ਲੁਟੇਰਿਆਂ ਵਲੋਂ ਔਰਤ ਨਾਲ ਕੁੱਟਮਾਰ ਕਰ ਖੋਹਿਆ ਪਰਸ ਤੇ ਮੋਬਾਇਲ

Saturday, Apr 20, 2019 - 09:47 PM (IST)

ਸੰਗਰੂਰ: ਸ਼ਹਿਰ 'ਚ ਤਿੰਨ ਲੁਟੇਰਿਆਂ ਵਲੋਂ ਇਕ ਔਰਤ ਦੀ ਕੁੱਟਮਾਰ ਕਰਕੇ ਉਸ ਦਾ ਪਰਸ ਤੇ ਮੋਬਾਇਲ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਜਾਣਕਾਰੀ ਮੁਤਾਬਕ ਜੋਤੀ ਪਤਨੀ ਰਾਹੁਲ ਵਾਸੀ ਉਪਲੀ ਜੋ ਕਿ ਅਦਾਰਾ 'ਪੰਜਾਬ ਕੇਸਰੀ ਦੇ ਸਬ ਆਫ਼ਿਸ ਸੰਗਰੂਰ' 'ਚ ਕੰਪਿਊਟਰ ਆਪਰੇਟਰ ਵਜੋਂ ਕੰਮ ਕਰਦੀ ਹੈ, ਦਫ਼ਤਰ ਤੋਂ ਆਪਣੀ ਡਿਊਟੀ ਖਤਮ ਕਰਕੇ ਆਪਣੇ ਘਰ ਵੱਲ ਨੂੰ ਜਾ ਰਹੀ ਸੀ। ਇਸ ਦੌਰਾਨ ਉੱਪਲੀ ਰੋਡ 'ਤੇ ਫਾਟਕ ਨੇੜੇ ਤੇ ਕਰੀਬ ਤਿੰਨ ਅਣਪਛਾਤੇ ਨੌਜਵਾਨਾਂ ਨੇ  ਉਸ 'ਤੇ ਹਮਲਾ ਬੋਲ ਦਿੱਤਾ ਤੇ ਖਿੱਚ ਧੂਹ ਦੌਰਾਨ ਜੋਤੀ ਦੀ ਬਾਂਹ ਟੁੱਟ ਗਈ ਤੇ ਗੰਭੀਰ ਜ਼ਖਮੀ ਹੋ ਗਈ। ਲੁਟੇਰੇ ਉਸ ਦਾ ਪਰਸ ਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਬਾਅਦ 'ਚ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚਲ ਰਿਹਾ ਹੈ। ਜੋਤੀ ਨੇ ਦੱਸਿਆ ਕਿ ਉਸ ਦੇ  ਮੋਬਾਇਲ 'ਚ ਤਕਰੀਬਨ 700 -800 ਰੁਪਏ ਸਨ ਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਜੋਤੀ ਦੀ ਬਾਂਹ ਕਾਫ਼ੀ ਬੂਰੀ ਤਰ੍ਹਾਂ ਫ੍ਰੈਕਚਰ ਹੋ ਗਈ ਹੈ, ਜਿਸ 'ਤੇ ਪਲਸਤਰ ਨਹੀਂ ਹੋ ਸਕਦਾ ਤੇ ਰਾੜ ਪਾਉਣੀ ਪਵੇਗੀ। 
ਪ੍ਰੈਸ ਕਲੱਬ ਸੰਗਰੂਰ ਦੇ ਪ੍ਰਧਾਨ ਕਿਰਤੀ ਪਾਲ ਸਿੰਘ ਨੇ ਕਿਹਾ ਕਿ ਚੋਰਾਂ ਦੇ ਹੌਂਸਲੇ ਬੁਲੰਦ ਹੋ ਗਏ ਹਨ । ਚੋਣਾਂ ਕਾਰਨ ਚੱਪੇ-ਚੱਪੇ 'ਤੇ ਪੁਲਸ ਲੱਗੀ ਹੋਈ ਹੈ ਪਰ ਫਿਰ ਵੀ ਇਸ ਦੇ ਬਾਵਜ਼ੂਦ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਸ਼ਰੇਆਮ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੋਣ ਜਾਬਤੇ ਕਾਰਨ ਹਥਿਆਰ ਜ਼ਬਤ ਹਨ ਪਰ ਇਸ ਦੇ ਬਾਵਜ਼ੂਦ ਕੁੱਝ ਦਿਨ ਪਹਿਲਾਂ ਗੋਲੀਵਾਰੀ ਦੀ ਘਟਨਾ ਵਾਪਰੀ ਜੋ ਪੁਲਸ ਦੀ ਕਾਰਗੁਜਾਰੀ 'ਤੇ ਸਵਾਲ ਖੜ੍ਹਾ ਕਰਦੀ ਹੈ।  
ਪ੍ਰੈਸ ਕਲੱਬ ਸੰਗਰੂਰ ਨੇ ਮੰਗ ਕੀਤੀ ਕਿ ਜੋਤੀ ਦਾ ਇਲਾਜ ਸਰਕਾਰੀ ਹਸਪਤਾਲ 'ਚੋਂ ਮੁਫ਼ਤ ਕਰਵਾਇਆ ਜਾਵੇ ਤੇ ਪੁਲਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਜਲਦ ਭਾਲ ਕਰੇ ਨਹੀਂ ਤਾਂ ਸੰਗਰੂਰ ਪ੍ਰੈਸ ਕਲੱਬ ਇਸ ਵਿਰੁੱਧ ਅਗਲੇਰੀ ਕਾਰਵਾਈ ਕਰੇਗਾ।  ਥਾਣਾ ਸਿਟੀ 1 ਦੇ ਐਸ. ਐਚ. ਓ. ਹਰਜਿੰਦਰ ਸਿੰਘ ਨੇ ਕਿਹਾ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ  ਤਿੰਨ-ਚਾਰ ਦਿਨ ਪਹਿਲਾਂ ਫੜ੍ਹੇ ਚੋਰਾਂ ਕੋਲਾਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਦੇ ਕੁੱਝ ਸਾਥੀ ਫਰਾਰ ਹਨ। ਉਨ੍ਹਾਂ ਦੱਸਿਆ ਕਿ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 


Related News