ਵੱਖ-ਵੱਖ ਮਾਮਲਿਆਂ ''ਚ ਨਸ਼ੀਲੇ ਪਦਾਰਥਾਂ ਸਮੇਤ 4 ਗ੍ਰਿਫਤਾਰ

01/23/2020 5:27:16 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ 3 ਵੱਖ-ਵੱਖ ਮਾਮਲਿਆਂ ਵਿਚ 19 ਗ੍ਰਾਮ ਚਿੱਟਾ, 1700 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ 3 ਵਿਅਕਤੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਐਸ. ਟੀ. ਐਫ. ਸੰਗਰੂਰ ਦੇ ਪੁਲਸ ਅਧਿਕਾਰੀ ਚੈਕਿੰਗ ਦੌਰਾਨ ਜਦੋਂ ਸਹਾਰਾ ਕਲੱਬ ਖਨੌਰੀ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਬਿੱਕਰਮਜੀਤ ਸਿੰਘ ਉਰਫ ਵਿੱਕਾ ਅਤੇ ਕ੍ਰਿਸ਼ਨ ਸਿੰਘ ਉਰਫ ਕਾਲਾ ਵਾਸੀ ਸਮਾਣਾ ਹਰਿਆਣਾ ਦੇ ਪਿੰਡਾਂ ਵਿਚੋਂ ਨਸ਼ਾ ਖਰੀਦ ਕੇ ਪੰਜਾਬ ਦੇ ਪਿੰਡਾਂ ਵਿਚ ਸਪਲਾਈ ਕਰਦੇ ਹਨ, ਜੋ ਅੱਜ ਵੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਚਿੱਟਾ ਵੇਚਣ ਲਈ ਆਉਣਗੇ। ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਦੋਵਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਪੁਲਸ ਪਾਰਟੀ ਨੇ ਬਿੱਕਰਮਜੀਤ ਸਿੰਘ ਅਤੇ ਕ੍ਰਿਸ਼ਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਦੇ ਤੀਸਰੇ ਸਾਥੀ ਹਰਵਿੰਦਰ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ।

ਇਸੇ ਤਰ੍ਹਾਂ ਨਾਲ ਥਾਣਾ ਸਿਟੀ ਸੁਨਾਮ ਦੇ ਪੁਲਸ ਅਧਿਕਾਰੀ ਗੁਰਦੇਵ ਸਿੰਘ ਜਦੋਂ ਚੈਕਿੰਗ ਦੌਰਾਨ ਸ਼ਹੀਦ ਭਗਤ ਸਿੰਘ ਚੌਂਕ ਸੁਨਾਮ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਗੁਰਜੋਤ ਸ਼ਰਮਾ ਵਾਸੀ ਖਿਆਲ ਕਲਾਂ ਚਿੱਟਾ ਵੇਚਣ ਦਾ ਆਦੀ ਹੈ ਅਤੇ ਇਹ ਚਿੱਟਾ ਬਲਜਿੰਦਰ ਕੌਰ ਅਤੇ ਕੁਲਵੀਰ ਸਿੰਘ ਵਾਸੀਆਨ ਸੁਨਾਮ ਤੋਂ ਖਰੀਦਕੇ ਲਿਆਉਂਦਾ ਹੈ। ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਪੁਲਸ ਨੇ ਗੁਰਜੋਤ ਸ਼ਰਮਾ ਨੂੰ 9 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ, ਜਦੋਂ ਕਿ ਬਲਜਿੰਦਰ ਕੌਰ ਅਤੇ ਕੁਲਵੀਰ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ।

ਇਕ ਹੋਰ ਮਾਮਲੇ ਵਿਚ ਸੀ. ਆਈ. ਏ. ਸਟਾਫ ਬਹਾਦਰ ਸਿੰਘ ਵਾਲਾ ਦੇ ਪੁਲਸ ਅਧਿਕਾਰੀ ਸੁਰਿੰਦਰ ਸਿੰਘ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਵਿਸ਼ਾਲ ਮੈਗਾ ਮਾਰਟ ਸੰਗਰੂਰ ਮੌਜੂਦ ਸੀ ਤਾਂ ਨਾਲ ਲੱਗਦੀ ਗਲੀ ਵਿਚ ਇਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਦੇ ਸੱਜੇ ਹੱਥ ਵਿਚ ਲਿਫਾਫਾ ਫੜ੍ਹਿਆ ਹੋਇਆ ਸੀ। ਪੁਲਸ ਪਾਰਟੀ ਨੂੰ ਦੇਖ ਕੇ ਵਿਅਕਤੀ ਘਬਰਾ ਗਿਆ ਅਤੇ ਜਿਵੇਂ ਹੀ ਉਹ ਲਿਫਾਫਾ ਹੇਠਾਂ ਸੁੱਟ ਕੇ ਦੌੜਨ ਲੱਗਾ ਤਾਂ ਉਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਗਿਆ। ਲਿਫਾਫੇ ਦੀ ਤਲਾਸ਼ੀ ਲੈਣ 'ਤੇ 1700 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਗ੍ਰਿਫਤਾਰ ਵਿਅਕਤੀ ਦੀ ਪਛਾਣ ਵਿਕਾਸ ਵਾਸੀ ਸੰਗਰੂਰ ਦੇ ਤੌਰ 'ਤੇ ਹੋਈ ਹੈ।


cherry

Content Editor

Related News