ਸ਼੍ਰੋਮਣੀ ਅਕਾਲੀ ਦਲ ਕਿਸਾਨਾਂ, ਮਜ਼ਦੂਰਾਂ ਤੇ ਮੱਧਵਰਗ ਦਾ ਹਮੇਸ਼ਾ ਹਮਾਇਤੀ ਰਿਹੈ : ਹਰਸਿਮਰਤ ਬਾਦਲ

05/28/2023 9:56:42 PM

ਮਾਨਸਾ (ਮਿੱਤਲ) : ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੀਤੀ ਆਯੋਗ ਦੀ ਮੀਟਿੰਗ ’ਚ ਸ਼ਾਮਿਲ ਨਹੀਂ ਹੋਏ, ਜਿਸ ਨਾਲ ਪੰਜਾਬ ਦਾ ਵਿੱਤੀ ਨੁਕਸਾਨ ਹੋਇਆ ਹੈ, ਜਿਸ ਕਾਰਨ ਲਿੰਕ ਸੜਕਾਂ, ਪੰਚਾਇਤਾਂ ਨੂੰ ਗ੍ਰਾਂਟਾਂ ਅਤੇ ਹੋਰ ਵੱਖ-ਵੱਖ ਵਿਕਾਸ ਕੰਮਾਂ ਲਈ ਅਰਬਾਂ ਰੁਪਏ ਪੰਜਾਬ ਨੂੰ ਮਿਲਣੇ ਸੀ। ਇਕ ਪਾਸੇ ਕੇਂਦਰ ਦਾ ਵਿਰੋਧ ਕਰ ਰਹੇ ਹਨ, ਦੂਜੇ ਪਾਸੇ ਕੇਂਦਰ ਤੋਂ ਜ਼ੈੱਡ ਪਲੱਸ ਸੁਰੱਖਿਆ ਲੈ ਰਹੇ ਹਨ। ਇਹ ਗੱਲ ਕਿੰਨੀ ਹਾਸੋ-ਹੀਣੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਜੋ ਹਨ, ਉਹ ਸਭ ਦੇ ਸਾਹਮਣੇ ਹਨ ਕਿਉਂਕਿ ਪੰਜਾਬ ਨੂੰ ਭਗਵੰਤ ਮਾਨ ਨਹੀਂ ਬਲਕਿ ਕੇਜਰੀਵਾਲ ਅਤੇ ਰਾਘਵ ਚੱਢਾ ਚਲਾ ਰਹੇ ਹਨ। ਭਗਵੰਤ ਮਾਨ ਕੇਜਰੀਵਾਲ ਅਤੇ ਰਾਘਵ ਚੱਢਾ ਸਾਹਮਣੇ ਇਕ ਕਟਪੁਤਲੀ ਬਣੇ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਦੀ ਅਜਿਹੀ ਹਾਸੋ-ਹੀਣੀ ਸਥਿਤੀ ਦੇਖ ਕੇ ਅਜੀਬ ਲੱਗਦਾ ਹੈ ਕਿ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਵੱਡੇ ਫ਼ਰਕ ਨਾਲ ਜਿਤਾਇਆ। ਉਹ ਮੁੱਖ ਮੰਤਰੀ ਕੇਂਦਰ ਅਤੇ ਆਪਣੇ ਆਕਾ ਦਾ ਹੱਥ-ਠੋਕਾ ਬਣਿਆ ਹੋਇਆ ਹੈ, ਜਿਸ ਵਿਚ ਖੁਦ ਫ਼ੈਸਲੇ ਲੈਣ ਦੀ ਕੋਈ ਹਿੰਮਤ ਨਹੀਂ।

ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਐਤਵਾਰ ਨੂੰ ਪਾਰਟੀ ਦਫ਼ਤਰ ਵਿਖੇ ਜ਼ਿਲ੍ਹਾ ਪਾਰਟੀ ਵਰਕਰਾਂ ਨਾਲ ਗੁਪਤ ਮੀਟਿੰਗ ਕਰਨ ਲਈ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ, ਲੋਕ ਪੱਖੀ ਨੀਤੀਆਂ ਅਤੇ ਲੋਕਾਂ ਦਾ ਫ਼ਿਕਰ ਕਰਨ ਵਾਲੀ ਸਰਕਾਰ ਨਹੀਂ ਹੈ। ਅੰਨਦਾਤੇ ਤੋਂ ਲੈ ਕੇ ਹਰ ਵਰਗ ਇਥੋਂ ਤੱਕ ਕਿ ਕੀਤੇ ਗਏ ਵਾਅਦੇ ਮੁਤਾਬਕ 1000 ਰੁਪਏ ਪ੍ਰਤੀ ਮਹੀਨਾ ਨਾ ਮਿਲਣ ਕਾਰਨ ਔਰਤਾਂ ਵੀ ਸਰਕਾਰ ਦੇ ਮੂੰਹ ਵੇਖ ਰਹੀਆਂ ਹਨ ਪਰ ਸਰਕਾਰ ਨੇ ਲੱਗਭਗ ਆਪਣਾ ਇਕ ਸਾਲ ਪੂਰਾ ਕਰ ਲਿਆ। ਇਸ ਉੱਤੇ ਆਪਣਾ ਮੂੰਹ ਨਹੀਂ ਖੋਲ੍ਹਿਆ।  ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ, ਮਜ਼ਦੂਰਾਂ ਅਤੇ ਮੱਧ ਵਰਗ ਦਾ ਹਮਾਇਤੀ ਹੈ।  ਉਨ੍ਹਾਂ ਨੇ ਕਿਸਾਨਾਂ ਨੂੰ ਵੀ ਹੱਸਦੇ-ਹੱਸਦੇ ਕਿਹਾ ਕਿ ਉਨ੍ਹਾਂ ਦੀ ਜਾਨ ਵੀ ਕਿਸਾਨਾਂ ਵਾਸਤੇ ਹਾਜ਼ਰ ਹੈ, ਜੋ ਕਿ ਕਿਸਾਨ ਪੰਜਾਬ ਦਾ ਧੁਰਾ ਹੈ ਅਤੇ ਇਸ ਨਾਲ ਹੀ ਦੇਸ਼ ਦੀ ਆਰਥਿਕਤਾ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਜੋ ਸਰਕਾਰਾਂ ਕਿਸਾਨੀ ਮੁੱਦਿਆਂ ਤੋਂ ਬੇਮੁੱਖ ਹੋ ਜਾਂਦੀਆਂ ਹਨ, ਉਨ੍ਹਾਂ ਦਾ ਦੌਰ ਬਹੁਤਾ ਸਮਾਂ ਨਹੀਂ ਚੱਲਦਾ।

ਉਨ੍ਹਾਂ ਨੇ ਇਸ ਤਰ੍ਹਾਂ ਹੀ ਪਾਰਟੀ ਵਰਕਰਾਂ ਨੂੰ ਤਕੜੇ ਹੋ ਕੇ ਕੰਮ ਕਰਨ ਲਈ ਕਿਹਾ। ਇਸ ਮੌਕੇ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ, ਸ਼੍ਰੋਮਣੀ ਅਕਾਲੀ ਦਲ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਸ਼੍ਰੋਮਣੀ ਅਕਾਲੀ ਦਲ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮਾਨਸਾ ਦਿਹਾਤੀ ਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ, ਹਲਕਾ ਬਠਿੰਡਾ ਦੇ ਆਬਜ਼ਰਵਰ ਅਤੇ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਜ਼ਿਲ੍ਹਾ ਮਾਨਸਾ ਦੇ ਸਾਬਕਾ ਪ੍ਰਧਾਨ ਹਨੀਸ਼ ਬਾਂਸਲ ਹਨੀ, ਯੂਥ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਗੁਰਦੀਪ ਸਿੰਘ ਟੋਡਰਪੁਰ, ਜਸਪਾਲ ਸਿੰਘ ਗੰਢੂ ਕਲਾਂ, ਰਮਨਦੀਪ ਸਿੰਘ ਗੁੜੱਦੀ, ਜੁਗਰਾਜ ਸਿੰਘ ਰਾਜੂ ਦਰਾਕਾ, ਜਤਿੰਦਰ ਸਿੰਘ ਸੋਢੀ ਸਰਦੂਲਗੜ੍ਹ, ਠੇਕੇਦਾਰ ਗੁਰਪਾਲ ਸਿੰਘ, ਸ਼ਾਮ ਲਾਲ ਧਲੇਵਾਂ, ਜਸਵੀਰ ਸਿੰਘ ਜੱਸੀ ਬਾਬਾ, ਕਰਮਜੀਤ ਮਾਘੀ, ਗੁਰਦਿਆਲ ਸਿੰਘ ਅਚਾਨਕ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Manoj

Content Editor

Related News