ਪਰਾਲੀ ਨੂੰ ਅੱਗ ਲਾਉਣ ਵਾਲੇ 32 ਕਿਸਾਨਾਂ ''ਤੇ ਕੇਸ ਦਰਜ

11/08/2019 11:44:51 AM

ਸੰਗਤ ਮੰਡੀ,ਭਗਤਾ ਭਾਈ,ਭੀਖੀ (ਮਨਜੀਤ, ਪਰਵੀਨ, ਤਾਇਲ) : ਬੇਸ਼ੱਕ ਸੂਬਾ ਸਰਕਾਰ ਵਲੋਂ ਕਿਸਾਨ ਹਿਤੈਸ਼ੀ ਅਖਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਸੂਬੇ 'ਚ ਪਰਾਲੀ ਨੂੰ ਅੱਗ ਲਾਉਣ ਵਾਲੇ ਸੈਂਕੜੇ ਕਿਸਾਨਾਂ 'ਤੇ ਮਾਮਲੇ ਦਰਜ ਕੀਤੇ ਗਏ ਹਨ। ਪਿੰਡ 'ਚ ਕਿਸਾਨ ਹੁਣ ਪਰਾਲੀ ਨੂੰ ਅੱਗ ਲਾਉਣ ਤੋਂ ਝਿਜਕ ਰਹੇ ਹਨ ਪਰ ਪਰਾਲੀ ਦਾ ਕੋਈ ਢੁੱਕਵਾ ਹੱਲ ਨਾ ਹੋਣ ਕਾਰਣ ਉਨ੍ਹਾਂ ਨੂੰ ਅੱਗ ਲਾਉਣ ਤੋਂ ਸਿਵਾਏ ਕੋਈ ਦੂਸਰਾ ਰਾਹ ਨਹੀਂ ਦਿਸ ਰਿਹਾ। ਕਿਸਾਨ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕਰ ਰਹੇ ਹਨ। ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਵਲੋਂ ਵੀ ਇਹ ਐਲਾਨ ਕੀਤਾ ਗਿਆ ਹੈ ਕਿ ਜਿੰਨਾ ਸਮਾਂ ਕਿਸਾਨਾਂ ਨੂੰ ਪਰਾਲੀ 'ਤੇ ਸਬਸਿਡੀ ਨਹੀਂ ਦਿੱਤੀ ਜਾਂਦੀ ਓਨਾ ਸਮਾਂ ਹਰ ਹੀਲੇ ਪਰਾਲੀ ਨੂੰ ਅੱਗ ਲਾਈ ਜਾਵੇਗੀ। ਤੀਸਰੇ ਦਿਨ ਵੀ ਥਾਣਾ ਸੰਗਤ ਅਤੇ ਨੰਦਗੜ੍ਹ ਅਧੀਨ ਪੈਂਦੇ 9 ਪਿੰਡਾਂ ਦੇ 18 ਕਿਸਾਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਥਾਣਾ ਸੰਗਤ 'ਚ ਸਹਾਇਕ ਥਾਣੇਦਾਰ ਅੰਮ੍ਰਿਤਪਾਲ ਸਿੰਘ ਵੱਲੋਂ ਪਿੰਡ ਭਗਵਾਨਗੜ੍ਹ ਦੇ ਕਿਸਾਨ ਗੁਰਚਰਨ ਸਿੰਘ ਪੁੱਤਰ ਮਹਿੰਦਰ ਸਿੰਘ, ਗੁਰਲਾਭ ਸਿੰਘ ਅਤੇ ਜਗਸੀਰ ਸਿੰਘ ਪੁੱਤਰਾਨ ਮੋਹਿੰਦਰ ਸਿੰਘ ਵਿਰੁੱਧ ਪਰਾਲੀ ਨੂੰ ਅੱਗ ਲਾਉਣ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸਹਾਇਕ ਥਾਣੇਦਾਰ ਨਿਰਮਲਜੀਤ ਸਿੰਘ ਵਲੋਂ ਗੁਰੂਸਰ ਸੈਣੇਵਾਲਾ ਦੇ ਕਿਸਾਨ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਚਰਨ ਸਿੰਘ, ਅਮਰਜੀਤ ਕੌਰ ਪਤਨੀ ਸੰਦੀਪ ਸਿੰਘ, ਜਗਸੀਰ ਸਿੰਘ ਪੁੱਤਰ ਬੰਤ ਸਿੰਘ ਰਾਜਵੀਰ ਸਿੰਘ ਪੁੱਤਰ ਜਗਸੀਰ ਸਿੰਘ ਵਿਰੁੱਧ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਹੌਲਦਾਰ ਚਰਨਜੀਤ ਸਿੰਘ ਵੱਲੋਂ ਮੁਹਾਲਾ ਪਿੰਡ ਦੇ ਕਿਸਾਨ ਪਾਲਾ ਸਿੰਘ ਪੁੱਤਰ ਦਰਸ਼ਨ ਸਿੰਘ ਵਿਰੁੱਧ ਪਰਾਲੀ ਨੂੰ ਅੱਗ ਲਾਉਣ ਦੇ ਕਾਰਣ ਮਾਮਲਾ ਦਰਜ ਕੀਤਾ ਗਿਆ ਹੈ। ਜੱਸੀ ਬਾਗਵਾਲੀ ਚੌਂਕੀ ਦੇ ਇੰਚਾਰਜ ਐੱਸ. ਆਈ. ਬਲਵਿੰਦਰ ਸਿੰਘ ਢਿੱਲੋਂ ਵੱਲੋਂ ਪਿੰਡ ਕੁਟੀ ਕਿਸ਼ਨਪੁਰਾ ਦੇ ਕਿਸਾਨ ਸੁਖਪਾਲ ਸਿੰਘ ਪੁੱਤਰ ਮੱਘਰ ਸਿੰਘ 'ਤੇ ਜਸਪ੍ਰੀਤ ਕੌਰ ਪਤਨੀ ਗੁਰਪਾਲ ਸਿੰਘ ਵਾਸੀ ਰਾਮਸਰਾ ਵਿਰੁੱਧ ਵੀ ਝੋਨੇ ਦੀ ਪਰਾਲੀ ਨੂੰ ਅੱਗ ਹਵਾਲੇ ਕਰਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਥਾਣਾ ਨੰਦਗੜ੍ਹ ਦੀ ਪੁਲਸ ਦੇ ਸਹਾਇਕ ਥਾਣੇਦਾਰ ਤਰਲੋਕ ਚੰਦ ਵਲੋਂ ਪਿੰਡ ਬਾਜਕ ਦੇ ਕਿਸਾਨ ਮਹਿੰਦਰ ਸਿੰਘ ਪੁੱਤਰ ਪਾਖਰ ਸਿੰਘ 'ਤੇ ਗੁਰਦਾਸ ਕੌਰ ਪਤਨੀ ਗੁਰਸੇਵਕ ਸਿੰਘ 'ਤੇ ਪਿੰਡ ਰਾਏ ਕੇ ਕਲਾਂ ਦੇ ਕਿਸਾਨ ਪਵਨੀਤ ਸਿੰਘ ਪੁੱਤਰ ਜਗਸੀਰ ਸਿੰਘ, ਪਿੰਡ ਚੁੱਘੇ ਕਲਾਂ ਦੇ ਕਿਸਾਨ ਜਗਤਾਰ ਸਿੰਘ ਪੁੱਤਰ ਕਰਨੈਲ ਸਿੰਘ 'ਤੇ ਬਲਜੀਤ ਸਿੰਘ ਪੁੱਤਰ ਹਾਕਮ ਸਿੰਘ ਵਿਰੁੱਧ ਵੀ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਚੱਲਦਿਆਂ ਮਾਮਲਾ ਦਰਜ ਕੀਤਾ ਗਿਆ ਹੈ।

ਹੌਲਦਾਰ ਗੁਰਮੀਤ ਸਿੰਘ ਵੱਲੋਂ ਪਿੰਡ ਨੰਦਗੜ੍ਹ ਦੇ ਕਿਸਾਨ ਗਗਨਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐੱਸ. ਆਈ. ਭੱਲਾ ਸਿੰਘ 'ਤੇ ਸਹਾਇਕ ਥਾਣੇਦਾਰ ਤਰਲੋਕ ਚੰਦ ਵੱਲੋਂ ਪਿੰਡ ਝੁੰਬਾ ਦੇ ਦੋ ਕਿਸਾਨਾਂ ਗੁਰਚਰਨ ਸਿੰਘ ਪੁੱਤਰ ਸੁੰਦਰ ਸਿੰਘ 'ਤੇ ਮਿੱਠੂ ਸਿੰਘ ਪੁੱਤਰ ਕਰਤਾਰ ਸਿੰਘ ਵਿਰੁੱਧ ਵੀ ਪਰਾਲੀ ਨੂੰ ਅੱਗ ਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਸੇ ਤਰ੍ਹਾਂ ਥਾਣਾ ਦਿਆਲਪੁਰਾ ਦੀ ਪੁਲਸ ਨੇ ਪਰਾਲੀ ਨੂੰ ਅੱਗ ਲਗਾਉਣ ਬਦਲੇ 4 ਕਿਸਾਨਾਂ 'ਤੇ ਪਰਚਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਨਛੱਤਰ ਸਿੰਘ ਪੁੱਤਰ ਚੰਦ ਸਿੰਘ ਵਾਸੀ ਹਮੀਰਗੜ੍ਹ, ਬਾਬੂ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਗੁਰੂਸਰ, ਕਰਮਜੀਤ ਸਿੰਘ ਪੁੱਤਰ ਜਸਵੀਰ ਸਿੰਘ ਹਮੀਰਗੜ੍ਹ ਅਤੇ ਚਰਨਜੀਤ ਸਿੰਘ ਪੁੱਤਰ ਗੁਰਦੇਵ ਸਿੰਘ 'ਤੇ 188, ਸੈਕਸ਼ਨ 39 ਏਅਰ ਐਕਟ 1981 ਤਹਿਤ ਮੁਕੱਦਮਾ ਦਰਜ ਕੀਤਾ ਹੈ। ਥਾਣਾ ਮੁਖੀ ਰਜਿੰਦਰ ਕੁਮਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਅਣਦੇਖਿਆ ਨਾ ਕਰਨ ਅਤੇ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਨੂੰ ਸਟੋਰ ਕਰਨ ਨੂੰ ਤਰਜੀਹ ਦੇਣ।

ਉਥੇ ਹੀ ਭੀਖੀ ਪੁਲਸ ਨੇ ਪਰਾਲੀ ਨੂੰ ਸਾੜਨ ਦੇ ਮਾਮਲੇ ਵਿਚ ਨੋਡਲ ਅਧਿਕਾਰੀ ਦੀ ਸ਼ਿਕਾਇਤ 'ਤੇ 10 ਹੋਰ ਕਿਸਾਨਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਵਰਨਣਯੋਗ ਹੈ ਕਿ ਬੀਤੇ ਕੱਲ ਵੀ ਭੀਖੀ ਪੁਲਸ ਨੇ ਪਰਾਲੀ ਸਾੜਨ ਦੇ ਮਾਮਲੇ ਵਿਚ 10 ਕਿਸਾਨਾਂ 'ਤੇ ਕੇਸ ਦਰਜ ਕੀਤਾ ਸੀ। ਐੱਸ.ਐੱਚ.ਓ. ਭੀਖੀ ਗੁਰਲਾਲ ਸਿੰਘ ਨੇ ਦੱਸਿਆ ਕਿ ਨੋਡਲ ਅਧਿਕਾਰੀ ਜਰਮਨਜੋਤ ਸਿੰਘ ਦੀ ਸ਼ਿਕਾਇਤ 'ਤੇ ਗੁਰਸੇਵਕ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਧਲੇਵਾਂ, ਮਿੱਠੂ ਸਿੰਘ ਪੁੱਤਰ ਬੋਘਾ ਸਿੰਘ ਵਾਸੀ ਧਲੇਵਾਂ, ਜਗਦੇਵ ਸਿੰਘ ਪੁੱਤਰ ਬਚਨ ਸਿੰਘ ਵਾਸੀ ਹੀਰੋਂ ਕਲਾਂ, ਗੁਰਸੇਵਕ ਸਿੰਘ ਪੁੱਤਰ ਲਾਲ ਸਿੰਘ ਵਾਸੀ ਧਲੇਵਾਂ, ਦੇਸਾ ਸਿੰਘ ਪੁੱਤਰ ਜੰਗ ਸਿੰਘ ਵਾਸੀ ਧਲੇਵਾਂ, ਗੁਰਦੇਵ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਹੀਰੋਂ ਕਲਾਂ, ਹਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਹੀਰੋਂ ਕਲਾਂ, ਮਲਕੀਤ ਸਿੰਘ ਪੁੱਤਰ ਬਹਾਦਰ ਸਿੰਘ ਮੋਹਰ ਸਿੰਘ ਵਾਲਾ, ਗੁਰਦਿਆਲ ਸਿੰਘ ਪੁੱਤਰ ਬੇਅਤ ਸਿੰਘ ਵਾਸੀ ਧਲੇਵਾਂ ਅਤੇ ਅਮਰਜੀਤ ਸਿੰਘ ਪੁੱਤਰ ਬਘੇਰ ਸਿੰਘ ਵਾਸੀ ਧਲੇਵਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਸ਼ੌਕ ਨਾਲ ਨਹੀਂ ਅੱਗ ਲਾਉਂਦੇ ਬਲਕਿ ਉਸ ਦੀ ਮਜਬੂਰੀ ਹੈ। ਉਨ੍ਹਾਂ ਦੱਸਿਆ ਕਿ ਅੱਗ ਲਾਉਣ ਨਾਲ ਕਿਸਾਨ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ ਕਿਉਂਕਿ ਜ਼ਮੀਨ 'ਚੋਂ ਪੌਸ਼ਟਿਕ ਤੱਤ 'ਤੇ ਮਿੱਤਰ ਕੀੜੇ ਅੱਗ ਦੀ ਭੇਟ ਚੜ੍ਹ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦਾ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਕਾਰਣ ਝੰਬਿਆ ਪਿਆ ਹੈ ਉਪਰੋਂ ਇਸ ਵਾਰ ਝੋਨੇ ਦੇ ਘੱਟ ਝਾੜ ਕਾਰਣ ਕਰਜ਼ੇ ਦੀ ਪੰਡ ਹੌਲੀ ਹੋਣ ਦੀ ਬਜਾਏ ਭਾਰੀ ਹੋ ਗਈ।


cherry

Content Editor

Related News