ਚ ਪੰਜਾਬ ਗੁਡ ਕੰਡਕਟ ਦੇ ਤਹਿਤ ਪਰਚਾ ਹੋਇਆ। 2015 'ਚ ਇਸ ਨੂੰ ਬਠਿੰਡਾ ਪੁਲਸ ਨੇ 4.80 ਕੁਇੰਟਲ ਚੂਰਾ ਪੋਸਤ ਦੇ ਨਾਲ ਫੜਿਆ ਸੀ।


Karan Kumar

Content Editor

Related News