ਜਿਲ੍ਹਾ ਸੰਗਰੂਰ ਦੇ 4 ਹੋਰ ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ
Monday, Jun 15, 2020 - 09:30 PM (IST)
ਸੰਗਰੂਰ,(ਸਿੰਗਲਾ)-'ਮਿਸ਼ਨ ਫ਼ਤਿਹ' ਤਹਿਤ ਜ਼ਿਲ੍ਹਾ ਸੰਗਰੂਰ ਵਿਚ ਕੋਵਿਡ-19 ਨੂੰ ਮਾਤ ਦੇ ਕੇ ਘਰ ਪਰਤਣ ਵਾਲਿਆਂ ਵਿੱਚ 4 ਹੋਰ ਵਿਅਕਤੀਆਂ ਦਾ ਨਾਮ ਸ਼ਾਮਲ ਹੋ ਗਿਆ ਹੈ ਤੇ ਹੁਣ ਤੱਕ 114 ਵਿਅਕਤੀ ਸਿਹਤਮੰਦ ਹੋ ਚੁੱਕੇ ਹਨ। ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਦੱਸਿਆ ਕਿ ਮਲੇਰਕੋਟਲਾ ਨਾਲ ਸਬੰਧਤ 2 ਵਿਅਕਤੀ ਗਫੂਰਾਂ ਤੇ ਕਲਸੂਮ ਅਤੇ ਅਮਰਗੜ੍ਹ ਤੋਂ ਗੁਰਪ੍ਰੀਤ ਸਿੰਘ ਤੇ ਗੁਰਦੇਵ ਕੌਰ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਮੁੜ ਸਿਹਤਯਾਬ ਹੋਏ ਹਨ। ਇਨ੍ਹਾਂ ਨੂੰ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦੇ ਕੇ ਘਰ ਲਈ ਰਵਾਨਾ ਕਰ ਦਿੱਤਾ ਗਿਆ ਹੈ । ਡੀ. ਸੀ. ਨੇ ਦੱਸਿਆ ਕਿ 'ਮਿਸ਼ਨ ਫਤਿਹ' ਤਹਿਤ ਜਿਲ੍ਹੇ ਭਰ ਵਿੱਚ ਟੈਸਟਾਂ ਦੀ ਪ੍ਰਕਿਰਿਆ ਹੋਰ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੁਚੱਜੀਆਂ ਸਿਹਤ ਸੇਵਾਵਾਂ ਸਦਕਾ ਜ਼ਿਲ੍ਹੇ ਭਰ ਵਿੱਚ 114 ਵਿਅਕਤੀ ਕੋਵਿਡ-19 ਨੂੰ ਮਾਤ ਦੇ ਕੇ ਤੰਦਰੁਸਤ ਹੋਣ ਉਪਰੰਤ ਕੋਵਿਡ ਕੇਅਰ ਸੈਂਟਰ ਤੋਂ ਆਪੋ-ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ।
ਉਨ੍ਹਾਂ ਦੱਸਿਆ ਕਿ ਹੁਣ ਤੱਕ 9115 ਸ਼ੱਕੀ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਸਾਰਿਆਂ ਦੇ ਸੈਂਪਲ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਏ ਗਏ ਹਨ। ਇਨ੍ਹਾਂ ਟੈਸਟਾਂ ਦੇ ਨਤੀਜਿਆਂ ਵਿੱਚੋਂ 7825 ਵਿਅਕਤੀਆਂ ਦੇ ਨਤੀਜੇ ਨੈਗੇਟਿਵ ਪ੍ਰਾਪਤ ਹੋਏ ਹਨ, 164 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ 1126 ਵਿਅਕਤੀਆਂ ਦੀ ਰਿਪੋਰਟ ਦੇ ਨਤੀਜੇ ਆਉਣ ਦੀ ਉਡੀਕ ਹੈ। ਉਨ੍ਹਾਂ ਦੱਸਿਆ ਕਿ ਸੁਚੱਜੀਆਂ ਸਿਹਤ ਸੇਵਾਵਾਂ ਸਦਕਾ ਜ਼ਿਲ੍ਹੇ ਭਰ ਵਿੱਚ 114 ਵਿਅਕਤੀ ਕੋਵਿਡ-19 ਨੂੰ ਮਾਤ ਦੇ ਕੇ ਤੰਦਰੁਸਤ ਹੋਣ ਉਪਰੰਤ ਕੋਵਿਡ ਕੇਅਰ ਸੈਂਟਰ ਤੋਂ ਆਪੋ-ਆਪਣੇ ਘਰਾਂ ਨੂੰ ਪਰਤ ਚੁੱਕੇ ਹਨ । ਜ਼ਿਲ੍ਹੇ ਅੰਦਰ ਹੁਣ ਕੁੱਲ ਐਕਟਿਵ ਕੇਸਾਂ ਦੀ ਗਿਣਤੀ 47 ਹੈ ਅਤੇ 3 ਜਣਿਆਂ ਦੀ ਮੌਤ ਹੋ ਚੁੱਕੀ ਹੈ ।
ਡੀ. ਸੀ. ਨੇ ਕਿਹਾ ਕਿ ਅਜੇ ਵਾਇਰਸ ਦਾ ਪ੍ਰਭਾਵ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ, ਇਸ ਲਈ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ। ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਬਹੁਤ ਹੀ ਜ਼ਰੂਰੀ ਕੰਮ ਲਈ ਜੇਕਰ ਘਰੋਂ ਬਾਹਰ ਜਾਣਾ ਹੋਵੇ ਤਾਂ ਜਨਤਕ ਥਾਵਾਂ 'ਤੇ ਉਚਿਤ ਸਮਾਜਿਕ ਦੂਰੀ ਅਤੇ ਮੂੰਹ ਨੂੰ ਮਾਸਕ ਵਗੈਰਾ ਨਾਲ ਢੱਕਣ ਦੇ ਨਿਯਮ ਦੀ ਪਾਲਣਾ ਜ਼ਰੂਰ ਕੀਤੀ ਜਾਵੇ।