ਫਤਿਹਗੜ੍ਹ ਸਾਹਿਬ 'ਚ ਔਰਤ ਨੇ ਦਿੱਤੀ ਕਰੋਨਾ ਨੂੰ ਮਾਤ, ਰਿਪੋਰਟ ਆਈ ਨੈਗੇਟਿਵ
Wednesday, Apr 22, 2020 - 01:57 AM (IST)
ਫਤਹਿਗੜ੍ਹ ਸਾਹਿਬ, (ਬਿਪਨ)— ਸਿਵਲ ਸਰਜਨ ਡਾ. ਐੱਨ. ਕੇ. ਅਗਰਵਾਲ ਨੇ ਦੱਸਿਆ ਕਿ ਔਰੰਗਾਬਾਦ ਤੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਆਈਆਂ 2 ਔਰਤਾਂ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਗਿਆਨ ਸਾਗਰ ਹਸਪਤਾਲ, ਬਨੂੜ ਵਿਖੇ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ 'ਚੋਂ ਇਕ ਔਰਤ ਦੇ ਕੋਰੋਨਾ ਸਬੰਧੀ ਦੋਵੇਂ ਟੈਸਟ ਨੈਗੇਟਿਵ ਆਉਣ 'ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਸ ਨੂੰ ਖਮਾਣੋਂ ਵਿਖੇ 15 ਦਿਨ ਲਈ ਇਕਾਂਤਵਾਸ 'ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਪਾਈ ਗਈ ਦੂਜੀ ਔਰਤ ਦੇ ਦੁਬਾਰਾ ਸੈਂਪਲ ਲੈ ਕੇ ਕੱਲ੍ਹ ਜਾਂਚ ਲਈ ਭੇਜੇ ਜਾਣਗੇ।
ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਟਾਕਰੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਤੇ ਘਰਾਂ 'ਚ ਰਹਿ ਕੇ ਹੀ ਕੋਰੋਨਾ ਖਿਲਾਫ ਜੰਗ 'ਚ ਸਰਕਾਰ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਅਤਿ ਜ਼ਰੂਰੀ ਕੰਮ ਹੋਣ 'ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਤੇ ਜਦੋਂ ਵੀ ਘਰੋਂ ਬਾਹਰ ਨਿਕਲਨਾ ਹੈ, ਉਦੋਂ ਮਾਸਕ ਦੀ ਵਰਤੋਂ ਕੀਤੀ ਜਾਣੀ ਯਕੀਨੀ ਬਣਾਈ ਜਾਵੇ।