‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪਲਾਸਟਿਕ ਦੇ ਲਿਫਾਫੇ ਵੇਚਣ ਵਾਲੇ ਦੁਕਾਨਦਾਰਾਂ ਦੇ ਕੱਟੇ ਚਲਾਨ

12/12/2018 4:11:40 AM

ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ)- ਡਿਪਟੀ ਕਮਿਸ਼ਨਰ ਐੱਮ. ਕੇ. ਅਰਵਿੰਦ ਕੁਮਾਰ ਦੀਆਂ ਹਦਾਇਤਾਂ ’ਤੇ ਬਿਪਨ ਕੁਮਾਰ ਕਾਰਜਸਾਧਕ ਅਫਸਰ, ਨਗਰ ਕੌਂਸਲ, ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪਲਾਸਟਿਕ ਦੇ ਲਿਫਾਫੇ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਕਾਰਵਾਈ ਕਰਨ ਲਈ ਸ਼ਹਿਰ ’ਚ ਚੈਕਿੰਗ ਕੀਤੀ ਗਈ। ਇਸ ਮਿਸ਼ਨ ਲਈ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਸੈਨੇਟਰੀ ਇੰਸਪੈਕਟਰ ਦਵਿੰਦਰ ਸਿੰਘ, ਸੈਨੇਟਰੀ ਇੰਸਪੈਕਟਰ ਪਰਮਜੀਤ ਸਿੰਘ, ਇੰਸਪੈਕਟਰ ਜਗਸੀਰ ਸਿੰਘ, ਜੇ. ਈ. ਵਿਜੇ ਕੁਮਾਰ ਦੀ ਟੀਮ ਵੱਲੋਂ ਘਾਹ ਮੰਡੀ ਚੌਕ ਵਿਚ ਥੋਕ ਵਿਕਰੇਤਾ ਸੰਨੀ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਮਕਾਨ ਨੰ. 4080, ਗਲੀ ਤੇਲੀਆਂ ਵਾਲੀ, ਸ੍ਰੀ ਮੁਕਤਸਰ ਸਾਹਿਬ (ਸੰਨੀ ਲਿਫਾਫਾ ਸਟੋਰ) ਦੀ ਦੁਕਾਨ ਅਤੇ ਘਰ ਵਿਚ ਬਣੇ ਸਟੋਰ ’ਚੋਂ 3 ਕੁਇੰਟਲ 5 ਕਿਲੋ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ ਜ਼ਬਤ ਕਰ ਕੇ ਚਲਾਨ ਕੀਤਾ ਗਿਆ।  ਜਾਣਕਾਰੀ ਦਿੰਦਿਆਂ ਸੈਨੇਟਰੀ ਇੰਸਪੈਕਟਰਾਂ ਨੇ ਦੱਸਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸ਼ਹਿਰ ਦੇ ਸਮੂਹ ਪਲਾਸਟਿਕ ਥੋਕ ਵਿਕਰੇਤਾਵਾਂ ਦੀ ਮੀਟਿੰਗ ਕੀਤੀ ਗਈ ਸੀ, ਜਿਸ ਵਿਚ ਦੁਕਾਨਦਾਰਾਂ ਨੂੰ ਇਹ ਪਾਬੰਦੀਸ਼ੁਦਾ ਲਿਫਾਫੇ 5 ਦਸੰਬਰ, 2018 ਤੱਕ ਵਾਪਸ ਕਰਨ ਦੀ ਹਦਾਇਤ ਕੀਤੀ ਗਈ ਸੀ। ਕੁਝ ਦੁਕਾਨਦਾਰਾਂ ਵੱਲੋਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਹ ਪਾਬੰਦੀਸ਼ੁਦਾ ਪਲਾਸਟਿਕ ਲਿਫਾਫੇ ਵਾਪਸ ਭੇਜ ਦਿੱਤੇ ਗਏ ਸਨ। ‘ਮੇਰਾ ਮੁਕਤਸਰ-ਮੇਰਾ ਮਾਣ’ ਮੁਹਿੰਮ ਨੂੰ ਹੁਲਾਰਾ ਦੇਣ ਲਈ ਅੱਜ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵੱਲੋਂ ‘ਪੋਲੀਥੀਨ ਹਟੇਗਾ, ਮੁਕਤਸਰ ਚਮਕੇਗਾ’ ਦਾ ਨਾਅਰਾ ਸਾਰਥਕ ਬਣਾਉਣ ਲਈ ਉਕਤ ਕਾਰਵਾਈ ਆਰੰਭੀ ਗਈ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਾਫ-ਸੁਥਰਾ ਮਾਹੌਲ ਦਿੱਤਾ ਜਾ ਸਕੇ। ਇਸ ਤੋਂ ਇਲਾਵਾ ਮਾਘੀ ਮੇਲੇ ਨੂੰ ਮੁੱਖ ਰੱਖਦਿਅਾਂ ਲੰਗਰ ਕਮੇਟੀਆਂ ਅਤੇ ਐੱਨ. ਜੀ. ਓਜ਼. ਨੂੰ ਅਪੀਲ ਕੀਤੀ ਗਈ ਕਿ ਮੇਲੇ ਦੌਰਾਨ ਥਰਮਾਕੋਲ ਦੀਆਂ ਬਣੀਆਂ ਪਲੇਟਾਂ ਅਤੇ ਡਿਸਪੋਜ਼ੇਬਲ ਦਾ ਸਾਮਾਨ ਨਾ ਵਰਤਿਆ ਜਾਵੇ ਤਾਂ ਜੋ ਸ਼ਹਿਰ ਦੀ ਦਿੱਖ ਸੁੰਦਰ ਲੱਗੇ। 


KamalJeet Singh

Content Editor

Related News