ਪੰਜਾਬ ਵਾਸੀਆਂ ਲਈ ਖ਼ੁਸ਼ਖ਼ਬਰੀ, ਇਸ ਏਅਰਪੋਰਟ ਤੋਂ ਹਵਾਈ ਸੇਵਾ ਦੀ ਆਧਿਕਾਰਿਕ ਸ਼ੁਰੂਆਤ

Friday, May 15, 2026 - 12:20 PM (IST)

ਪੰਜਾਬ ਵਾਸੀਆਂ ਲਈ ਖ਼ੁਸ਼ਖ਼ਬਰੀ, ਇਸ ਏਅਰਪੋਰਟ ਤੋਂ ਹਵਾਈ ਸੇਵਾ ਦੀ ਆਧਿਕਾਰਿਕ ਸ਼ੁਰੂਆਤ

ਹਲਵਾਰਾ (ਲਾਡੀ, ਹਿਤੇਸ਼) : ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਹਲਵਾਰਾ ਹਵਾਈ ਅੱਡਾ ਸ਼ੁੱਕਰਵਾਰ ਸਵੇਰੇ ਉਸ ਵੇਲੇ ਇਤਿਹਾਸਕ ਪਲ ਦਾ ਗਵਾਹ ਬਣਿਆ ਜਦੋਂ ਏਅਰ ਇੰਡੀਆ ਦੀ ਪਹਿਲੀ ਵਪਾਰਕ ਉਡਾਣ ਏ.ਆਈ.-481 ਦਿੱਲੀ ਤੋਂ ਉੱਡ ਕੇ ਸਵੇਰੇ ਕਰੀਬ 7:05 ਵਜੇ ਹਲਵਾਰਾ ਸਿਵਲ ਟਰਮੀਨਲ 'ਤੇ ਉਤਰੀ। ਇਸ ਨਾਲ ਹੀ ਹਲਵਾਰਾ ਏਅਰਪੋਰਟ ਤੋਂ ਨਿਯਮਿਤ ਹਵਾਈ ਸੇਵਾ ਦੀ ਆਧਿਕਾਰਿਕ ਸ਼ੁਰੂਆਤ ਹੋ ਗਈ। ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਸਵੇਰੇ 5:55 ਵਜੇ ਰਵਾਨਾ ਹੋਈ ਇਹ ਉਡਾਣ ਏਅਰ ਬੱਸ ਏ-320 ਜਹਾਜ਼ ਰਾਹੀਂ ਚਲਾਈ ਗਈ, ਜਿਸ ਵਿਚ ਲਗਭਗ 160 ਯਾਤਰੀਆਂ ਦੇ ਸਫਰ ਕਰਨ ਦੀ ਸਮਰੱਥਾ ਹੈ। ਪਹਿਲੀ ਉਡਾਣ ਵਿਚ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਭਾਜਪਾ ਦੇ ਕਈ ਵੱਡੇ ਆਗੂ ਸਵਾਰ ਸਨ। ਉਨ੍ਹਾਂ ਦੇ ਨਾਲ ਹਾਲ ਹੀ ਵਿਚ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਉਦਯੋਗਪਤੀ ਰਜਿੰਦਰ ਗੁਪਤਾ ਵੀ ਮੌਜੂਦ ਰਹੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੇਂਦਰੀ ਜੇਲ੍ਹ ਪਟਿਆਲਾ 'ਚੋਂ ਤਿੰਨ ਖ਼ਤਰਨਾਕ ਕੈਦੀ ਫਰਾਰ

PunjabKesari

ਪਹਿਲੀ ਉਡਾਣ ਦੇ ਸਵਾਗਤ ਲਈ ਹਲਵਾਰਾ ਸਿਵਲ ਟਰਮੀਨਲ ਨੂੰ ਵਿਸ਼ੇਸ਼ ਢੰਗ ਨਾਲ ਸਜਾਇਆ ਗਿਆ ਸੀ। ਜਿਵੇਂ ਹੀ ਜਹਾਜ਼ ਰਨਵੇ ‘ਤੇ ਉਤਰਿਆ ਤਾਂ ਫਾਇਰ ਟੈਂਡਰਾਂ ਵੱਲੋਂ ਵਾਟਰ ਕੈਨਨ ਸਲਾਮੀ ਦੇ ਕੇ ਉਸਦਾ ਰਵਾਇਤੀ ਅੰਦਾਜ਼ ਵਿਚ ਸਵਾਗਤ ਕੀਤਾ ਗਿਆ। ਟਰਮੀਨਲ ‘ਤੇ ਮੌਜੂਦ ਅਧਿਕਾਰੀਆਂ, ਯਾਤਰੀਆਂ ਅਤੇ ਸਿਆਸੀ ਆਗੂਆਂ ਵਿਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਯਾਤਰੀਆਂ ਨੂੰ ਗੁਲਾਬ ਦੇ ਫੁੱਲ ਭੇਂਟ ਕਰਨ ਦੇ ਨਾਲ-ਨਾਲ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ। ਸਵੇਰ ਤੋਂ ਹੀ ਹਲਵਾਰਾ ਏਅਰਪੋਰਟ ਦੇ ਸਿਵਲ ਟਰਮੀਨਲ ‘ਤੇ ਚਹਿਲ-ਪਹਿਲ ਦਾ ਮਾਹੌਲ ਬਣਿਆ ਰਿਹਾ। ਸੁਰੱਖਿਆ ਦੇ ਵੀ ਕੜੇ ਪ੍ਰਬੰਧ ਕੀਤੇ ਗਏ ਸਨ ਅਤੇ ਏਅਰਪੋਰਟ ਅਧਿਕਾਰੀਆਂ ਵੱਲੋਂ ਹਰ ਪ੍ਰਬੰਧ ਦੀ ਨਿਗਰਾਨੀ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦੇ ਐਲਾਨ ਤੋਂ ਪਹਿਲਾਂ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ

ਇਸ ਨਵੀਂ ਹਵਾਈ ਸੇਵਾ ਨਾਲ ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਹੁਣ ਯਾਤਰੀ ਹਲਵਾਰਾ ਤੋਂ ਦਿੱਲੀ ਰਾਹੀਂ ਲੰਡਨ, ਪੈਰਿਸ, ਰੋਮ ਅਤੇ ਹੋਰ ਅੰਤਰਰਾਸ਼ਟਰੀ ਮੰਜ਼ਿਲਾਂ ਲਈ ਇੱਕੋ ਟਿਕਟ ‘ਤੇ ਆਸਾਨੀ ਨਾਲ ਯਾਤਰਾ ਕਰ ਸਕਣਗੇ। ਉਦਯੋਗਿਕ ਸ਼ਹਿਰ ਲੁਧਿਆਣਾ ਲਈ ਇਹ ਸੇਵਾ ਕਾਰੋਬਾਰ ਅਤੇ ਵਪਾਰ ਦੇ ਹਿਸਾਬ ਨਾਲ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹਲਵਾਰਾ ਸਿਵਲ ਟਰਮੀਨਲ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1 ਫਰਵਰੀ ਨੂੰ ਵਰਚੂਅਲ ਮਾਧਿਅਮ ਰਾਹੀਂ ਕੀਤਾ ਗਿਆ ਸੀ। ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਬਾਅਦ ਹਲਵਾਰਾ ਪੰਜਾਬ ਦਾ ਤੀਜਾ ਕੌਮਾਂਤਰੀ ਹਵਾਈ ਅੱਡਾ ਬਣ ਗਿਆ ਹੈ। ਫਿਲਹਾਲ ਏਅਰ ਇੰਡੀਆ ਵੱਲੋਂ ਇੱਥੋਂ ਦਿਨ ਵਿਚ ਦੋ ਉਡਾਣਾਂ ਚਲਾਈਆਂ ਜਾਣਗੀਆਂ, ਜੋ ਸਵੇਰੇ ਅਤੇ ਦੁਪਹਿਰ ਸਮੇਂ ਦਿੱਲੀ ਲਈ ਰਵਾਨਾ ਹੋਣਗੀਆਂ ਅਤੇ ਵਾਪਸੀ ਵੀ ਇਹੋ ਜਹਾਜ਼ ਕਰਨਗੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News