ਬਠਿੰਡਾ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸੈਮੀਨਾਰ

Tuesday, Nov 25, 2025 - 09:41 PM (IST)

ਬਠਿੰਡਾ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸੈਮੀਨਾਰ

ਸਮਾਜਿਕ ਸੰਸਕ੍ਰਿਤਿਕ ਸੰਸਥਾ ਜਨ ਚੇਤਨਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ 'ਤੇ ਇਕ ਸੈਮੀਨਾਰ ਕਰਵਾਇਆ ਗਿਆ। ਬਠਿੰਡਾ ਵਿਖੇ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਕਰਵਾਏ ਗਏ ਇਸ ਸੈਮੀਨਾਰ ਵਿੱਚ ਬੁਲਾਰਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਦਰਸ਼ਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਇਸ ਕਾਰਜਕ੍ਰਮ ਦੇ ਮੁੱਖ ਬੁਲਾਰੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਸਰਕਾਰਜਵਾਹ ਸ੍ਰੀ ਦੱਤਾਤ੍ਰੇ ਹੋਸਬਾਲੇ ਨੇ ਇਸ ਮੌਕੇ 'ਤੇ ਬੋਲਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਸਿਰਫ਼ ਕੁਝ ਸਤਰਾਂ ਵਿੱਚ ਲਿਖਿਆ ਜਾਣ ਵਾਲਾ ਸਾਹਿਤ ਨਹੀਂ ਸਗੋਂ ਸਦੀਆਂ ਤੱਕ ਸਮਾਜ ਦਾ ਮਾਰਗ ਦਰਸ਼ਨ ਕਰਨ ਵਾਲੀ ਅਲੋਕਾਰੀ ਘਟਨਾ ਹੈ। ਗੁਰੂ ਜੀ ਨੇ ਉਸਤਤ, ਨਿੰਦਿਆ, ਲੋਭ ਤੇ ਮੋਹ ਰਹਿਤ ਜੀਵਨ ਜਿਓਣ ਦਾ ਸੰਦੇਸ਼ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਅਸਹਿਣਸ਼ੀਲਤਾ ਦੇ ਇਤਿਹਾਸ ਨੂੰ ਅਸੀਂ ਭੁੱਲ ਨਹੀਂ ਸਕਦੇ। ਧਾਰਮਿਕ ਸੁਤੰਤਰਤਾ 'ਤੇ ਹਮਲਾ ਕਰਨ ਵਾਲੀਆਂ ਸ਼ਕਤੀਆਂ ਨੇ ਦੁਨੀਆਂ ਨੂੰ ਭਾਰੀ ਚੁਣੌਤੀ ਦਿੱਤੀ ਹੈ। ਧਰਮ ਲਈ ਤਿਆਗ ਇਸ ਧਰਤੀ ਦੀ ਪਰੰਪਰਾ ਰਹੀ ਹੈ। ਆਪਣਾ ਵਿਚਾਰ ਦੂਜਿਆਂ 'ਤੇ ਥੋਪਣਾ ਭਾਰਤ ਦੀ ਪਰੰਪਰਾ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਰੇ ਕਿਹਾ ਸੀ ਕਿ ਉਸ ਨੇ ਹਿੰਦੁਸਤਾਨ ਨੂੰ ਡਰਾਇਆ। ਅੱਜ ਉਸੇ ਬਾਬਰ ਵੱਲੋਂ ਕਿਸੇ ਵੇਲ਼ੇ ਤੋੜੇ ਗਏ ਰਾਮ ਜਨਮਭੂਮੀ ਮੰਦਰ 'ਤੇ ਝੰਡਾ ਚਾੜ੍ਹਨ ਦਾ ਸ਼ਾਨਦਾਰ ਸਮਾਰੋਹ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਵੈ ਸੇਵਕ ਸੰਘ ਨੇ ਇਸ ਸਾਲ ਜਬਲਪੁਰ ਵਿੱਚ ਹੋਈ ਸਰਬ ਭਾਰਤੀ ਕਾਰਜਕਾਰੀ ਮੰਡਲ ਦੀ ਬੈਠਕ ਵਿੱਚ ਵੀ ਗੁਰੂ ਜੀ ਦੀ ਸ਼ਹਾਦਤ ਦੇ 350ਵੇਂ ਸਾਲ ਦੇ ਮੌਕੇ 'ਤੇ ਇਕ ਬਿਆਨ ਜਾਰੀ ਕੀਤਾ ਹੈ।

ਅਸਹਿਣਸ਼ੀਲਤਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸੇ ਅਸਹਿਣਸ਼ੀਲਤਾ ਕਾਰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ। ਭਾਰਤ ਭੂਮੀ ਦੇ ਹਰ ਸੰਤ ਨੇ ਕਿਹਾ ਕਿ ਕੇਵਲ ਬਾਹਰ ਦੀ ਵਿਭਿੰਨਤਾ ਨਾ ਵੇਖੋ। ਅੰਦਰਲੀ ਆਤਮਾ ਉਸੇ ਇੱਕ ਈਸ਼ਵਰ ਦਾ ਸੁੰਦਰ ਅੰਸ਼ ਹੈ। ਭਾਰਤ ਦੇ ਸਾਰੇ ਮਹਾਪੁਰਖਾਂ ਨੇ ਸਾਰੇ ਪੰਥਾਂ ਤੇ ਧਰਮ ਨੂੰ ਈਸ਼ਵਰ ਤੱਕ ਪਹੁੰਚਣ ਦੇ ਰਾਹ ਦੱਸੇ ਹਨ। ਉਨ੍ਹਾਂ ਇਸ ਮੌਕੇ 'ਤੇ ਭਾਈ ਸਤੀ ਦਾਸ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਵੀ ਨਮਨ ਕੀਤਾ।

PunjabKesari

ਇਸ ਮੌਕੇ ਸੰਤ ਬਾਬਾ ਜਸਵੀਰ ਸਿੰਘ ਜੀ (ਅੰਸ ਬੰਸ ਮਾਈ ਦੇਸਾਂ ਜੀ) ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਕਈ ਨਿਸ਼ਾਨੀਆਂ ਸਾਡੇ ਘਰ ਵਿੱਚ ਸੰਭਾਲ ਕੇ ਸੁਰੱਖਿਅਤ ਰੱਖੀਆਂ ਹੋਈਆਂ ਹਨ। ਇਨ੍ਹਾਂ ਨਿਸ਼ਾਨੀਆਂ ਦੇ ਕਈ ਥਾਵਾਂ ਤੇ ਸੰਗਤ ਨੂੰ ਦਰਸ਼ਨ ਵੀ ਕਰਵਾਏ ਗਏ ਹਨ। ਅਸੀਂ ਸਾਰੇ ਇੱਕੋ ਈਸ਼ਵਰ ਦੇ ਅੰਸ਼ ਹਾਂ – ਇਹੀ ਗੁਰੂ ਨਾਨਕ ਦਾ ਸੰਦੇਸ਼ ਹੈ। ਗੁਰੂ ਨਾਨਕ ਦਾ ਸੰਦੇਸ਼ ਇੱਕ ਦਾ ਹੈ, ਦੋ ਦਾ ਨਹੀਂ, ਭਾਵ ਸਾਰੀ ਦੁਨੀਆਂ ਵਿੱਚ ਏਕਤਾ ਨੂੰ ਸਾਹਮਣੇ ਲੈ ਕੇ ਆਉਣ ਦਾ ਹੈ। ਗੁਰੂ ਨਾਨਕ ਲਈ ਦੂਜਾ ਕੋਈ ਨਹੀਂ, ਸਾਰੇ ਆਪਣੇ ਹਨ, ਸਾਰੇ ਇੱਕ ਹਨ। ਯੁੱਧ-ਭੂਮੀ ਵਿੱਚ ਭਾਈ ਕਨ੍ਹੱਈਆ ਵੱਲੋਂ ਵੈਰੀ ਪੱਖ ਦੇ ਜ਼ਖ਼ਮੀ ਸਿਪਾਹੀਆਂ ਨੂੰ ਪਾਣੀ ਪਿਲਾਉਣਾ ਇਸੇ ਸਿਧਾਂਤ ਦਾ ਜੀਵਨ ਵਿੱਚ ਵਿਵਹਾਰਕ ਰੂਪ ਹੈ। ਗੁਰੂ ਨਾਨਕ ਜੀ ਦਾ ਸਿਧਾਂਤ ੧ ਦਾ ਹੈ। ਓਹਨਾ ੧ ਵਾਲੀ ਗੱਲ ਤੇ ਆਂਚ ਨਹੀਂ ਆਉਣ ਦਿੱਤੀ । ਸਾਰੇ ਭਾਰਤ ਦੇ ਲੋਕਾਂ ਨੂੰ ਨਾਲ ਲੈ ਕੇ ਖਾਲਸਾ ਪੰਥ ਦੀ ਸਿਰਜਣਾ ਹੋਈ। ਮਿਸਲਾਂ ਨੂੰ ਇਕੱਠਾ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਸਥਾਪਤ ਕੀਤਾ। ਈਸਟ ਇੰਡੀਆ ਕੰਪਨੀ ਦੇ ਦੰਦ ਖੱਟੇ ਕੀਤੇ। 1870 ਤੋਂ ਬਾਅਦ ਅੰਗਰੇਜ਼ਾਂ ਨੇ ਏਕਤਾ ਦੀ ਗੱਲ ਕਰਨ ਵਾਲਿਆਂ ਦੀ ਬਜਾਏ ਵੱਖਵਾਦ ਦੀ ਗੱਲ ਕਰਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ। ਪੂਰੀ ਦੁਨੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਦੀ ਲੋੜ ਹੈ। ਚਾਰ ਬ੍ਰਾਹਮਣ ਘਰਾਣੇ ਗੁਰੂ ਨਾਨਕ ਨਾਲ ਜੁੜੇ ਕਿਉਂਕਿ ਰੌਸ਼ਨ ਦਿਮਾਗ ਵਾਲੇ ਲੋਕ ਯੁਗਪੁਰਖਾਂ ਨਾਲ ਖੜਦੇ ਅਤੇ ਜੁੜਦੇ ਹਨ। ਭਾਰਤ ਦੇ ਦਰਸ਼ਨ ਵਿੱਚ ਵਿਸ਼ਵਗੁਰੂ ਅਤੇ ਰਾਹ ਦਸੇਰਾ ਬਣਨ ਵਾਲੀ ਚੇਤਨਾ ਹੈ, ਇੱਥੇ ਅਜਿਹੇ ਵਿਅਕਤੀਤਵ ਪੈਦਾ ਹੋਏ ਹਨ। ਗੁਰੂਆਂ ਲਈ ਬੇਗਾਨਾ ਕੋਈ ਨਹੀਂ। ਗੁਰੂਆਂ ਨੇ ਦੂਜਿਆਂ ਲਈ ਸ਼ਹਾਦਤ ਨਹੀਂ ਦਿੱਤੀ। ਪੂਰਾ ਭਾਰਤ ਤੇ ਸ੍ਰਿਸ਼ਟੀ ਗੁਰੂ ਨਾਨਕ ਦਾ ਘਰ ਹੈ। ਇੱਕ ਦਾ ਸੰਦੇਸ਼ ਦੇਣ ਵਾਲੇ ਮਹਾਂਪੁਰਖਾਂ ਦਾ ਪ੍ਰਚਾਰ ਸਾਨੂੰ ਕਰਨਾ ਚਾਹੀਦਾ ਹੈ | 

PunjabKesari

ਇਸ ਮੌਕੇ 'ਤੇ ਹਿਮਾਚਲ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਪਦਮ ਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ 'ਤੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਗੁਰੂ ਜੀ ਨੇ ਤੇਗ ਭਾਵ ਤਲਵਾਰ ਚਲਾ ਕੇ ਰਣ-ਖੇਤਰ ਵਿੱਚ ਆਪਣੀ ਨਿਪੁੰਨਤਾ ਵਿਖਾ ਕੇ ਤੇਗ ਬਹਾਦਰ ਨਾਮ ਹਾਸਲ ਕੀਤਾ, ਉੱਥੇ ਆਪਣੀ ਲੇਖਣੀ ਨਾਲ ਉੱਚ ਕੋਟੀ ਦੇ ਸਾਹਿਤ ਦੀ ਰਚਨਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 59 ਸ਼ਬਦ ਤੇ 57 ਸ਼ਲੋਕਾਂ ਦੇ ਰੂਪ ਵਿੱਚ ਸ਼ਾਮਲ ਉਨ੍ਹਾਂ ਦੀ ਬਾਣੀ ਅਧਿਆਤਮ, ਵੀਰਤਾ ਤੇ ਈਸ਼ਵਰ ਪ੍ਰਤੀ ਨਿਸ਼ਠਾ ਦਾ ਸੰਦੇਸ਼ ਦਿੰਦੀ ਹੈ। ਪੂਰਾ ਵਿਸ਼ਵ ਇਸ ਸ਼ਹਾਦਤ ਨੂੰ ਯਾਦ ਕਰ ਰਿਹਾ ਹੈ। ਏਸ਼ੀਆ ਦੇ ਦੇਸ਼ਾਂ ਵਿੱਚ ਧਰਮਾਂਤਰਣ ਦੀ ਲਹਿਰ ਨੂੰ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਰੋਕਿਆ। ਮਨੁੱਖੀ ਅਧਿਕਾਰਾਂ ਦਾ ਪਹਿਲਾ ਸਬਕ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਸਿੱਖਣਾ ਚਾਹੀਦਾ ਹੈ। ਮਨੁੱਖੀ ਅਧਿਕਾਰਾਂ ਨਾਲ ਸਬੰਧਤ ਹਰ ਕਿਤਾਬ ਵਿੱਚ ਗੁਰੂ ਜੀ ਦੀ ਸ਼ਹਾਦਤ ਦਾ ਜ਼ਿਕਰ ਆਉਂਦਾ ਹੈ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਯਾਦ ਕਰਨਾ ਭਾਵ ਭਾਰਤ ਤੇ ਏਸ਼ੀਆ ਦੇ 350 ਸਾਲਾਂ ਤੇ ਨਜ਼ਰ ਮਾਰਨੀ ਹੈ। ਸ਼ਹਾਦਤ ਲਈ ਦਿੱਲੀ ਜਾਂਦਿਆਂ 50 ਪਿੰਡਾਂ ਵਿੱਚ ਲੋਕਾਂ ਨੇ ਤੰਬਾਕੂ ਦੀ ਖੇਤੀ ਬੰਦ ਕਰ ਦਿੱਤੀ। ਜਿੱਥੇ-ਜਿੱਥੇ 150 ਥਾਵਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਗਏ, ਉੱਥੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹੀ ਜਾਂਦੀ ਹੈ। ਖਾਲਸਾ ਸਿਰਜਣਾ ਦੇ ਸਮੇਂ ਭਾਰਤ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਲੋਕ ਪੈਦਲ ਚੱਲ ਕੇ ਆਨੰਦਪੁਰ ਸਾਹਿਬ ਪਹੁੰਚੇ। ਮੁਗਲਾਂ ਦੁਆਰਾ ਉਹਨਾਂ 'ਤੇ  ਕਰਾਮਾਤ ਦਿਖਾਉਣ ਅਤੇ ਧਰਮ ਬਦਲਣ ਲਈ ਦਬਾਅ ਪਾਇਆ ਗਿਆ। ਉਨ੍ਹਾਂ ਸਾਹਮਣੇ ਭਾਈ ਸਤੀ ਦਾਸ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਯਾਤਨਾਵਾਂ ਦੇ ਕੇ ਸ਼ਹੀਦ ਕੀਤਾ ਗਿਆ, ਉਨ੍ਹਾਂ ਨੇ ਅਡੋਲ ਤੇ ਸ਼ਾਂਤ ਮਨ ਨਾਲ ਇਸ ਨੂੰ ਵੇਖਿਆ – ਇਸ ਤੋਂ ਵੱਡੀ ਕਰਾਮਾਤ ਕੀ ਹੋ ਸਕਦੀ ਹੈ। 

ਗੁਰੂ ਗ੍ਰੰਥ ਸਾਹਿਬ ਵਿੱਚ 40 ਤੋਂ ਵੱਧ ਭਾਸ਼ਾਵਾਂ ਦੇ ਸ਼ਬਦ ਹਨ। ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਬ੍ਰਜ ਭਾਸ਼ਾ ਵਿੱਚ ਹਨ। 59 ਸ਼ਬਦ ਤੇ 57 ਸ਼ਲੋਕ ਗੁਰੂ ਜੀ ਦੇ ਹਨ। ਇਸੇ ਕਾਰਨ ਬ੍ਰਜ ਬੋਲੀ ਬ੍ਰਜ ਭਾਸ਼ਾ ਬਣ ਗਈ। ਇਹ ਸਾਹਿਤ ਵਿੱਚ ਉਨ੍ਹਾਂ ਦਾ ਯੋਗਦਾਨ ਹੈ। ਡਾ. ਰਾਧਾਕ੍ਰਿਸ਼ਣਨ ਜੀ ਕਹਿੰਦੇ ਸਨ ਕਿ ਬ੍ਰਜ ਵਿੱਚ ਗੱਦ ਸਾਹਿਤ ਨਹੀਂ ਹੈ। ਪਰ ਬ੍ਰਜ ਭਾਸ਼ਾ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਹੁਕਮਨਾਮੇ ਹਨ। ਗੁਰੂ ਜੀ ਬਹੁਤ ਵੱਡੇ ਸੰਗੀਤਕਾਰ, ਸਸ਼ਤਰ ਤੇ ਸ਼ਾਸਤਰ ਦੇ ਧਨੀ ਸਨ। ਰਾਗ ਜੈਜੈਵੰਤੀ ਦਾ ਪ੍ਰਯੋਗ ਕਰਦੇ ਸਨ, ਪਖਾਵਜ ਬਹੁਤ ਵਧੀਆ ਵਜਾਉਂਦੇ ਸਨ। ਮਦਨ ਮੋਹਨ ਮਾਲਵੀਆ ਜੀ ਨੂੰ ਗੁਰੂ ਜੀ ਦੇ ਸਾਰੇ ਸ਼ਬਦ ਤੇ ਸ਼ਲੋਕ ਯਾਦ ਸਨ। ਉਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਮੌਕੇ ਇਸ ਬਾਣੀ ਦਾ ਉਚਾਰਨ ਵੀ ਕੀਤਾ ਸੀ।


author

Rakesh

Content Editor

Related News