ਸ਼ੈਲਰ ਇੰਡਸਟਰੀ ਨੂੰ ਬਚਾਉਣ ਲਈ ਪਟਿਆਲਾ ''ਚ ਇਕੱਠੇ ਹੋਣਗੇ ਦੇਸ਼ ਭਰ ਦੇ ਰਾਈਸ ਮਿੱਲਰ
Friday, Feb 22, 2019 - 10:01 AM (IST)
ਪਟਿਆਲਾ (ਰਾਜੇਸ਼, ਬਲਜਿੰਦਰ)—ਦੇਸ਼ ਦੇ ਪ੍ਰਮੁੱਖ ਧੰਦੇ ਖੇਤੀਬਾੜੀ ਨਾਲ ਜੁੜੀ ਸਭ ਤੋਂ ਵੱਡੀ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਆਲ ਇੰਡੀਆ ਰਾਈਸ ਮਿੱਲਰ ਐਸੋਸੀਏਸ਼ਨ ਵੱਲੋਂ ਪਟਿਆਲਾ ਵਿਖੇ ਮਹਾਕੁੰਭ ਦਾ ਆਯੋਜਨ 23 ਫਰਵਰੀ ਨੂੰ ਕੀਤਾ ਜਾ ਰਿਹਾ ਹੈ। ਇਸ ਦਾ ਉਦਘਾਟਨ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅਤੇ ਫੂਡ ਸਪਲਾਈ ਮੰਤਰੀ ਭਰਤ ਭੂਸ਼ਣ ਆਸ਼ੂ ਸਵੇਰੇ 10.30 ਵਜੇ ਕਰਨਗੇ।
ਜਾਣਕਾਰੀ ਦਿੰਦਿਆਂ ਆਲ ਇੰਡੀਆ ਰਾਈਸ ਮਿੱਲਰ ਐਸੋਸੀਏਸ਼ਨ ਅਤੇ ਪੰਜਾਬ ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਦੱਸਿਆ ਕਿ ਇਹ ਮਹਾਕੁੰਭ ਪਟਿਆਲਾ ਵਿਖੇ ਨਾਭਾ ਰੋਡ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਤਰਸੇਮ ਸੈਣੀ ਨੇ ਦੱÎਸਿਆ ਕਿ ਇਸ ਵਿਚ ਦੇਸ਼ ਦੇ 19 ਰਾਜਾਂ ਦੇ ਰਾਈਸ ਮਿੱਲਰ ਭਾਗ ਲੈ ਰਹੇ ਹਨ। ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਕਿ ਜਦੋਂ ਇੰਨੇ ਰਾਜਾਂ ਦੇ ਰਾਈਸ ਮਿੱਲਰ ਇਕ ਮੰਚ 'ਤੇ ਇਕੱਠੇ ਹੋਏ ਹੋਣ। ਉਨ੍ਹਾਂ ਦੱਸਿਆ ਕਿ ਸ਼ੈਲਰ ਇੰਡਸਟਰੀ ਦਾ ਲੰਬੇ ਸਮੇਂ ਤੋਂ ਸ਼ੋਸ਼ਣ ਹੋ ਰਿਹਾ ਹੈ। ਇੰਡਸਟਰੀ ਵਿਚ ਏਕਤਾ ਦੀ ਬਹੁਤ ਵੱਡੀ ਘਾਟ ਸੀ। ਇਸ ਨੂੰ ਪੂਰਾ ਕਰ ਕੇ ਇਹ ਮਹਾਨ ਸੰਮੇਲਨ ਕੀਤਾ ਜਾ ਰਿਹਾ ਹੈ ਤਾਂ ਕਿ ਮਿੱਲਿੰਗ ਦੇ ਰੇਟ ਜੋ ਪਿਛਲੇ 20 ਸਾਲਾਂ ਤੋਂ 10 ਰੁਪਏ ਕੁਇੰਟਲ ਹੀ ਦਿੱਤੇ ਜਾ ਰਹੇ ਹਨ, ਉਨ੍ਹਾਂ ਵਿਚ ਵਾਧਾ ਕਰਵਾਇਆ ਜਾ ਸਕੇ। ਲੇਬਰ, ਟਰਾਂਸਪੋਰਟੇਸ਼ਨ ਅਤੇ ਰਿਪੇਅਰ ਆਦਿ ਦੇ ਖਰਚਿਆਂ ਵਿਚ ਵੱਡੇ ਪੱਧਰ 'ਤੇ ਵਾਧਾ ਹੋਇਆ ਹੈ।
ਪ੍ਰਧਾਨ ਤਰਸੇਮ ਸੈਣੀ ਨੇ ਦੱਸਿਆ ਕਿ ਲਗਭਗ 25 ਸਾਲਾਂ ਤੋਂ ਝੋਨੇ ਤੋਂ ਚੌਲਾਂ ਦੀ ਯੀਲਡ ਦਾ ਮੁੜ ਕੋਈ ਸੂਬੇ ਵਾਰ ਟਰਾਇਲ ਸੈਂਟਰ ਫੂਡ ਟੈਕਨਾਲੋਜੀ ਰਿਸਰਚ ਇੰਸਟੀਚਿਊਟ (ਸੀ. ਐੈੱਫ. ਟੀ. ਆਰ. ਆਈ.) ਵੱਲੋਂ ਨਹੀਂ ਕੀਤਾ ਗਿਆ ਜਦਕਿ ਸਮੇਂ-ਸਮੇਂ 'ਤੇ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਹੋਰ ਸਬੰਧਤ ਵਿਭਾਗਾਂ ਵੱਲੋਂ ਨਵੀਆਂ-ਨਵੀਆਂ ਕਿਸਮਾਂ ਪੇਸ਼ ਕੀਤੀਆਂ ਗਈਆਂ ਹਨ। ਉਨ੍ਹਾਂ ਦੀ ਪੈਦਾਵਾਰ 63 ਤੋਂ 64 ਫੀਸਦੀ ਤੋਂ ਵੱਧ ਨਹੀਂ ਆਉਂਦੀ। ਇਸ ਲਈ ਹਰੇਕ ਸੂਬੇ ਦਾ ਮੁੜ ਟਰਾਇਲ ਸੈਂਟਰਲ ਫੂਡ ਟੈਕਨਾਲੋਜੀ ਖੋਜ ਸੰਸਥਾ ਵੱਲੋਂ 1993-94 ਦੀ ਤਰਜ਼ 'ਤੇ ਸ਼ੈਲਰਾਂ ਵਿਚ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।