ਆਂਗਣਵਾੜੀ ਵਰਕਰਾਂ ਵੱਲੋਂ 6 ਮਾਰਚ ਤੋਂ ਕੀਤੀ ਜਾਏਗੀ 'ਜੇਲ ਭਰੋ ਅੰਦੋਲਨ' ਦੀ ਸ਼ੁਰੂਆਤ

02/20/2020 5:03:22 PM

ਸੰਗਰੂਰ (ਬੇਦੀ) : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਜ਼ਿਲਾ ਸੰਗਰੂਰ ਵਿਖੇ ਜ਼ਿਲਾ ਪ੍ਰਧਾਨ ਗੁਰਮੇਲ ਕੌਰ ਬਿੰਜੋਕੀ ਅਤੇ ਜਨਰਲ ਸਕੱਤਰ ਸ਼ਿੰਦਰ ਕੌਰ ਬੜੀ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ 6 ਮਾਰਚ 2020 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੂਰੇ ਦੇਸ਼ ਵਿਚ ਜੇਲ ਭਰੋ ਅੰਦੋਲਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਸਬੰਧ ਵਿਚ ਅੱਜ ਪੰਜਾਬ ਦੇ ਸਮੂਹ ਜ਼ਿਲਾ ਡਿਪਟੀ ਕਮਿਸ਼ਨਰਾਂ ਨੂੰ ਖੂਨ ਦੀਆਂ ਸ਼ੀਸ਼ੀਆਂ ਨਾਲ ਜੇਲ ਭਰੋ ਅੰਦੋਲਨ ਸਬੰਧੀ ਨੋਟਿਸ ਅਤੇ ਮੰਗ-ਪੱਤਰ ਦਿੱਤੇ ਗਏ।

PunjabKesari

ਆਗੂਆਂ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਨਾਲ-ਨਾਲ ਆਈ. ਸੀ. ਡੀ. ਐੱਸ. ਸਕੀਮ ਨੂੰ ਵੀ ਅੱਖੋਂ-ਪਰੋਖੇ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 42 ਸਾਲਾਂ ਤੋਂ ਆਈ. ਸੀ. ਡੀ. ਐੱਸ. ਸਕੀਮ ਤਹਿਤ ਵੱਡਮੁਲੀਆਂ ਸੇਵਾਵਾਂ ਦੇਣ ਵਾਲੀਆਂ ਵਰਕਰਾਂ ਤੇ ਹੈਲਪਰਾਂ, ਜੋ ਗਰਭਕਾਲ ਤੋਂ ਲੈ ਕੇ 6 ਸਾਲ ਦੀ ਉਮਰ ਤੱਕ ਜੱਚਾ-ਬੱਚਾ ਦੀ ਸਿਹਤ ਸੰਭਾਲ ਦੇ ਵਿਕਾਸ ਲਈ ਕੰਮ ਕਰਦੀਆਂ ਹਨ, ਖੁਦ ਸਮਾਜਿਕ ਸੁਰੱਖਿਆ, ਮੈਡੀਕਲ ਸਹਾਇਤਾ ਅਤੇ ਗੁਜ਼ਾਰੇ ਯੋਗ ਵੇਤਨ ਤੋਂ ਵੀ ਵਾਂਝੀਆਂ ਹਨ। ਪੰਜਾਬ ਸਰਕਾਰ ਵੱਲੋਂ ਬਣਾਈ ਗਈ ਈ. ਸੀ. ਸੀ. ਈ. ਪਾਲਿਸੀ ਵਿਚ ਆਂਗਣਵਾੜੀ ਵਰਕਰਾਂ ਦਾ ਕਿਤੇ ਵੀ ਜ਼ਿਕਰ ਨਹੀਂ ਹੈ, ਜਿਸ ਕਾਰਨ ਸਰਕਾਰ ਦੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਰੁਜ਼ਗਾਰ ਖੋਹਣ 'ਤੇ ਖ਼ਦਸ਼ਾ ਪ੍ਰਗਟ ਹੁੰਦਾ ਹੈ।

ਇਸ ਨੂੰ ਲੈ ਕੇ ਪੰਜਾਬ ਦੀਆਂ 54000 ਵਰਕਰਾਂ, ਹੈਲਪਰਾਂ ਵਿਚ ਤਿੱਖਾ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਦਾ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘੱਟੋ-ਘੱਟ ਉਜਰਤ ਦੇਣ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ 9 ਸਾਲਾਂ ਦੇ ਲੰਬੇ ਸੰਘਰਸ਼ ਮਗਰੋਂ ਨਿਗੁਣੇ ਭੱਤੇ ਦੇ ਹੋਏ ਵਾਧੇ ਵਿਚ ਵੀ 60% ਸ਼ੇਅਰ ਸਟੇਟ ਵੱਲੋਂ ਇਨਕਾਰੀ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ 6 ਮਾਰਚ ਦਾ ਦਿਨ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੰਘਰਸ਼ਾਂ ਦਾ ਇਤਿਹਾਸਕ ਦਿਨ ਹੋਵੇਗਾ।

ਸਾਢੇ 3 ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਕੇਂਦਰਾਂ ਵਿਚ ਕਰਵਾਉਣਾ, ਮਿੰਨੀ ਆਂਗਣਵਾੜੀ ਕੇਂਦਰਾਂ ਨੂੰ ਪੂਰੇ ਕੇਂਦਰਾਂ ਦਾ ਦਰਜਾ ਦਿਵਾਉਣ ਲਈ, ਬੋਰਡ ਅਤੇ ਚਾਈਲਡ ਵੈੱਲਫੇਅਰ ਅਧੀਨ ਚੱਲ ਰਹੇ ਆਂਗਣਵਾੜੀ ਕੇਂਦਰਾਂ ਨੂੰ ਵਿਭਾਗ ਵਿਚ ਵਾਪਸ ਲੈਣ ਲਈ, ਆਂਗਣਵਾੜੀ ਕੇਂਦਰਾਂ ਵਿਚ ਦਿੱਤੇ ਜਾਂਦੇ ਭੋਜਨ ਦੀ ਗੁਣਵੱਤਾ ਵਧਾਉਣ ਲਈ ਆਦਿ ਮੰਗਾਂ ਨੂੰ ਲੈ ਕੇ 6 ਮਾਰਚ ਨੂੰ ਪੰਜਾਬ ਦੇ ਸਮੂਹ ਜ਼ਿਲਾ ਹੈਡਕੁਆਰਟਰਾਂ ਵਿਖੇ ਮੂੰਹ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਗ੍ਰਿਫ਼ਤਾਰੀਆਂ ਦਿੰਦੇ ਹੋਏ ਜੇਲ ਭਰੋ ਅੰਦੋਲਨ ਕੀਤਾ ਜਾਵੇਗਾ। ਇਸ ਮੌਕੇ ਬਲਵਿੰਦਰ ਕੌਰ ਲਹਿਰਾਗਾਗਾ, ਮਨਦੀਪ ਕੌਰ ਸੰਗਰੂਰ ਆਦਿ ਵੀ ਨੇ ਸੰਬੋਧਨ ਕੀਤਾ।


cherry

Content Editor

Related News