ਸਕੂਲ ਪ੍ਰਬੰਧਕ ਹਨ ਕਿਸੇ ਐੱਨ. ਆਰ. ਆਈ. ਦੀ ਨਜ਼ਰ-ਏ-ਇਨਾਇਤ ਦੇ ਇੰਤਜ਼ਾਰ ’ਚ
Thursday, Dec 20, 2018 - 01:45 AM (IST)

ਮੋਗਾ, (ਸੰਦੀਪ)- ਬੇਸ਼ੱਕ ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੀਆਂ ਹਦਾਇਤਾਂ ਤੇ ਸਹਿਯੋਗ ਸਦਕਾ ਸਰਕਾਰੀ ਸਕੂਲਾਂ ’ਚ ਦਾਖਲ ਹੋਣ ਵਾਲੇ ਬੱਚਿਆਂ ਨੂੰ ਮੁਫਤ ਪਡ਼੍ਹਾਈ, ਕਿਤਾਬਾਂ ਅਤੇ ਵਜ਼ੀਫੇ ਤੱਕ ਦੇਣ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਹੀ ਨਹੀਂ ਕਈ ਪੱਛਡ਼ੇ ਵਰਗ ਦੇ ਪਰਿਵਾਰਾਂ ਨਾਲ ਸਬੰਧਤ ਬੱਚਿਆਂ ਨੂੰ ਨਕਦ ਵਜ਼ੀਫੇ ਦੀ ਤੇ ਮਿੱਡ-ਡੇ ਮੀਲ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਪਰ ਜੇ ਕਈ ਪਿੰਡਾਂ ਵਿਚ ਸਥਿਤ ਸਰਕਾਰੀ ਸਕੂਲਾਂ ਦੀਆਂ ਖਸਤਾਹਾਲ ਇਮਾਰਤਾਂ ਵੱਲ ਨਜ਼ਰ ਮਾਰੀ ਜਾਵੇ ਤਾਂ ਇਨ੍ਹਾਂ ਇਮਾਰਤਾਂ ਦੀ ਮੁਰੰਮਤ ਲਈ ਕਿਸੇ ਤਰ੍ਹਾਂ ਦਾ ਕੋਈ ਸਰਕਾਰੀ ਫੰਡ ਰਿਲੀਜ਼ ਨਾ ਕਰਨਾ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ਨੂੰ ਦਿੱਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਨੂੰ ਬੇਅਰਥ ਸਾਬਿਤ ਕਰ ਰਿਹਾ ਹੈ। ਕਈ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਬਹੁਤ ਹੀ ਖਸਤਾਹਾਲ ਹੈ, ਜਿੱਥੇ ਪਡ਼੍ਹਨ ਵਾਲੇ ਵਿਦਿਆਰਥੀ ਅਾਪਣੀ ਕੀਮਤੀ ਜਾਨ ਖਤਰੇ ਵਿਚ ਪਾ ਕੇ ਇਨ੍ਹਾਂ ਸਰਕਾਰੀ ਸਹੂਲਤਾਂ ਦਾ ਲਾਭ ਲੈ ਕੇ ਸਿੱਖਿਆ ਹਾਸਲ ਕਰਨ ਲਈ ਪਹੁੰਚਦੇ ਹਨ। ਇਸੇ ਤਰ੍ਹਾਂ ਦੀ ਇਕ ਉਦਾਹਰਨ ਦੇ ਰਿਹਾ ਹੈ ਜ਼ਿਲੇ ਦੇ ਪਿੰਡ ਚੰਦ-ਨਵਾਂ ਦਾ ਸਰਕਾਰੀ ਪ੍ਰਾਇਮਰੀ ਸਕੂਲ, ਜਿੱਥੇ ਦੇ ਵਰਾਂਡੇ ਦੇ ਇਕ ਪਾਸੇ ਦੀ ਛੱਤ ਖਸਤਾਹਾਲ ਹੋਣ ਕਾਰਨ ਡਿੱਗ ਚੁੱਕੀ ਹੈ ਅਤੇ ਇਸ ਨਾਲ ਸਾਰੇ ਵਰਾਂਡੇ ਦੀ ਛੱਤ ਕਮਜ਼ੋਰ ਪੈ ਚੁੱਕੀ ਹੈ, ਜੋ ਕਿਸੇ ਸਮੇਂ ਵੀ ਡਿੱਗ ਸਕਦੀ ਹੈ ਅਤੇ ਇਸ ਨਾਲ ਕਿਸੇ ਸਮੇਂ ਵੀ ਕੋਈ ਵੱਡੀ ਮੰਦਭਾਗੀ ਘਟਨਾ ਵਾਪਰ ਸਕਦੀ ਹੈ। ਸਕੂਲ ਦੀਆਂ ਕਲਾਸਾਂ ਦੇ ਕਮਰੇ ਵੀ ਖਸਤਾਹਾਲ ਹਨ, ਜਿਨ੍ਹਾਂ ’ਚੋਂ ਕੁੱਝ ਦੀ ਮੁਰੰਮਤ ਇਕ ਐੱਨ. ਆਰ. ਆਈ. ਦੇ ਸਹਿਯੋਗ ਨਾਲ ਪਿਛਲੇ ਮਹੀਨਿਆਂ ਦੌਰਾਨ ਕਰਵਾਈ ਗਈ ਸੀ ਪਰ ਬਾਕੀ ਮੁਰੰਮਤ ਲਈ ਸਕੂਲ ਪ੍ਰਬੰਧਕ ਕਿਸੇ ਐੱਨ. ਆਰ. ਆਈ. ਦੀ ਨਜ਼ਰ-ਏ-ਇਨਾਇਤ ਦੇ ਇੰਤਜ਼ਾਰ ’ਚ ਹਨ।
ਕਈ ਵਾਰ ਗ੍ਰਾਮ ਪੰਚਾਇਤ ਦੇ ਧਿਆਨ ’ਚ ਲਿਆ ਚੁੱਕੇ ਹਾਂ ਮਾਮਲਾ : ਸਕੂਲ ਸਟਾਫ
ਸਕੂਲ ਦੇ ਮੁਖੀ ਹਰਿੰਦਰ ਸਿੰਘ ਬਰਾਡ਼ ਅਤੇ ਸਮੂਹ ਸਟਾਫ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਸਕੂਲ ਇਮਾਰਤ ਦੀ ਖਸਤਾਹਾਲ ਬਾਰੇ ਕਈ ਵਾਰ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਆਗੂਆਂ ਦੇ ਧਿਆਨ ਵਿਚ ਵੀ ਇਹ ਮਾਮਲਾ ਲਿਆਂਦਾ ਜਾ ਚੁੱਕਾ ਹੈ ਪਰ ਇਸ ਦਾ ਕੋਈ ਹੱਲ ਨਹੀਂ ਹੋ ਸਕਿਆ। ਇੱਥੇ ਦੱਸਣਯੋਗ ਹੈ ਕਿ ਪਿਛਲੇ ਕੁੱਝ ਮਹੀਨੇ ਪਹਿਲਾਂ ਹਲਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ ਦੇ ਸਪੁੱਤਰ ਐਡਵੋਕੇਟ ਰਾਜਪਾਲ ਸਿੰਘ ਵੱਲੋਂ ਵੀ ਪਿੰਡ ਦੇ ਦੌਰੇ ਦੌਰਾਨ ਸਕੂਲ ਦੀ ਖਸਤਾਹਾਲ ਇਮਾਰਤ ਬਾਰੇ ਐੱਮ. ਪੀ. ਕੋਟੇ ’ਚੋਂ ਫੰਡ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿਵਾਇਆ ਗਿਆ ਸੀ ਪਰ ਹੁਣ ਤੱਕ ਕੋਈ ਪ੍ਰਬੰਧ ਨਹੀਂ ਹੋ ਸਕਿਆ ਹੈ।
ਕਿਸੇ ਸਮੇਂ ਵੀ ਵਾਪਰ ਸਕਦੈ ਹਾਦਸਾ
ਸਕੂਲ ’ਚ ਜਿੱਥੇ ਛੋਟੇ ਬੱਚੇ ਪਡ਼੍ਹਾਈ ਕਰਦੇ ਹਨ, ਉੱਥੇ ਹੀ ਇਸ ਇਮਾਰਤ ਵਿਚ ਪ੍ਰੀ ਨਰਸਰੀ ਕਲਾਸ ਵੀ ਚਲਦੀ ਹੈ ਅਤੇ ਬਹੁਤ ਹੀ ਛੋਟੇ-ਛੋਟੇ ਬੱਚੇ ਪਡ਼੍ਹਨ ਆਉਂਦੇ ਹਨ। ਸਕੂਲ ਦੀ ਖਸਤਾਹਾਲ ਇਮਾਰਤ ਹੋਣ ਕਰ ਕੇ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ।
ਬੱਚਿਆਂ ਦਾ ਧਿਅਾਨ ਰੱਖਣ ਲਈ ਲਾਈ ਜਾਂਦੀ ਹੈ ਅਧਿਆਪਕਾਂ ਦੀ ਡਿਊਟੀ
ਸਕੂਲ ਮੁਖੀ ਹਰਿੰਦਰ ਸਿੰਘ ਬਰਾਡ਼ ਨੇ ਦੱਸਿਆ ਕਿ ਖਸਤਾਹਾਲ ਇਮਾਰਤ ਤੇ ਕਈ ਕਲਾਸਾਂ ਨੂੰ ਵੇਖਦੇ ਹੋਏ ਰੋਜ਼ਾਨਾ ਉਨ੍ਹਾਂ ਵੱਲੋਂ ਅੱਧੀ ਛੁੱਟੀ ’ਤੇ ਵਿਸ਼ੇਸ਼ ਤੌਰ ’ਤੇ ਅਧਿਆਪਕਾਂ ਦੀ ਡਿਊਟੀ ਲਾਈ ਜਾਂਦੀ ਹੈ ਤਾਂ ਕਿ ਕੋਈ ਵੀ ਛੋਟਾ ਬੱਚਾ ਇਧਰ ਨਾ ਜਾ ਸਕੇ।