ਮਾਸੂਮ ਸ਼ਿਵਜੋਤ ਨੂੰ ਅਗਵਾ ਕਰਨ ਵਾਲੇ ਜੋੜੇ ਸਣੇ 3 ਨੂੰ ਹੋਈ ਜੇਲ

12/24/2019 5:26:27 PM

ਸੰਗਰੂਰ : ਸੰਗਰੂਰ ਜ਼ਿਲੇ ਦੇ ਘਰਾਚੋਂ ਪਿੰਡ ਤੋਂ ਤਿੰਨ ਮਹੀਨੇ ਦੇ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਕੋਰਟ ਨੇ ਮੁੱਖ ਦੋਸ਼ੀ ਨੂੰ 7 ਸਾਲ ਅਤੇ ਉਸ ਦੀ ਪਤਨੀ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਦੋਸ਼ੀਆਂ ਦੀ ਮਦਦ ਕਰਨ ਵਾਲੀ ਔਰਤ ਨੂੰ ਵੀ ਕੋਰਟ ਨੇ 3 ਸਾਲ ਦੀ ਸਜ਼ਾ ਸੁਣਾਈ ਹੈ। ਪਤਾ ਲੱਗਾ ਹੈ ਕਿ ਦੋਸ਼ੀ ਦੀ ਕਾਰ 'ਚੋਂ ਪੰਜਾਬ ਪੁਲਸ ਦੀ ਵਰਦੀ ਵੀ ਬਰਾਮਦ ਕੀਤੀ ਗਈ ਸੀ, ਜਿਸ 'ਤੇ ਮਨੀ ਖਾਨ ਦੀ ਨੇਮ ਪਲੇਟ ਲੱਗੀ ਸੀ। ਦੋਸ਼ੀ 'ਤੇ ਹਰਿਆਣਾ ਵਿਚ ਠੱਗੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ 18 ਮਾਮਲੇ ਦਰਜ ਹਨ। ਘਟਨਾ 10 ਅਕਤੂਬਰ 2018 ਦੀ ਹੈ। ਪੁਲਸ ਨੇ ਘਟਨਾ ਦੇ 6 ਦਿਨ ਬਾਅਦ ਹੀ ਅਗਵਾ ਬੱਚੇ ਨੂੰ ਬਰਾਮਦ ਕਰਕੇ ਪਰਿਵਾਰ ਹਵਾਲੇ ਕੀਤਾ ਸੀ।

ਦਰਅਸਲ ਪਿੰਡ ਘਰਾਚੋਂ ਦੇ ਅਜਾਇਬ ਸਿੰਘ ਨੇ ਭਵਾਨੀਗੜ੍ਹ ਥਾਣੇ ਵਿਚ ਸ਼ਿਕਾਇਤ ਦਿੱਤੀ ਸੀ ਕਿ ਉਹ 10 ਅਕਤੂਬਰ 2018 ਦੀ ਸਵੇਰੇ ਦਵਾਈ ਲੈ ਕੇ ਘਰ ਪਰਤ ਰਿਹਾ ਸੀ। ਰਸਤੇ ਵਿਚ ਇਕ 30 ਸਾਲ ਦਾ ਵਿਅਕਤੀ ਮਿਲਿਆ ਅਤੇ ਉਸ ਨੂੰ ਗੱਲਾਂ 'ਚ ਲਾ ਕੇ ਦੂਰ ਦੇ ਰਿਸ਼ਤੇਦਾਰ ਦੱਸਿਆ ਤੇ ਉਸ ਨਾਲ ਉਨ੍ਹਾਂ ਦੇ ਘਰ ਗਿਆ ਅਤੇ ਬਾਅਦ ਵਿਚ ਬੱਚੇ ਖਿਡਾਉਣ ਦੇ ਬਹਾਨੇ ਮੌਕਾ ਦੇਖ ਕੇ ਬੱਚੇ ਨੂੰ ਚੋਰੀ ਕਰਕੇ ਲੈ ਗਿਆ। ਪੁਲਸ ਨੇ ਅਜੈਬ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਭਵਾਨੀਗੜ੍ਹ 'ਚ ਮਾਮਲਾ ਦਰਜ ਕਰਕੇ ਛਾਣਬੀਨ ਸ਼ੁਰੂ ਕਰ ਦਿੱਤੀ ਸੀ। ਸੰਗਰੂਰ ਦੀ ਵਧੀਕ ਚੀਫ ਜੂਡੀਸ਼ੀਅਲ ਮੈਜਿਸਟਰੇਟ ਪ੍ਰਸ਼ਾਂਤ ਵਰਮਾ ਦੀ ਕੋਰਟ ਨੇ ਤਿੰਨਾਂ ਨੂੰ ਦੋਸ਼ੀ ਕਰਾਰ ਦਿੱਤਾ। ਅਜਿਹੇ ਵਿਚ ਕੁਲਦੀਪ ਸਿੰਘ ਨੂੰ 7 ਸਾਲ ਅਤੇ ਮਹਿਲਾ ਗੁਰਮੀਤ ਕੌਰ ਅਤੇ ਮਨਜੀਤ ਕੌਰ ਨੂੰ 3-3 ਸਾਲ ਦੀ ਕੈਦ ਸੁਣਾਈ ਹੈ।

ਪਤਨੀ ਦੇ ਬੱਚਾ ਨਾ ਹੋਣ 'ਤੇ ਸ਼ਿਵਜੋਤ ਨੂੰ ਕੀਤਾ ਅਗਵਾ
ਕੁਲਦੀਪ ਦਾ ਕਰੀਬ 6 ਸਾਲ ਪਹਿਲਾਂ ਗੁਰਮੀਤ ਕੌਰ ਨਿਵਾਸੀ ਸੁਨਾਮ ਨਾਲ ਵਿਆਹ ਹੋਇਆ ਸੀ ਪਰ ਦੋਵਾਂ ਦੇ ਕੋਈ ਬੱਚਾ ਨਹੀਂ ਹੋਇਆ ਸੀ। ਇਸ ਦੇ ਬਾਅਦ ਕੁਲਦੀਪ ਨੇ ਮਨਜੀਤ ਕੌਰ ਨਿਵਾਸੀ ਮਾਨਸਾ ਨੂੰ ਘਰ ਵਿਚ ਰੱਖ ਲਿਆ। ਉਸ ਨੂੰ ਵੀ ਕੋਈ ਬੱਚਾ ਨਹੀਂ ਹੋਇਆ । ਇਸ ਤੋਂ ਬਾਅਦ ਉਸ ਨੇ ਬੱਚਾ ਚੋਰੀ ਦੀ ਯੋਜਨਾ ਬਣਾਈ ਸੀ।

ਕਾਰ 'ਚੋਂ ਫੜੇ ਸਨ ਦੋਸ਼ੀ
ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਟੀਮਾਂ ਬਣਾ ਕੇ ਅਗਵਾ ਕੀਤੇ ਗਏ ਬੱਚੇ ਦੀ ਭਾਲ ਲਈ ਹਰਿਆਣਾ ਅਤੇ ਪੰਜਾਬ 'ਚ ਵੱਖ-ਵੱਖ ਥਾਂਵਾਂ 'ਤੇ ਭੇਜੀਆਂ ਗਈਆਂ। ਅਗਵਾਕਾਰ ਦਾ ਸਕੈਚ ਵੀ ਤਿਆਰ ਕਰਵਾਇਆ ਅਤੇ ਵਾਰਦਾਤ ਸਮੇਂ ਵਰਤੀ ਗਈ ਕਾਰ ਅਲਟੋ ਨੂੰ ਸੋਸ਼ਲ ਮੀਡੀਆ, ਅਖਬਾਰਾਂ ਅਤੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਪਬਲਿਸ਼ ਕੀਤਾ ਗਿਆ। ਗਰਗ ਨੇ ਦੱਸਿਆ ਕਿ ਸਰਚ ਆਪ੍ਰੇਸ਼ਨ ਦੌਰਾਨ ਗੁਪਤ ਇਤਲਾਹ ਮਿਲੀ ਕਿ ਇਕ ਸ਼ੱਕੀ ਕਾਰ ਜੋ ਲੱਡਾ ਬੇਨੜਾ, ਪੇਦਨੀ ਆਦਿ ਪਿੰਡਾਂ 'ਚ ਘੁੰਮਦੀ ਦੇਖੀ ਗਈ ਹੈ ਜਿਸ ਤੋਂ ਬਾਅਦ ਦੌਰਾਨੇ ਨਾਕਾਬੰਦੀ ਉਕਤ ਕਾਰ ਨੂੰ ਕਾਬੂ ਕਰਕੇ ਉਸ 'ਚੋਂ ਬੱਚਾ ਬਰਾਮਦ ਕਰ ਲਿਆ ਗਿਆ ਅਤੇ ਦੋਸ਼ੀ ਕੁਲਦੀਪ ਖਾਨ ਉਰਫ਼ ਮਨੀ , ਪਤਨੀ ਗੁਰਮੀਤ ਕੌਰ ਅਤੇ ਮਨਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ।


cherry

Content Editor

Related News