ਸਡ਼ਕ ਬਣਾਉਣ ਲਈ ਸੁੱਟੀ ਬਜਰੀ ਤੇ ਰੇਤ ਕਾਰਨ ਲੋਕ ਦੁਖੀ
Monday, Nov 05, 2018 - 03:57 AM (IST)

ਭੁੱਚੋ ਮੰਡੀ, (ਨਾਗਪਾਲ)- ਭੁੱਚੋ ਮੰਡੀ ਤੋਂ ਬਾਈਪਾਸ ਨੂੰ ਜਾਣ ਵਾਲੀ ਸਡ਼ਕ ਦੀ ਖਸਤਾ ਹਾਲਤ ਦੇ ਸੁਧਾਰ ਲਈ ਠੇਕੇਦਾਰ ਵਲੋਂ ਸਡ਼ਕ ’ਤੇ ਲਾਏ ਮਿੱਟੀ, ਬਜਰੀ ਦੇ ਢੇਰ ਆਮ ਲੋਕਾਂ ਲਈ ਮੁਸੀਬਤ ਬਣਦੇ ਜਾ ਰਹੇ ਹਨ ਅਤੇ ਵਾਹਨ ਲੰਘਣ ਸਮੇਂ ਉਡਦੀ ਧੂਡ਼ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ। ਠੇਕੇਦਾਰ ਵਲੋਂ ਅਜੇ ਤੱਕ ਕੰਮ ਸ਼ੁਰੂ ਨਾ ਕੀਤੇ ਜਾਣ ਦੇ ਖਿਲਾਫ ਇਸ ਰੋਡ ’ਤੇ ਸਥਿਤ ਦੁਕਾਨਦਾਰਾਂ ਨੇ ਵਿਭਾਗ ਖਿਲਾਫ ਨਾਅਰੇਬਾਜ਼ੀ ਕਰ ਕੇ ਅਪਣਾ ਰੋਸ ਜਤਾਇਆ ਹੈ। ਜਿਕਰਯੋਗ ਹੈ ਕਿ ਕਰੀਬ 10 ਦਿਨ ਪਹਿਲਾ ਲਈ ਫੁਆਰਾ ਚੌਕ ਤੋਂ 79 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ 600 ਮੀਟਰ ਕੰਕਰੀਟ ਸਡ਼ਕ ਦੀ ਸ਼ੁਰੂਆਤ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵਲੋਂ ਕਰਨ ਨਾਲ ਮੰਡੀ ਵਾਸੀਆਂ ਖਾਸ ਕਰਕੇ ਦੁਕਾਨਦਾਰਾਂ ’ਚ ਖੁਸ਼ੀ ਦੀ ਲਹਿਰ ਦੌਡ਼ ਗਈ ਸੀ। ਸਡ਼ਕ ਨੂੰ ਬਣਾਉਣ ਲਈ ਠੇਕੇਦਾਰ ਵਲੋਂ ਸਡ਼ਕ ’ਤੇ ਰੇਤ ਅਤੇ ਪੱਥਰ ਦੇ ਢੇਰ ਲਗਾ ਦੇਣ ਨਾਲ ਲੋਕਾਂ ਨੂੰ ਆਸ ਸੀ ਕਿ ਕੰਮ ਜਲਦੀ ਸ਼ੁਰੂ ਹੋ ਜਾਵੇਗਾ ਪਰ ਅਜੇ ਤੱਕ ਕੰਮ ਸ਼ੁਰੂ ਨਾ ਕੀਤੇ ਜਾਣ ਕਰ ਕੇ ਦੁਕਾਨਦਾਰਾਂ ’ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਡ਼ਕ ਬਣਾਉਣ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ ਤਾਂ ਕਿ ਇਲਾਕਾ ਵਾਸੀਆਂ ਨੂੰ ਦਰਪੇਸ਼ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ।