ਲੁਟੇਰਿਆਂ ਦੇ ਹੌਂਸਲੇ ਬੁਲੰਦ, ਸਵੇਰੇ ਦੁਕਾਨ ਖੁਲ੍ਹਦਿਆਂ ਬੋਲ ਦਿੱਤਾ ਧਾਵਾ
Wednesday, Apr 23, 2025 - 04:37 PM (IST)

ਫਿਰੋਜ਼ਪੁਰ (ਮਲਹੋਤਰਾ) : ਇਲਾਕੇ ਵਿਚ ਅਪਰਾਧਕ ਤੱਤਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਦਿਨ ਚੜ੍ਹਦੇ ਹੀ ਅਪਰਾਧਕ ਘਟਨਾਵਾਂ ਨੂੰ ਅੰਜਾਮ ਦੇਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਤਾਜ਼ਾ ਮਾਮਲਾ ਮੰਗਲਵਾਰ ਨੂੰ ਛਾਉਣੀ ਦੇ ਮੇਨ ਚੌਕ ਦਾ ਸਾਹਮਣੇ ਆਇਾ ਹੈ। ਕਸਤੂਰੀ ਲਾਲ ਵਾਸੀ ਖਲਾਸੀ ਲਾਈਨ ਨੇ ਪੁਲਸ ਨੂੰ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਤੜਕੇ 5 ਵਜੇ ਸੈਰ ਕਰਦੇ ਹੋਏ ਚੌਕ ਵਿਚ ਸਥਿਤ ਆਪਣੀ ਫੋਟੋਸਟੇਟ ਦੀ ਦੁਕਾਨ ਦੀ ਸਫਾਈ ਕਰਨ ਚਲਾ ਗਿਆ। ਜਦ ਉਹ ਸ਼ਟਰ ਖੋਲ੍ਹ ਕੇ ਉਪਰ ਦੇ ਕਮਰੇ ਦੀ ਸਫਾਈ ਕਰ ਰਿਹਾ ਸੀ ਤਾਂ ਐਕਟਿਵਾ 'ਤੇ ਆਏ ਤਿੰਨ ਅਣਪਛਾਤੇ ਲੁਟੇਰਿਆਂ ਵਿਚੋਂ ਇਕ ਦੁਕਾਨ ਦੇ ਅੰਦਰ ਆ ਗਿਆ ਅਤੇ ਗੱਲੇ ਨੂੰ ਖੋਲ੍ਹ ਕੇ ਕਰੀਬ 100-200 ਰੁਪਏ ਕੱਢ ਕੇ ਲੈ ਗਿਆ।
ਇਸ ਦੌਰਾਨ ਜਦੋਂ ਉਹ ਥੱਲੇ ਉਨ੍ਹਾਂ ਨੂੰ ਦੇਖਣ ਲਈ ਆਇਆ ਤਾਂ ਦੋ ਮੁੰਡੇ ਅੰਦਰ ਆ ਗਏ ਅਤੇ ਉਸ ਨੂੰ ਲੁੱਟਣ ਦੀ ਨੀਅਤ ਨਾਲ ਉਸਦੀਆਂ ਜੇਬਾਂ ਫਰੋਲਣ ਲੱਗੇ। ਜਦ ਉਨ੍ਹਾਂ ਨੂੰ ਕੁਝ ਨਾ ਮਿਲਿਆ ਤਾਂ ਦੋਸ਼ੀ ਉਸ ਨੂੰ ਕਾਪਾ ਮਾਰ ਕੇ ਜ਼ਖਮੀ ਕਰਕੇ ਫਰਾਰ ਹੋ ਗਏ। ਏ.ਐੱਸ.ਆਈ. ਜਗਜੀਤ ਸਿੰਘ ਅਨੁਸਾਰ ਸਾਰੀ ਘਟਨਾ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ ਅਤੇ ਉਸਦੇ ਆਧਾਰ 'ਤੇ ਦੋਸ਼ੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।