ਐਸ.ਡੀ.ਐਮ. ਨੇ ਕੋਵਿਡ-19 ਤੋਂ ਸੁਰੱਖਿਅਤ ਰੱਖਣ ਲਈ ਪ੍ਰਚਾਰ ਵੈਨਾਂ ਕੀਤੀਆ ਰਵਾਨਾ

06/18/2020 4:12:14 PM

ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ): ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਜਿਸਦੇ ਤਹਿਤ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਦਾ ਮੰਤਵ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣਾ ਹੈ ਅਤੇ ਇਹ ਮੁਹਿੰਮ ਲੋਕਾਂ ਦੀ ਸੁਰੱਖਿਆ ਵਜੋਂ ਲੋਕਾਂ ਲਈ ਹੈ। ਇਹ ਜਾਣਕਾਰੀ ਐੱਸ.ਡੀ ਐੱਮ. ਸੁਭਾਸ਼ ਖੱਟਕ ਨੇ ਵੀਰਵਾਰ ਨੂੰ ਸਥਾਨਕ ਤਹਿਸੀਲ ਕੰਪਲੈਕਸ 'ਚ ਵੈਨਾਂ ਨੂੰ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆ ਦਿੱਤੀ। ਇਸ ਤੋਂ ਪਹਿਲਾਂ ਐੱਸ.ਡੀ.ਐੱਮ. ਨੇ ਮਿਸ਼ਨ ਫ਼ਤਿਹ ਮੁਹਿੰਮ ਤਹਿਤ ਸ਼ਹਿਰੀ ਅਤੇ ਪੇਂਡੂ ਖੇਤਰਾਂ ਅੰਦਰ ਕੋਵਿਡ 19 ਦੀ ਸਾਵਧਾਨੀਆਂ ਬਾਰੇ ਹਲਕਾ ਵਾਸੀਆਂ ਨੂੰ ਜਾਗਰੂਕ ਕਰਨ ਲਈ 6 ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਐੱਸ.ਡੀ.ਐੱਮ. ਨੇ ਦੱਸਿਆ ਕਿ ਸਮੁੱਚੀ ਦੁਨੀਆ ਕੋਰੋਨਾ ਵਾਇਰਸ ਦੇ ਸੰਕਟ 'ਚ ਲੰਘ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਬਿਮਾਰੀ ਨਾਲ ਲੜਨ ਲਈ ਪਹਿਲ ਕਰਦਿਆਂ ਪਹਿਲਾ ਕਰਫਿਊ, ਬਾਅਦ 'ਚ ਲਾਕਡਾਊਨ ਲਗਾਇਆ ਗਿਆ ਅਤੇ ਵੱਡੀ ਸਫ਼ਲਤਾ ਮਿਲੀ। ਉਨ੍ਹਾਂ ਦੱਸਿਆ ਕਿ ਹੁਣ ਰਾਜ ਸਰਕਾਰ ਵਲੋਂ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਉਲੀਕੀ ਮੁਹਿੰਮ ਲੋਕਾਂ ਲਈ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੱਥ ਧੋਣ, ਮਾਸਕ ਪਾਉਣ, ਸਾਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਜੋ ਸਮੇਂ ਦੀ ਲੋੜ ਵੀ ਹੈ। ਐੱਸ.ਡੀ.ਐੱਮ. ਨੇ ਦੱਸਿਆ ਕਿ ਮਿਸ਼ਨ ਫਤਿਹ ਪੰਜਾਬੀਆਂ ਦੀ ਚੜਦੀਕਲਾਂ ਦਾ ਪ੍ਰਤੀਬਿੰਬ ਹੈ, ਜਿਸਤੇ ਲੋਕਾਂ ਨੂੰ ਪਹਿਰਾ ਦਿੰਦਿਆਂ ਆਪਣੇ ਆਲੇ-ਦੁਆਲੇ ਨੂੰ ਕਰੋਨਾ ਵਾਇਰਸ ਦੇ ਬਚਾਅ ਬਾਰੇ ਹੋਰ ਵਧੇਰੇ ਸੁਰੱਖਿਅਤ ਰੱਖਣ ਲਈ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੂਪ ਰੇਖਾ ਤਿਆਰ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਿਸ਼ਨ ਫਤਿਹ ਦੇ ਨਾਮ 'ਤੇ ਇਕ ਗੀਤ ਵੀ ਬੀਤੇ ਦਿਨੀ ਰਿਲੀਜ਼ ਕੀਤਾ ਸੀ, ਜਿਸ 'ਚ ਅਮਿਤਾਬ ਬਚਨ, ਮਿਲਖਾ ਸਿੰਘ, ਸੋਨੂੰ ਸੂਦ, ਗੁਰਦਾਸ ਮਾਨ ਅਤੇ ਹੋਰ ਸਖਸ਼ੀਅਤਾਂ ਇਨਾਂ ਸਾਵਧਾਨੀਆਂ ਦਾ ਪਾਲਣ ਕਰਨ ਦਾ ਸੁਨੇਹਾ ਦੇ ਰਹੀਆ ਹਨ। ਉਨਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਕੋਵਿਡ 19 ਦੇ ਬਚਾਅ ਬਾਰੇ ਪੰਜਾਬ ਸਰਕਾਰ ਵਲੋਂ ਪ੍ਰਕਾਸ਼ਿਤ ਕਰਵਾਇਆ ਲਿਖਤੀ ਸੰਦੇਸ਼ ਲੋਕਾਂ ਤੱਕ ਪਹੁੰਚਾਇਆ ਜਾਵੇਗਾ, ਤਾਂ ਜੋ ਵੱਧ  ਤੋਂ ਵੱਧ ਪ੍ਰਚਾਰ ਹੋ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਐਸ.ਪੀ. ਪਲਵਿੰਦਰ ਸਿੰਘ ਸੰਧੂ,ਤਹਿਸੀਲਦਾਰ ਡੀ.ਪੀ. ਪਾਂਡੇ, ਨਾਇਬ ਤਹਿਸੀਲਦਾਰ ਬਲਦੇਵ ਸਿੰਘ, ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ, ਸੁਪਰਡੈਂਟ ਪ੍ਰਦੀਪ ਗੱਖੜ,ਸੰਜੀਵ ਸੇਠੀ, ਸੈਨਟਰੀ ਇਨਸਪੈਕਟਰ ਜਗਦੀਪ ਅਰੋੜਾ,ਰੋਹਿਤ ਗਾਬਾ ਮੌਜੂਦ ਸੀ।


Shyna

Content Editor

Related News