ਨਸ਼ੀਲੇ ਪਦਾਰਥਾਂ ਸਮੇਤ ਚਾਰ ਵਿਅਕਤੀ ਕਾਬੂ

03/11/2020 3:32:35 PM

ਸੰਗਰੂਰ (ਵਿਵੇਕ ਸਿੰਧਵਾਨੀ) : ਪੁਲਸ ਨੇ ਚਾਰ ਵੱਖ-ਵੱਖ ਕੇਸਾਂ 'ਚ 5 ਗ੍ਰਾਮ ਚਿੱਟਾ, 40 ਕਿਲੋ ਭੁੱਕੀ, 180 ਨਸ਼ੀਲੀਆਂ ਗੋਲੀਆਂ, 500 ਲੀਟਰ ਲਾਹਣ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦਕਿ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੁਨਾਮ ਦੇ ਪੁਲਸ ਅਧਿਕਾਰੀ ਕਰਮ ਸਿੰਘ ਨੇ ਦੱਸਿਆ ਕਿ ਐਂਟੀਨਾਰਕੋਟਿਕ ਸੈੱਲ ਸੰਗਰੂਰ ਦੇ ਪੁਲਸ ਅਧਿਕਾਰੀ ਗੁਰਭੇਜ ਸਿੰਘ ਜਦੋਂ ਗਸ਼ਤ ਦੌਰਾਨ ਸ਼ਹੀਦ ਭਗਤ ਸਿੰਘ ਚੌਕ ਸੁਨਾਮ ਮੌਜੂਦ ਸਨ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਕੁਲਵੀਰ ਸਿੰਘ ਉਰਫ ਪਾਲਾ ਵਾਸੀ ਸੁਨਾਮ ਚਿੱਟਾ ਵੇਚਣ ਦਾ ਆਦੀ ਹੈ। ਉਹ ਅੱਜ ਵੀ ਆਪਣੇ ਘਰੋਂ ਪੈਦਲ ਗਾਹਕਾਂ ਨੂੰ ਚਿੱਟਾ ਵੇਚਣ ਲਈ ਖੜਿਆਲ ਰੋਡ ਵੱਲ ਨੂੰ ਜਾਵੇਗਾ। ਇਸੇ ਸੂਚਨਾ ਦੇ ਆਧਾਰ 'ਤੇ ਨਾਕੇਬੰਦੀ ਕਰਕੇ ਉਸ ਨੂੰ 5 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ।

ਇਸੇ ਤਰ੍ਹਾਂ ਥਾਣਾ ਅਮਰਗੜ੍ਹ ਦੇ ਪੁਲਸ ਅਧਿਕਾਰੀ ਬਸ਼ੀਰ ਨੇ ਦੱਸਿਆ ਕਿ ਐਂਟੀਨਾਰਕੋਟਿਕ ਸੈੱਲ ਮਾਲੇਰਕੋਟਲਾ ਦੇ ਪੁਲਸ ਅਧਿਕਾਰੀ ਹਰਜੀਤ ਸਿੰਘ ਜਦੋਂ ਗਸ਼ਤ ਦੌਰਾਨ ਪੁਲ ਨਹਿਰ ਮਾਹੋਰਾਣਾ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਮੁਹੰਮਦ ਜਮੀਲ ਵਾਸੀ ਬਿੰਜੋਕੀ ਖੁਰਦ ਅਤੇ ਜੁਗਤ ਰਾਮ ਵਾਸੀ ਉਪਲ ਖੇੜੀ ਨਸ਼ੀਲੀਆਂ ਗੋਲੀਆਂ ਵੇਚਣ ਦਾ ਕੰਮ ਕਰਦੇ ਹਨ ਉਹ ਅੱਜ ਵੀ ਸਕੂਟਰੀ 'ਤੇ ਸਵਾਰ ਹੋ ਕੇ ਨਸ਼ੀਲੀਆਂ ਗੋਲੀਆਂ ਵੇਚਣ ਲਈ ਆ ਰਹੇ ਹਨ। ਸੂਚਨਾ ਦੇ ਆਧਾਰ 'ਤੇ ਨਾਕੇਬੰਦੀ ਕਰਕੇ ਇਨ੍ਹਾਂ ਕੋਲੋਂ 180 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਥਾਣਾ ਅਮਰਗੜ੍ਹ 'ਚ ਇਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ। ਇਕ ਹੋਰ ਮਾਮਲੇ 'ਚ ਥਾਣਾ ਅਮਰਗੜ੍ਹ ਦੇ ਪੁਲਸ ਅਧਿਕਾਰੀ ਮੇਜਰ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਬਹਾਦਰ ਸਿੰਘ ਵਾਲਾ ਦੇ ਪੁਲਸ ਅਧਿਕਾਰੀ ਕੁਲਵੰਤ ਸਿੰਘ ਜਦੋਂ ਪਿੰਡ ਬਾਗੜੀਆਂ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਬਲਜੀਤ ਸਿੰਘ ਵਾਸੀ ਬਾਗੜੀਆਂ ਭੁੱਕੀ ਪੋਸਤ ਵੇਚਣ ਦਾ ਕੰਮ ਕਰਦਾ ਹੈ ਤਾਂ ਦੋਸ਼ੀ ਬਾਗੜੀਆਂ ਦੇ ਖੇਤਾਂ ਵਿਚ ਦੋ ਥੈਲੇ ਪਲਾਸਟਿਕ ਦੇ ਰੱਖਕੇ ਬੈਠਾ ਦਿਖਾਈ ਦਿੱਤਾ। ਜੋ ਪੁਲਸ ਪਾਰਟੀ ਨੂੰ ਦੇਖਕੇ ਫਰਾਰ ਹੋ ਗਿਆ। ਥੈਲਿਆਂ 'ਚੋਂ 40 ਕਿਲੋ ਭੁੱਕੀ ਬਰਾਮਦ ਕੀਤੀ ਗਈ। ਦੋਸ਼ੀ ਵਿਰੁੱਧ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਨਾਲ ਥਾਣਾ ਲਹਿਰਾ ਦੇ ਪੁਲਸ ਅਧਿਕਾਰੀ ਰਮੇਸ਼ਵਰਦਾਸ ਨੇ ਦੱਸਿਆ ਕਿ ਗਸ਼ਤ ਦੌਰਾਨ ਜਦੋਂ ਪੁਲਸ ਪਾਰਟੀ ਰਾਮਗੜ੍ਹ ਸੰਧੂਆਂ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਜਸਪਾਲ ਸਿੰਘ ਵਾਸੀ ਸੇਖੂਵਾਸ ਆਪਣੇ ਖੇਤਾਂ 'ਚ ਮੋਟਰ ਵਾਲੇ ਕੋਠੇ 'ਚ ਨਾਜਾਇਜ ਸ਼ਰਾਬ ਕੱਢ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਉਸਦੇ ਕੋਠੇ 'ਤੇ ਰੇਡ ਕਰਕੇ 500 ਲੀਟਰ ਲਾਹਣ ਅਤੇ 20 ਬੋਤਲਾਂ ਨਾਜਾਇਜ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਦੋਸ਼ੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ।


Baljeet Kaur

Content Editor

Related News