ਪੇਸ਼ੀ 'ਤੇ ਆਏ ਦੋ-ਪੱਖ ਅਦਾਲਤ ਦੇ ਬਾਹਰ ਭਿੜੇ, 7 ਵਿਅਕਤੀ ਗ੍ਰਿਫਤਾਰ

08/16/2019 4:45:31 PM

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ ਮਾਨਯੋਗ ਅਦਾਲਤ ਦੇ ਬਾਹਰ ਆਪਸ ਵਿਚ ਭਿੜਨ ਵਾਲੇ ਦੋ ਪੱਖਾਂ ਵਿਰੁੱਧ ਥਾਣਾ ਸਿਟੀ ਸੰਗਰੂਰ ਵਿਚ ਕੇਸ ਦਰਜ ਕਰਕੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਖਵਿੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਸ਼ਾਹੀ ਸਮਾਧਾਂ ਸੰਗਰੂਰ ਨੇੜੇ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਰਾਜਵਿੰਦਰ ਸਿੰਘ ਵਾਸੀ ਕਾਂਝਲਾ, ਜਸਪ੍ਰੀਤ ਸਿੰਘ ਵਾਸੀ ਸ਼ੇਰੋਂ ਅਤੇ ਦੂਜੇ ਪੱਖ ਦੇ ਕੁਲਦੀਪ ਸਿੰਘ ਅਤੇ ਰਾਮਫਲ ਵਾਸੀ ਬੱਲਰਾਂ ਕਿਸੇ ਕੇਸ ਦੇ ਸਬੰਧ ਵਿਚ ਅੱਜ ਮਾਨਯੋਗ ਅਦਾਲਤ ਵਿਚ ਪੇਸ਼ੀ 'ਤੇ ਆਏ ਹੋਏ ਸਨ, ਜਿਥੇ ਉਕਤ ਦੋਵੇਂ ਪੱਖਾਂ ਵਿਚਕਾਰ ਪਹਿਲਾਂ ਮਾਨਯੋਗ ਅਦਾਲਤ ਵਿਚ ਤੂੰ ਤੂੰ, ਮੈਂ ਮੈਂ ਅਤੇ ਕੁੱਟਮਾਰ ਹੋਈ ਅਤੇ ਹੁਣ ਕੁਲਦੀਪ ਸਿੰਘ ਆਪਣੇ ਭਾਈ ਰਾਮਫਲ ਅਤੇ ਸਾਥੀਆਂ ਜਸਪ੍ਰੀਤ ਸਿੰਘ, ਸੰਦੀਪ ਸ਼ਰਮਾ, ਰਵਿੰਦਰ ਸਿੰਘ ਅਤੇ 4/5 ਅਣਪਛਾਤੇ ਵਿਅਕਤੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਮਾਨਯੋਗ ਅਦਾਲਤ ਸੰਗਰੂਰ ਦੇ ਬਾਹਰ ਖੜ੍ਹੇ ਇਕ-ਦੂਜੇ ਨਾਲ ਭਿੜ ਰਹੇ ਹਨ। ਪੁਲਸ ਨੇ ਉਕਤ ਸੂਚਨਾ ਦੇ ਅਧਾਰ 'ਤੇ ਕਰਵਾਈ ਕਰਦਿਆਂ ਪਿਸਤੌਲ, 5 ਜਿੰਦਾ ਰੌਂਦ, ਦੋ ਤਲਵਾਰਾਂ, ਇਕ ਡਾਂਗ ਅਤੇ ਤਿੰਨ ਕਾਰਾਂ ਸਮੇਤ ਦੋਸ਼ੀਆਂ ਕੁਲਦੀਪ ਸਿੰਘ, ਰਾਮਫਲ ਸਿੰਘ,ਹਰਪ੍ਰੀਤ ਸਿੰਘ , ਰਾਜਵਿੰਦਰ ਸਿੰਘ , ਜਸਪ੍ਰੀਤ ਸਿੰਘ, ਸੰਦੀਪ ਸ਼ਰਮਾ,ਰਵਿੰਦਰ ਸਿੰਘ ਨੂੰ ਗਿਰਫਤਾਰ ਕਰ ਲਿਆ ਹੈ, ਜਦੋਂਕਿ 7/8 ਅਣਪਛਾਤੇ ਵਿਅਕਤੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।


cherry

Content Editor

Related News