SDM ਨੇ ਖੇਤਾਂ ''ਚ ਖੁਦ ਟਰੈਕਟਰ ਚਲਾ ਕੇ ਕਣਕ ਦੀ ਸਿੱਧੀ ਬਿਜਾਈ ਕਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਪ੍ਰੇਰਿਤ

Sunday, Nov 02, 2025 - 08:43 PM (IST)

SDM ਨੇ ਖੇਤਾਂ ''ਚ ਖੁਦ ਟਰੈਕਟਰ ਚਲਾ ਕੇ ਕਣਕ ਦੀ ਸਿੱਧੀ ਬਿਜਾਈ ਕਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਪ੍ਰੇਰਿਤ

ਭਵਾਨੀਗੜ੍ਹ, (ਵਿਕਾਸ ਮਿੱਤਲ)- ਬਲਾਕ ਭਵਾਨੀਗੜ੍ਹ ਦੇ ਵੱਖ-ਵੱਖ ਪਿੰਡਾਂ ਵਿਚ ਪਰਾਲੀ ਪ੍ਰਬੰਧਨ ਦਾ ਜਾਇਜ਼ਾ ਲੈਣ ਲਈ ਐੱਸ.ਡੀ.ਐੱਮ ਭਵਾਨੀਗੜ੍ਹ ਵੱਲੋਂ ਪਿੰਡਾਂ ਦਾ ਲਗਾਤਾਰ ਦੌਰਾ ਕੀਤਾ ਜਾ ਰਿਹਾ ਹੈ। ਜਿਸ ਤਹਿਤ ਅੱਜ ਵੀ ਪਿੰਡ ਨੂਰਪੁਰਾ ਵਿਚ ਕਿਸਾਨ ਲਖਵਿੰਦਰ ਸਿੰਘ ਦੇ ਖੇਤ ਵਿਚ ਐੱਸ.ਡੀ.ਐੱਮ. ਮਨਜੀਤ ਕੌਰ ਵੱਲੋਂ ਆਪ ਟਰੈਕਟਰ ਚਲਾ ਕੇ ਸੁਪਰ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਕੀਤੀ ਗਈ ਤਾਂ ਕਿ ਹੋਰਨਾਂ ਕਿਸਾਨਾਂ ਨੂੰ ਵੀ ਕਣਕ ਦੀ ਬਿਜਾਈ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। 

ਇਸ ਮੌਕੇ ਐੱਸ.ਡੀ.ਐੱਮ ਵੱਲੋਂ ਕਿਸਾਨਾਂ ਨੂੰ ਦੱਸਿਆ ਕਿ ਉਹ ਖੁਦ ਵੀ ਕਿਸਾਨ ਪਰਿਵਾਰ ਨਾਲ ਸਬੰਧ ਰਖਦੇ ਹਨ ਤੇ ਆਪਣੇ ਖੇਤ ਵਿਚ ਵੀ ਫ਼ਸਲ ਦੀ ਬਿਜਾਈ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਹੀ ਕਰਦੇ ਹਨ। ਇਸ ਦੌਰਾਨ ਕਿਸਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਝੋਨੇ ਦੀ ਕਟਾਈ ਐੱਸ.ਐੱਮ.ਐੱਸ ਵਾਲੀ ਮਸ਼ੀਨ ਨਾਲ ਕਰਵਾਉਂਦਾ ਹੈ ਤੇ ਪਿਛਲੇ 6 ਸਾਲਾਂ ਤੋਂ ਕਣਕ ਦੀ ਬਿਜਾਈ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਹੀ ਕਰਦਾ ਹੈ। ਉਸਨੇ ਦੱਸਿਆ ਕਿ ਉਸ ਵੱਲੋਂ ਖੇਤੀਬਾੜੀ ਵਿਭਾਗ ਤੋਂ ਸਬਸਿਡੀ ਤੇ ਸੁਪਰ ਸੀਡਰ ਖਰੀਦ ਕੀਤਾ ਗਿਆ ਸੀ। 

ਇਸ ਮੌਕੇ ਐੱਸ.ਡੀ.ਐੱਮ ਵੱਲੋਂ ਕਿਸਾਨ ਲਖਵਿੰਦਰ ਸਿੰਘ, ਹਰਪਾਲ ਸਿੰਘ, ਦਰਸ਼ਨ ਸਿੰਘ ਤੇ ਹਰਜਿੰਦਰ ਸਿੰਘ ਫੱਗੂਵਾਲਾ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਕਰਕੇ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਏ.ਡੀ.ਓ ਅਨਮੋਲਦੀਪ ਸਿੰਘ ਤੇ ਏ.ਡੀ.ਓ ਪਰਮਾ ਕੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਕਿਸਾਨਾਂ ਤੋਂ ਸੇਧ ਲੈ ਕੇ ਕਣਕ ਦੀ ਬਿਜਾਈ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੁਪਰ ਸੀਡਰ, ਸਮਾਰਟ ਸੀਡਰ, ਸਰਫ਼ੇਸ ਸੀਡਰ ਆਦਿ ਮਸ਼ੀਨਾਂ ਨਾਲ ਕੀਤੀ ਜਾਵੇ। ਇਸ ਮੌਕੇ ਮੌਜੂਦ ਕਿਸਾਨਾਂ ਨੇ ਐੱਸ.ਡੀ.ਐੱਮ. ਸਮੇਤ ਸਮੂਹ ਅਧਿਕਾਰੀਆਂ ਦਾ ਉਨ੍ਹਾਂ ਦੀ ਇਸ ਹੌਸਲਾ ਅਫਜ਼ਾਈ 'ਤੇ ਧੰਨਵਾਦ ਕੀਤਾ।


author

Rakesh

Content Editor

Related News