ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਸਿਕੰਦਰ ਸਿੰਘ ਮਲੂਕਾ ਘਰ 'ਚ ਨਜ਼ਰਬੰਦ

Sunday, Jul 06, 2025 - 11:33 AM (IST)

ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਸਿਕੰਦਰ ਸਿੰਘ ਮਲੂਕਾ ਘਰ 'ਚ ਨਜ਼ਰਬੰਦ

ਬਠਿੰਡਾ (ਵਿਜੈ ਵਰਮਾ,ਢਿੱਲੋਂ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅੱਜ ਵਿਜੀਲੈਂਸ ਰਿਮਾਂਡ ਮਿਆਦ ਖ਼ਤਮ ਹੋਣ 'ਤੇ ਅਦਾਲਤ 'ਚ ਪੇਸ਼ੀ ਹੈ। ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਅਕਾਲੀ ਆਗੂਆਂ ਵੱਲੋਂ ਸੰਭਵ ਵਿਰੋਧ ਕਾਰਜਵਾਹੀਆਂ ਤੋਂ ਬਚਣ ਲਈ ਕਰਵਾਈਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਸੰਦਰਭ 'ਚ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੂੰ ਸਵੇਰੇ ਹੀ ਪੁਲਸ ਵੱਲੋਂ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਧੀ ਦਰਜਨ ਤੋਂ ਵੱਧ ਪੁਲਸ ਦੀਆਂ ਗੱਡੀਆਂ ਪਿੰਡ ਮਲੂਕਾ ਪੁੱਜੀਆਂ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਵੱਲ ਜਾਣ ਤੋਂ ਰੋਕ ਦਿੱਤਾ ਗਿਆ। ਮਲੂਕਾ ਨੇ ਇਸ ਨੂੰ ਲੋਕਤੰਤਰ ਦੀ ਘੋਰ ਹਣਿਸ਼ੀ ਕਰਾਰ ਦਿੰਦਿਆਂ ਕਿਹਾ ਕਿ ਇਹ ਸਰਕਾਰ ਦੀ ਨੰਗੀ ਤਾਨਾਸ਼ਾਹੀ ਅਤੇ ਨਾਦਰਸ਼ਾਹੀ ਵਤੀਰਾ ਹੈ। ਸਾਨੂੰ ਸਾਡਾ ਲੋਕਤੰਤਰੀ ਹੱਕ ਵੀ ਨਹੀਂ ਦੇਣ ਦਿੱਤਾ ਜਾ ਰਿਹਾ।

ਦੱਸਣਯੋਗ ਹੈ ਕਿ ਮਜੀਠੀਆ ਦੀ ਪਿਛਲੀ ਅਦਾਲਤੀ ਪੇਸ਼ੀ ਮੌਕੇ ਵੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਮੇਤ ਕਈ ਸੀਨੀਅਰ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਜਾਂ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਪੁਲਸ ਨੂੰ ਖ਼ਦਸ਼ਾ ਹੈ ਕਿ ਮਲੂਕਾ, ਜੋ ਰਾਮਪੁਰਾ ਫੂਲ ਹਲਕੇ ਵਿੱਚ ਭਾਰੀ ਜਨਧਾਰ ਰੱਖਦੇ ਹਨ, ਵੱਡੀ ਗਿਣਤੀ ਵਿਚ ਸਮਰਥਕਾਂ ਨੂੰ ਇਕੱਠਾ ਕਰ ਕੇ ਚੰਡੀਗੜ੍ਹ ਰਵਾਨਾ ਹੋ ਸਕਦੇ ਹਨ। ਇਸੇ ਲਈ ਅੱਜ ਪਹਿਲਾਂ ਹੀ ਉਨ੍ਹਾਂ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ। ਇਸ ਘਟਨਾ ਨੇ ਇਕ ਵਾਰ ਫਿਰ ਪੰਜਾਬ ਦੀ ਸਿਆਸਤ ਵਿੱਚ ਤਣਾਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
 


author

Babita

Content Editor

Related News